ਨਵੀ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ–ਕਸ਼ਮੀਰ ’ਚੋਂ ਧਾਰਾ–370 ਹਟਾਏ ਜਾਣ ਬਾਰੇ ਬੋਲਦਿਆਂ ਕਿਹਾ ਹੈ ਕਿ ਇਹ ਕੰਮ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਕਰ ਸਕਦੇ ਸਨ। ਦਾਦਰ ਤੇ ਨਗਰ ਹਵੇਲੀ ’ਚ ਸਿਹਤ ਤੇ ਕਲਿਆਣ ਕੇਂਦਰ ਦਾ ਉਦਘਾਟਨ ਕਰਨ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਸੰਸਦੀ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨੇ ਇਤਿਹਾਸਕ ਫ਼ੈਸਲਾ ਲਿਆ।
ਅਮਿਤ ਸ਼ਾਹ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਾਰਾ–370 ਅਤੇ 35–ਏ ਦੇਸ਼ ਦੇ ਏਕੀਕਰਣ ਵਿੱਚ ਰੁਕਾਵਟ ਸੀ। ਪ੍ਰਧਾਨ ਮੰਤਰੀ ਮੋਦੀ ਨੂੰ ਤੁਸੀਂ ਮੁੜ ਪ੍ਰਧਾਨ ਮੰਤਰੀ ਬਣਾਇਆ ਅਤੇ ਉਨ੍ਹਾਂ ਸੰਸਦ ਦੇ ਪਹਿਲੇ ਹੀ ਸੈਸ਼ਨ ’ਚ ਧਾਰਾ–370 ਨੂੰ ਖ਼ਤਮ ਕਰ ਦਿੱਤਾ। ਇਹ ਕੰਮ ਮੋਦੀ ਜੀ ਤੋਂ ਇਲਾਵਾ ਇਹ ਕੰਮ ਕੋਈ ਹੋਰ ਨਹੀਂ ਕਰ ਸਕਦਾ ਸੀ।
ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਨੇ ਕਿਹਾ ਕਿ ਧਾਰਾ 370 ਦੇ ਹਟਣ ਨਾਲ ਜੰਮੂ–ਕਸ਼ਮੀਰ ਵਿੱਚ ਵਿਕਾਸ ਦੇ ਰਾਹ ਖੁੱਲ੍ਹੇ ਹਨ। ਇਹ ਅੱਤਵਾਦ ਦੇ ਤਾਬੂਤ ’ਚ ਆਖ਼ਰੀ ਕਿੱਲ ਠੋਕੀ ਗਈ ਹੈ। ਜੰਮੂ–ਕਸ਼ਮੀਰ ਨੂੰ ਪੂਰੀ ਤਰ੍ਹਾਂ ਭਾਰਤ ਨਾਲ ਮਿਲਾਉਣ ਦਾ ਕੰਮ ਹੋਇਆ ਹੈ। ਸਭ ਲੋਕ ਇਸ ਫ਼ੈਸਲੇ ਨੂੰ ਲੈ ਕੇ ਸਰਕਾਰ ਦੇ ਨਾਲ ਹਨ ਪਰ ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਧਾਰਾ–370 ਹਟਾਉਣ ਦਾ ਵਿਰੋਧ ਕੀਤਾ। ਅੱਜ ਵੀ ਰਾਹੁਲ ਗਾਂਧੀ ਜੋ ਬਿਆਨ ਦਿੰਦੇ ਹਨ, ਉਸ ਦੀ ਪਾਕਿਸਤਾਨ ਵਿੱਚ ਤਾਰੀਫ਼ ਹੁੰਦੀ ਹੈ। ਉਨ੍ਹਾਂ ਦੇ ਬਿਆਨ ਨੂੰ ਪਾਕਿਸਤਾਨ ਆਪਣੀ ਪਟੀਸ਼ਨ ਵਿੱਚ ਸ਼ਾਮਲ ਕਰਦਾ ਹੈ। ਕਾਂਗਰਸੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਬਿਆਨ ਹੁਣ ਭਾਰਤ ਵਿਰੁੱਧ ਵਰਤੇ ਜਾ ਰਹੇ ਹਨ।