ਚੰਡੀਗੜ੍ਹ: ਫਰਵਰੀ ਦੇ ਮਹੀਨੇ ਤਿੱਖੀ ਧੁੱਪ ਅਤੇ ਮਾਰਚ ਦੇ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਤੱਪਦੀ ਗਰਮੀ ਨੇ ਜਾਂਦੀ ਠੰਢ ਦਾ ਅਹਿਸਾਸ ਹੀ ਨਹੀਂ ਹੋਣ ਦਿੱਤਾ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਫਰਵਰੀ ਵਿੱਚ ਜ਼ਿਆਦਾ ਠੰਢ ਨਹੀਂ ਪਈ। ਜਿਸ ਨੇ ਮੌਸਮ ਵਿਗਿਆਨੀਆਂ ਨੂੰ ਵੀ ਸੋਚਾਂ ਵਿਚ ਪਾ ਦਿੱਤਾ ਹੈ, ਭਵਿੱਖਬਾਣੀ ਤਾਂ ਇੱਥੇ ਤੱਕ ਹੋ ਗਈ ਹੈ ਕਿ ਮਾਰਚ ਦੇ ਅਖੀਰ ਤੱਕ ਲੂ ਚੱਲੇਗੀ ਅਤੇ ਤਾਪਮਾਨ 40 ਡਿਗਰੀ ਤੱਕ ਪਹੁੰਚ ਸਕਦਾ ਹੈ। ਗਰਮੀ ਦਾ ਅਜਿਹਾ ਪ੍ਰਕੋਪ ਅਤੇ ਅਜਿਹਾ ਰੂਪ ਕਈ ਸਾਲਾਂ ਬਾਅਦ ਵੇਖਿਆ ਗਿਆ। ਮੌਸਮ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ ਅਤੇ ਫ਼ਸਲਾ ਉੱਤੇ ਵੀ ਪਵੇਗਾ। ਮੌਸਮ ਕਿੰਨਾ ਕਹਿਰਵਾਨ ਰਹੇਗਾ ਅਤੇ ਕਿੰਨਾ ਮਿਹਰਬਾਨ ਰਹੇਗਾ ਇਸ ਬਾਰੇ ਈਟੀਵੀ ਭਾਰਤ ਵੱਲੋਂ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨਾਲ ਗੱਲ ਕੀਤੀ ਗਈ। ਮੌਸਮ ਦੀ ਇਸ ਨਾਸਾਜ਼ੀ ਦਾ ਲੋਕਾਂ ਦੀ ਸਿਹਤ ਉੱਤੇ ਕੀ ਅਸਰ ਪਵੇਗਾ ਇਸ ਬਾਰੇ ਡਾਕਟਰ ਅੰਮ੍ਰਿਤ ਵਿਰਕ ਨਾਲ ਗੱਲ ਕੀਤੀ ਗਈ।
ਆਉਂਦੇ ਦਿਨਾਂ ਵਿਚ ਕਿਸ ਤਰ੍ਹਾਂ ਰਹੇਗਾ ਮੌਸਮ: ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਫਰਵਰੀ ਦਾ ਮਹੀਨਾ ਕਾਫ਼ੀ ਖੁਸ਼ਕ ਰਿਹਾ ਹੈ। ਜਿਸ ਦਾ ਮੁੱਖ ਕਾਰਨ ਇਹ ਰਿਹਾ ਕਿ ਇਸ ਸਾਲ ਮੀਂਹ ਨਹੀਂ ਪਿਆ ਜਿਸ ਕਰਕੇ ਫਰਵਰੀ ਦਾ ਮਹੀਨਾ ਖੁਸ਼ਕ ਰਿਹਾ। ਮੀਂਹ ਇਸ ਕਰਕੇ ਵੀ ਨਹੀਂ ਪਿਆ ਕਿਉਂਕਿ ਮੌਸਮ ਵਿੱਚ ਪੱਛਮੀ ਗੜਬੜੀ ਦਾ ਪ੍ਰਭਾਵ ਜ਼ਿਆਦਾ ਵੇਖਣ ਨੂੰ ਨਹੀਂ ਮਿਲਿਆ। ਜਦੋਂ ਆਸਮਾਨ ਬਿਲਕੁਲ ਸਾਫ਼ ਰਹਿੰਦਾ ਹੈ ਤਾਂ ਸੂਰਜ ਦੀਆਂ ਕਿਰਨਾਂ ਦਾ ਸਿੱਧਾ ਅਸਰ ਵੇਖਣ ਨੂੰ ਮਿਲਦਾ ਹੈ ਜਿਸ ਨਾਲ ਗਰਮੀ ਮਹਿਸੂਸ ਕੀਤੀ ਜਾ ਸਕਦੀ ਹੈ। ਜਿਸ ਨਾਲ ਧਰਤੀ ਸੁੱਕ ਜਾਂਦੀ ਹੈ ਅਤੇ ਭੜਾਸ ਮਾਰਨ ਲੱਗ ਜਾਂਦੀ ਹੈ। ਫਰਵਰੀ ਦੇ ਮਹੀਨੇ ਵਿਚ ਗਰਮੀ ਵੱਧਣ ਦਾ ਇਕ ਕਾਰਨ ਇਹ ਵੀ ਰਿਹਾ ਕਿ ਸਾਊਥ ਰਾਜਸਥਾਨ ਅਤੇ ਗੁਜਰਾਤ ਦੇ ਇਲਾਕਿਆਂ ਵਿੱਚ ਹਵਾ ਵਿਰੋਧੀ ਸਥਿਤੀ ਪੈਦਾ ਹੋਈ ਅਤੇ ਦੱਖਣੀ ਹਵਾਵਾਂ ਦੀ ਸਥਿਤੀ ਦਾ ਵੀ ਪ੍ਰਭਾਵ ਵੇਖਣ ਨੂੰ ਮਿਲਿਆ। ਜਿਸ ਕਰਕੇ ਪੰਜਾਬ ਵਿਚ ਚੱਲਣ ਵਾਲੀਆਂ ਹਵਾਵਾਂ ਕਮਜ਼ੋਰ ਪੈ ਗਈਆਂ ਅਤੇ ਫਰਵਰੀ ਦਾ ਮਹੀਨਾ ਖੁਸ਼ਕ ਰਿਹਾ।
