ਚੰਡੀਗੜ੍ਹ: ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਕੈਬਿਨੇਟ ਮੰਤਰੀਆਂ ਵਿਚਾਲੇ ਰੇੜਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ਤਮ ਕਰ ਦਿੱਤਾ ਹੈ। ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਤਿੰਨ ਵਾਰ ਮੁਆਫ਼ੀ ਮੰਗੀ ਗਈ ਹੈ।
ਜਿਸ ਦਿਨ ਪੰਜਾਬ ਭਵਨ ਵਿਖੇ ਤਲਖੀ ਹੋਈ ਸੀ, ਪਹਿਲੀ ਵਾਰ ਮੁਆਫ਼ੀ ਉਸ ਦਿਨ ਮੰਗੀ ਸੀ, ਦੂਜੀ ਵਾਰ ਉਨ੍ਹਾਂ ਦੇ ਪਿਤਾ ਦੇ ਭੋਗ 'ਤੇ ਕਰਨ ਅਵਤਾਰ ਸਿੰਘ ਵੱਲੋਂ ਮੁਆਫ਼ੀ ਮੰਗੀ ਗਈ, ਤੇ ਅੱਜ ਤੀਜੀ ਵਾਰ ਕੈਬਿਨੇਟ ਦੀ ਬੈਠਕ ਵਿੱਚ ਪੂਰੇ ਮੰਤਰੀ ਮੰਡਲ ਕੋਲੋਂ ਮੁਆਫ਼ੀ ਮੰਗੀ ਗਈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਨ ਅਵਤਾਰ ਸਿੰਘ ਨੇ ਲਿਖਤੀ ਰੂਪ ਵਿੱਚ ਪੱਤਰ ਦਿੱਤਾ। ਜਿਸ ਵਿੱਚ ਉਨ੍ਹਾਂ ਦੇ ਬੇਟੇ ਵੱਲੋਂ ਕੋਈ ਵੀ ਸ਼ਰਾਬ ਦਾ ਕੰਮ ਨਾ ਕਰਨ ਬਾਰੇ ਲਿਖਿਆ ਗਿਆ ਹੈ। ਮਨਪ੍ਰੀਤ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਕਈ ਵਾਰ 35 ਸਾਲ ਕੰਮ ਕਰਨ ਵਾਲੇ ਅਫਸਰ ਅਤੇ ਪੰਜ ਸਾਲ ਰਹਿਣ ਵਾਲੇ ਵਿਧਾਇਕ ਅਤੇ ਮੰਤਰੀਆਂ ਨੂੰ ਆਪਣੇ ਹਲਕੇ ਵਿੱਚ ਕੰਮ ਕਰਵਾਉਣ ਨੂੰ ਲੈ ਕੇ ਕਾਹਲੀ ਰਹਿੰਦੀ ਹੈ। ਇਸੇ ਕਾਰਨ ਕਈ ਵਾਰੀ ਅਫਸਰਾਂ ਅਤੇ ਮੰਤਰੀਆਂ ਦੀ ਆਪਸ 'ਚ ਨਹੀਂ ਬਣਦੀ। ਪਰ ਇਹ ਚੈਪਟਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖ਼ਤਮ ਕਰ ਦਿੱਤਾ ਗਿਆ।
ਇਸ ਤੋਂ ਇਲਾਵਾ ਕੈਬਿਨੇਟ ਦੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਸਬੰਧੀ ਅਤੇ ਲੌਕਡਾਊਨ ਨੂੰ ਲੈ ਕੇ ਚਰਚਾ ਹੋਈ ਕਿ ਪੰਜਾਬ ਨੂੰ ਲੀਹਾਂ 'ਤੇ ਕਿਵੇਂ ਲਿਆਉਣਾ ਹੈ। ਉਸ ਨੂੰ ਲੈ ਕੇ ਰਣਨੀਤੀ ਘੜੀ ਗਈ ਹੈ ਅਤੇ ਟਰਾਂਸਪੋਰਟ ਵਿਭਾਗ ਦੇ ਵਿੱਚ ਕੁਝ ਡਿਵੈਲਪਮੈਂਟ ਕੀਤੀਆਂ ਗਈਆਂ ਹਨ।