ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਸ਼ਹੀਦ ਹੋਏ 4 ਪੰਜਾਬ ਦੇ ਫੌਜੀ ਜਵਾਨਾਂ ਦੇ ਘਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ। ਮੁੱਖ ਮੰਤਰੀ ਨੇ ਇਨ੍ਹਾਂ ਸ਼ਹੀਦਾਂ ਦੇ ਜੱਦੀ ਘਰਾਂ ਦਾ ਦੌਰਾ ਕੀਤਾ ਜਿਨ੍ਹਾਂ ਵਿੱਚ ਹਵਲਦਾਰ ਮਨਦੀਪ ਸਿੰਘ ਪਿੰਡ ਚਣਕੋਈਆਂ ਕਾਕਨ ਜ਼ਿਲ੍ਹਾ ਲੁਧਿਆਣਾ, ਲਾਂਸ ਨਾਇਕ ਕੁਲਵੰਤ ਸਿੰਘ ਪਿੰਡ ਚੜਿੱਕ ਜ਼ਿਲ੍ਹਾ ਮੋਗਾ, ਸਿਪਾਹੀ ਹਰਕ੍ਰਿਸ਼ਨ ਸਿੰਘ ਪਿੰਡ ਤਲਵੰਡੀ ਭਰਥ ਜ਼ਿਲ੍ਹਾ ਗੁਰਦਾਸਪੁਰ ਅਤੇ ਸਿਪਾਹੀ ਸੇਵਕ ਸਿੰਘ ਪਿੰਡ ਬਾਘਾ ਜ਼ਿਲ੍ਹਾ ਬਠਿੰਡਾ ਸ਼ਾਮਲ ਹਨ।
ਸ਼ਹਾਦਤ ਨੂੰ ਸਿਜਦਾ: ਆਪਣੀ ਇਸ ਫੇਰੀ ਦੌਰਾਨ ਭਗਵੰਤ ਮਾਨ ਨੇ ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਅਤੇ ਵਿਛੜੀ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਦੇਸ਼ ਲਈ ਇਨ੍ਹਾਂ ਨਾਇਕਾਂ ਵੱਲੋਂ ਦਿੱਤੀਆਂ ਮਹਾਨ ਕੁਰਬਾਨੀਆਂ ਦੇ ਸਤਿਕਾਰ ਵਜੋਂ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੇ ਚੈੱਕ ਸੌਂਪਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਅਤੇ ਲੋਕ ਇਨ੍ਹਾਂ ਸ਼ਹੀਦਾਂ ਦੇ ਰਿਣੀ ਹਨ, ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਧਰਤੀ ਮਾਂ ਦੇ ਇਨ੍ਹਾਂ ਸਪੂਤਾਂ ਦੇ ਮਹਾਨ ਯੋਗਦਾਨ ਦੇ ਸਤਿਕਾਰ ਵਜੋਂ ਇਹ ਸੂਬਾ ਸਰਕਾਰ ਦੀ ਇਕ ਨਿਮਾਣੀ ਜਿਹੀ ਸ਼ਰਧਾਂਜਲੀ ਹੈ। ਮੁਲਕ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਯਕੀਨੀ ਬਣਾਏ। ਭਗਵੰਤ ਮਾਨ ਨੇ ਕਿਹਾ ਕਿ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਸੂਬਾ ਸਰਕਾਰ ਦੀ ਏਸੇ ਵਚਨਬੱਧਤਾ ਤਹਿਤ ਸ਼ਹੀਦਾਂ ਨੂੰ ਮਾਲੀ ਮਦਦ ਦਿੱਤੀ ਗਈ ਹੈ।
ਪਰਿਵਾਰਕ ਮੈਂਬਰ ਨੂੰ ਨੌਕਰੀ: ਮੁੱਖ ਮੰਤਰੀ ਨੇ ਕਿਹਾ ਕਿ ਆਸ਼ਰਿਤਾਂ ਨੂੰ ਨੌਕਰੀ ਦੇਣ ਦੀ ਨੀਤੀ ਦੇ ਆਧਾਰ ਉਤੇ ਫੌਜ ਨਾਲ ਵਿਚਾਰ-ਵਟਾਂਦਰੇ ਮਗਰੋਂ ਸ਼ਹੀਦ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੂਬੇ ਦਾ ਇਹ ਉਪਰਾਲਾ ਜਿੱਥੇ ਪਰਿਵਾਰ ਲਈ ਮਦਦਗਾਰ ਹੋਵੇਗਾ, ਉਥੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਸਹਾਈ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਨੌਜਵਾਨਾਂ ਨੂੰ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਲਈ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਵੀ ਉਤਸ਼ਾਹਿਤ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਬਹਾਦਰ ਸੈਨਿਕ ਨੇ ਦੇਸ਼ ਦੀ ਏਕਤਾ ਦੀ ਰਾਖੀ ਲਈ ਪੂਰੀ ਸਮਰਪਣ ਭਾਵਨਾ ਦਿਖਾਈ ਅਤੇ ਉਨ੍ਹਾਂ ਦੀ ਇਹ ਮਹਾਨ ਕੁਰਬਾਨੀ ਉਨ੍ਹਾਂ ਦੇ ਸਾਥੀ ਸੈਨਿਕਾਂ ਨੂੰ ਹੋਰ ਵੀ ਤਨਦੇਹੀ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਹੁਣ ਸਰਹੱਦਾਂ ਦੀ ਰਾਖੀ ਕਰਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਿੱਚ ਵੀ ਪੰਜਾਬੀ ਵੱਡੀ ਭੂਮਿਕਾ ਨਿਭਾਅ ਰਹੇ ਹਨ।