ਮਾਰਚ ਦਾ ਮਹੀਨਾ ਰਹੇਗਾ ਗਰਮ: ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਮਾਰਚ ਦੇ ਮਹੀਨੇ ਦੀ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਉਸ ਦੇ ਮੁਤਾਬਿਕ ਮਾਰਚ ਦਾ ਮਹੀਨਾ ਵੀ ਗਰਮ ਰਹਿਣ ਵਾਲਾ ਹੈ। ਪੰਜਾਬ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਸਾਧਾਰਣ ਨਾਲੋਂ ਜ਼ਿਆਦਾ ਦਰਜ ਕੀਤਾ ਜਾ ਸਕਦਾ ਹੈ। ਮਾਰਚ ਮਹੀਨੇ ਵਿਚ ਆਮ ਤੌਰ ਉੱਤੇ 26 ਤੋਂ 28 ਡਿਗਰੀ ਦੇ ਦਰਮਿਆਨ ਤਾਪਮਾਨ ਰਹਿੰਦਾ ਹੈ ਪਰ ਇਸ ਵਾਰ ਮਾਰਚ ਮਹੀਨੇ ਤਾਪਮਾਨ 28 ਤੋਂ 30 ਡਿਗਰੀ ਦਾ ਅੰਕੜਾ ਪਾਰ ਕਰ ਸਕਦਾ ਹੈ। ਇਸ ਵਾਰ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਾਰਚ ਦੇ ਆਖਰੀ ਹਫ਼ਤੇ ਤਾਪਮਾਨ 34 ਤੋਂ 36 ਡਿਗਰੀ ਤੱਕ ਪਹੁੰਚ ਸਕਦਾ ਹੈ। ਮਾਰਚ ਦੇ ਪਹਿਲੇ ਹਫ਼ਤੇ ਦੀ ਜੇ ਗੱਲ ਕਰੀਏ ਤਾਂ 28 ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ।ਹਾਲਾਂਕਿ ਲੂ ਚੱਲਣ ਦੀ ਸੰਭਾਵਨਾ ਬਹੁਤ ਘੱਟ ਹੈ ਜਦੋਂ ਤਾਪਮਾਨ 40 ਡਿਗਰੀ ਤੋਂ ਜ਼ਿਆਦਾ ਹੁੰਦੀ ਹੈ ਉਦੋਂ ਲੂ ਚੱਲਦੀ ਹੈ।
ਕਣਕ ਦੀ ਫ਼ਸਲ ਲਈ ਨੁਕਸਾਨ ਦੇਹ ਤਾਪਮਾਨ: ਮੌਸਮ ਵਿਭਾਗ ਮੁਤਾਬਿਕ ਫਰਵਰੀ ਅਤੇ ਮਾਰਚ ਦੇ ਮਹੀਨੇ ਵਿੱਚ ਇੰਨੀ ਜ਼ਿਆਦਾ ਗਰਮੀ ਕਣਕ ਦੀ ਫ਼ਸਲ ਲਈ ਨੁਕਸਾਨਦਾਇਕ ਹੁੰਦੀ ਹੈ। ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਮਿਲ ਕੇ ਵੀ ਕੰਮ ਕਰਦਾ ਹੈ। ਜਿਸ ਦੇ ਤਹਿਤ ਕਿਸਾਨਾਂ ਨਾਲ ਰਾਬਤ ਕਾਇਮ ਕੀਤਾ ਜਾਂਦਾ ਹੈ ਅਤੇ ਕਿਸਾਨਾਂ ਨੂੰ ਸਲਾਹ ਵੀ ਦਿੱਤੀ ਜਾਂਦੀ ਹੈ। ਮੌਸਮ ਦੇ ਪ੍ਰਭਾਵ ਫ਼ਸਲਾਂ 'ਤੇ ਕੀ ਪੈ ਸਕਦੇ ਹਨ ਇਹ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਜਾਂਦਾ ਹੈ। ਕਣਕ ਦੀ ਫ਼ਸਲ ਨੂੰ ਘੱਟ ਤਾਪਮਾਨ ਚਾਹੀਦਾ ਹੁੰਦਾ ਹੈ ਜਿਸ ਕਰਕੇ ਫਰਵਰੀ ਦੀ ਗਰਮੀ ਕਣਕ ਦੀ ਫ਼ਸਲ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਝਾੜ 'ਤੇ ਵੀ ਅਸਰ ਪੈ ਸਕਦਾ ਹੈ।
ਸਿਹਤ ਮਾਹਿਰਾਂ ਦੀ ਚਿਤਾਵਨੀ: ਆਮ ਤੌਰ ਉੱਤੇ ਫਰਵਰੀ ਵਿਚ ਅਜਿਹਾ ਗਰਮੀ ਦਾ ਅਹਿਸਾਸ ਨਹੀਂ ਹੁੰਦਾ ਜੋ ਇਸ ਸੀਜ਼ਨ ਹੋ ਰਿਹਾ ਹੈ। ਸਿਹਤ ਮਾਹਿਰਾਂ ਨੇ ਇਸ ਉੱਤੇ ਚਿਤਾਵਨੀ ਜਾਰੀ ਕੀਤੀ ਹੈ, ਏਮਜ਼ ਮੁਹਾਲੀ ਦੇ ਕਮਿਊਨਿਟੀ ਹੈਲਥ ਵਿਭਾਗ ਦੀ ਮੁਖੀ ਡਾ,ਅੰਮ੍ਰਿਤ ਵਿਰਕ ਨੇ ਗਰਮੀ ਤੋਂ ਬਚਣ ਲਈ ਕੁਝ ਸੁਝਾਅ ਦਿੱਤੇ ਹਨ ਅਤੇ ਨਾਲ ਹੀ ਇਸ ਬਦਲਦੇ ਤਾਪਮਾਨ ਦੌਰਾਨ ਸਰੀਰ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਸਰਦੀ ਘੱਟ ਪੈਣਾ ਅਤੇ ਗਰਮੀ ਦਾ ਜ਼ਿਆਦਾ ਛੇਤੀ ਆਉਣਾ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ। ਕਿਉਂਕਿ ਮਨੁੱਖੀ ਸਰੀਰ ਨੂੰ ਹਰ ਤਾਪਮਾਨ ਅਨੁਸਾਰ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ। 1 ਮਹੀਨਾ ਪਹਿਲਾਂ ਤੱਕ ਇੰਨੀ ਸਰਦੀ ਮਹਿਸੂਸ ਕੀਤੀ ਜਾ ਰਹੀ ਸੀ ਅਤੇ ਅਚਾਨਕ ਗਰਮੀ ਦਾ ਵੱਧਣਾ ਸਰੀਰ ਨੂੰ ਇਕਦਮ ਪ੍ਰਭਾਵਿਤ ਕਰਦਾ ਹੈ।
ਸਰੀਰ ਨੂੰ ਹਾਈਡ੍ਰੇਟ ਰੱਖੋ: ਡਾ, ਅੰਮ੍ਰਿਤ ਵਿਰਕ ਨੇ ਸੁਝਾਅ ਦਿੰਦਿਆਂ ਕਿਹਾ ਕਿ ਇਸ ਦੌਰ ਦੌਰਾਨ ਸਭ ਤੋਂ ਮਹੱਤਵਪੂਰਨ ਹੈ ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖਣਾ। ਜਦੋਂ ਵੀ ਘਰੋਂ ਨਿਕਲਣਾ ਹੈ ਤਾਂ ਆਪਣੇ ਆਪ ਨੂੰ ਖਾਸ ਕਰਕੇ ਸਿਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖੋ। ਛੱਤਰੀ ਲੈ ਕੇ ਨਿਕਲੋ ਇਸ ਮੌਸਮ ਵਿਚ ਸਾਹ ਸਬੰਧੀ ਦਿੱਕਤਾਂ ਵੱਧ ਜਾਂਦੀਆਂ ਹਨ। ਜਿਹਨਾਂ ਲੋਕਾਂ ਨੂੰ ਦਮੇ ਦੀ ਬਿਮਾਰੀ ਹੈ ਉਹਨਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਡਾ, ਅੰਮ੍ਰਿਤ ਵਿਰਕ ਦਾ ਕਹਿਣਾ ਹੈ ਕਿ ਅਜਿਹੇ ਮੌਸਮ ਵਿਚ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖੋ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜ਼ਿਆਦਾ ਇਮਊਨਿਟੀ ਵਧਾਉਣ ਵਾਲਾ ਖਾਣਾ ਖਾਂਦੇ ਰਹਿਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਮੌਸਮੀ ਫ਼ਲ ਅਤੇ ਸਬਜ਼ੀਆਂ ਦਾ ਸੇਵਨ ਕਰੋ ