ਚੰਡੀਗੜ੍ਹ: ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦਾਖਾ, ਫ਼ਗਵਾੜਾ, ਜਲਾਲਾਬਾਦ ਤੇ ਮੁਕੇਰੀਆਂ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਫ਼ਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ, ਮੁਕੇਰੀਆਂ ਤੋਂ ਇੰਦੂ ਬਾਲਾ, ਦਾਖਾ ਤੋਂ ਸੰਦੀਪ ਸਿੰਘ ਸੰਧੂ, ਜਲਾਲਾਬਾਦ ਤੋਂ ਰਮਿੰਦਰ ਅਵਲਾ ਇਨ੍ਹਾਂ ਸੀਟਾਂ ਤੋਂ ਉਮੀਦਵਾਰ ਹੋਣਗੇ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਇਨ੍ਹਾਂ ਉਮੀਦਵਾਰਾਂ ਦੇ ਨਾਂਅ 'ਤੇ ਮੋਹਰ ਲਗਾ ਦਿੱਤੀ ਗਈ ਹੈ।
ਜ਼ਿਮਨੀ ਚੋਣਾਂ ਲਈ ਚੋਣ ਜ਼ਾਬਤਾ ਲਾਗੂ
ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਨਾਲ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜ਼ਿਮਨੀ ਚੋਣਾਂ ਲਈ ਨੋਟੀਫੀਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਹੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਮੁੱਖ ਚੋਣ ਅਫ਼ਸਰ ਐਸ ਕਰੁਣਾ ਰਾਜੂ ਦਾ ਕਹਿਣਾ ਹੈ ਕਿ 27 ਅਕਤੂਬਰ ਤੱਕ ਚੋਣ ਜ਼ਾਬਤਾ ਲਾਗੂ ਰਹੇਗਾ ਅਤੇ ਚਾਰ ਹਲਕਿਆਂ ਉੱਪਰ ਖ਼ਾਸ ਤੌਰ 'ਤੇ ਨਜ਼ਰ ਰੱਖੀ ਜਾਏਗੀ। ਉਨ੍ਹਾਂ ਕਿਹਾ ਕੇਂਦਰ ਸਰਕਾਰ ਤੋਂ 24 ਸਰੁੱਖਿਆਂ ਬਲਾਂ ਦੀ ਮੰਗ ਕੀਤੀ ਗਈ ਹੈ। ਰਾਜੂ ਨੇ ਦੱਸਿਆ ਕਿ ਇਸ ਵਾਰ ਵੀ ਸੀ-ਵਿਜਲ ਐਪ ਜ਼ਰੀਏ ਲੋਕ ਆਪਣੀ ਸ਼ਿਕਾਇਤ ਕਰ ਸਕਦੇ ਹਨ। ਉੱਥੇ ਹੀ ਸ਼ਿਕਾਇਤ ਅਤੇ ਜਾਣਕਾਰੀ ਦੇਣ ਲਈ 1950 ਨੰਬਰ ਵੀ ਜਾਰੀ ਕੀਤਾ ਗਿਆ ਹੈ।
ਪੰਜਾਬ ਵਿੱਚ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣਗੀਆਂ ਅਤੇ 24 ਅਕਤੂਬਰ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ। ਨਾਮਜ਼ਦਗੀ ਪੱਤਰ ਸਬ ਡਵੀਜਨਲ ਮੈਜਿਸਟ੍ਰੇਟ ਫਗਵਾੜਾ, ਮੁਕੇਰੀਆਂ,ਦਾਖਾ ਅਤੇ ਜਲਾਲਾਬਾਦ ਦੇ ਕੋਲ ਦਾਖਲ ਕੀਤੇ ਜਾਣਗੇ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੰਤਿਮ ਮਿਤੀ 30 ਸਤੰਬਰ 2019 ਨਿਰਧਾਰਿਤ ਕੀਤੀ ਗਈ ਹੈ। ਦੱਸ ਦੱਈਏ ਕਿ ਜਲਾਲਾਬਾਦ ਅਤੇ ਦਸੂਹਾ ਵਿਧਾਨ ਸਭਾ ਸੀਟਾਂ ਸੁਖਬੀਰ ਬਾਦਲ ਅਤੇ ਸੋਮ ਪ੍ਰਕਾਸ ਸਿੰਘ ਦੇ ਪਾਰਲੀਮੈਂਟ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈਆਂ ਸੀ ਜਦ ਕਿ ਦਾਖਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਐੱਚ.ਐੱਸ. ਫੂਲਕਾ ਅਸਤੀਫਾ ਦੇ ਚੁੱਕੇ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਮੁਕੇਰੀਆਂ ਤੋ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੇ ਦੇਹਾਂਤ ਕਾਰਨ ਇਹ ਸੀਟ ਖਾਲੀ ਹੋ ਗਈ ਸੀ।