ਸ਼ਹੀਦਾਂ ਦੇ ਨਾਮ ਉੱਤੇ ਯਾਦਗਾਰਾਂ: ਇਸ ਦੌਰਾਨ ਮੁੱਖ ਮੰਤਰੀ ਨੇ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਵਿਖੇ ਪਿੰਡ ਦੇ ਇੱਕ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਸਿਪਾਹੀ ਹਰਕ੍ਰਿਸ਼ਨ ਸਿੰਘ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਪਿੰਡ ਵਿੱਚ ਸਟੇਡੀਅਮ ਦੀ ਉਸਾਰੀ ਅਤੇ ਧਰਮਸ਼ਾਲਾ ਦੇ ਨਵੀਨੀਕਰਨ ’ਤੇ 73.50 ਲੱਖ ਰੁਪਏ ਖਰਚ ਕਰਨ ਦਾ ਵੀ ਐਲਾਨ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਕੰਮਾਂ ਦੇ ਅਨੁਮਾਨ ਤਿਆਰ ਹਨ ਅਤੇ ਛੇਤੀ ਹੀ ਇਨ੍ਹਾਂ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਮੋਗਾ ਦੇ ਪਿੰਡ ਚੜਿੱਕ ਵਿਖੇ ਮੁੱਖ ਮੰਤਰੀ ਨੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਲਾਂਸ ਨਾਇਕ ਕੁਲਵੰਤ ਸਿੰਘ ਦੇ ਨਾਂ ’ਤੇ ਅਪਗ੍ਰੇਡ ਕਰਨ ਤੋਂ ਇਲਾਵਾ ਸ਼ਹੀਦ ਦੇ ਜੱਦੀ ਪਿੰਡ ਵਿੱਚ ਖੇਡ ਮੈਦਾਨ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਲਾਂਸ ਨਾਇਕ ਕੁਲਵੰਤ ਸਿੰਘ ਆਪਣੇ ਪਰਿਵਾਰ ਵਿੱਚੋਂ ਦੂਜੀ ਪੀੜ੍ਹੀ ਦਾ ਸ਼ਹੀਦ ਹੈ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਹਵਲਦਾਰ ਬਲਦੇਵ ਸਿੰਘ ਨੇ ਵੀ ਦੇਸ਼ ਦੀ ਰਾਖੀ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਭਗਵੰਤ ਮਾਨ ਨੇ ਦੱਸਿਆ ਕਿ ਅਪਗ੍ਰੇਡ ਕੀਤੇ ਗਏ ਸਕੂਲ ਦੇ ਕੈਂਪਸ ਵਿੱਚ ਦੋਵਾਂ ਸ਼ਹੀਦਾਂ ਦੇ ਬੁੱਤ ਲਗਾਏ ਜਾਣਗੇ, ਜਿਸ ਦਾ ਨਾਂ ਲਾਂਸ ਨਾਇਕ ਕੁਲਵੰਤ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ।
ਸ਼ਹੀਦ ਦੇ ਨਾਂਅ ਉੱਤੇ ਸਰਕਾਰੀ ਸਕੂਲ ਦਾ ਨਿਰਮਾਣ: ਜ਼ਿਲ੍ਹਾ ਬਠਿੰਡਾ ਵਿਚ ਪਿੰਡ ਬਾਘਾ ਵਿਖੇ ਮੁੱਖ ਮੰਤਰੀ ਨੇ ਸਿਪਾਹੀ ਸੇਵਕ ਸਿੰਘ ਦੇ ਨਾਂ ’ਤੇ ਸਰਕਾਰੀ ਸਕੂਲ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਮੌਜੂਦਾ ਸਟੇਡੀਅਮ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ ਅਤੇ ਇਸ ਵਿੱਚ ਸ਼ਹੀਦ ਦਾ ਬੁੱਤ ਵੀ ਲਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦ ਦੇ ਪਿੰਡ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਲੋੜੀਂਦੇ ਕਦਮ ਚੁੱਕੇਗੀ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਣਕੋਈਆਂ ਕਾਕਨ ਵਿਖੇ ਮੁੱਖ ਮੰਤਰੀ ਨੇ ਪਿੰਡ ਦੇ ਸਕੂਲ ਦਾ ਨਾਂ ਸ਼ਹੀਦ ਹਵਲਦਾਰ ਮਨਦੀਪ ਸਿੰਘ ਦੇ ਨਾਂ ਉਤੇ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦੋਰਾਹਾ ਤੋਂ ਇਸ ਪਿੰਡ ਨੂੰ ਜਾਣ ਵਾਲੀ ਸੜਕ ਨੂੰ ਮਜ਼ਬੂਤ ਕਰਕੇ ਇਹ ਸੜਕ ਸ਼ਹੀਦ ਦੇ ਨਾਂ ਉਤੇ ਰੱਖੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਟੇਡੀਅਮ ਦਾ ਨਾਂ ਵੀ ਸ਼ਹੀਦ ਦੇ ਨਾਂ ਉਤੇ ਰੱਖਣ ਲਈ ਸੰਭਾਵਨਾ ਤਲਾਸ਼ੇਗੀ।
ਇਹ ਵੀ ਪੜ੍ਹੋ: ਸ਼ਹੀਦ ਦੇ ਪਰਿਵਾਰ ਨੂੰ ਸੀਐੱਮ ਮਾਨ ਨੇ ਸੌਂਪਿਆ ਇੱਕ ਕਰੋੜ ਰੁਪਏ ਦਾ ਚੈੱਕ, ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਾ ਦਵਾਇਆ ਭਰੋਸਾ