ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕੱਲ ਦੇ ਪੈਟਰੋਲ ਅਤੇ ਡੀਜਲ ਦੇ ਖਿਲਾਫ਼ ਸੂਬਾ ਪੱਧਰੀ ਸ਼ਾਂਤਮਈ ਰੋਸ ਮੁਜਾਹਿਰਆਂ ਤੋਂ ਬਾਅਦ ਵੱਖ-ਵੱਖ ਜ਼ਿਲਿਆਂ ਵਿੱਚ ਅਕਾਲੀ ਵਰਕਰਾਂ ਖਿਲਾਫ਼ ਦਰਜ ਕੀਤੇ ਕੇਸਾਂ ਦੀ ਸਖ਼ਤ ਲਫਜ਼ਾਂ 'ਚ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਤੁਰੰਤ ਇਹ ਕੇਸ ਵਾਪਸ ਲਏ ਜਾਣ।
ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਸੂਬੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਦੋਹਰੇ ਮਾਪਦੰਡ ਅਪਣਾ ਕੇ ਵੱਖ-ਵੱਖ ਪਾਰਟੀਆਂ ਉਪਰ ਗੈਰ-ਲੋਕਤਾਂਤਰਿਕ ਤਰੀਕੇ ਨਾਲ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀਆਂ ਨੂੰ ਇਹ ਖੁੱਲੀ ਛੋਟ ਦਿੱਤੀ ਜਾ ਸਕਦੀ ਹੈ ਕਿ ਉਹ ਕਰਫਿਊੁ ਦੇ ਦੌਰਾਨ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਖਿਲਾਫ਼ ਮੁਜਾਹਰੇ ਕਰ ਸਕਦੇ ਹਨ। ਪਰ ਬਾਕੀ ਪਾਰਟੀਆਂ ਨੂੰ ਲੌਕਡਾਊਨ ਖੁੱਲਣ ਤੋਂ ਬਾਅਦ ਲੋਕਤੰਤਰੀ ਤਰੀਕੇ ਨਾਲ ਸ਼ਾਂਤਮਈ ਪ੍ਰਦਰਸ਼ਨ ਕਰਨ ਤੇ ਵੀ ਸਖ਼ਤ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਂਦੇ ਹਨ।
ਡਾ. ਚੀਮਾ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਇੱਕ ਬੱਸ ਵਿੱਚ 50 ਯਾਤਰੀਆਂ ਨੂੰ ਸਫ਼ਰ ਕਰਨ ਦੀ ਇਜਾਜ਼ਤ ਤਾਂ ਦਿੱਤੀ ਜਾ ਰਹੀ ਹੈ ਪਰ ਰਾਜਨੀਤਕ ਪਾਰਟੀਆਂ ਦੇ 50 ਆਗੂ ਖੁੱਲੀ ਥਾਂ ਤੇ ਬੈਠ ਕੇ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਹੀ ਵਰਤਾਰਾ ਮੁਲਾਜ਼ਮ ਜਥੇਬੰਦੀਆਂ ਦੇ ਖਿਲਾਫ਼ ਵੀ ਵਰਤਿਆ ਜਾ ਰਿਹਾ ਹੈ।
ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਵਿਰੁੱਧ ਕੰਮ ਕਰਨ ਵਾਲੀਆਂ ਸਾਰੀਆਂ ਤਾਕਤਾਂ ਦਾ ਹਮੇਸ਼ਾ ਡਟ ਕੇ ਵਿਰੋਧ ਕੀਤਾ ਹੈ ਪਰ ਕਾਂਗਰਸ ਸਰਕਾਰ ਵੱਲੋਂ ਸ਼ੋਸ਼ਲ ਮੀਡੀਆ ਦੀਆਂ ਖ਼ਬਰਾਂ ਨੂੰ ਆਧਾਰ ਬਣ ਕੇ ਵੱਡੀ ਗਿਣਤੀ ਵਿੱਚ ਸਿੱਖ ਨੌਂਜਵਾਨਾ ਦੇ ਖਿਲਾਫ਼ ਪਰਚੇ ਦਰਜ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।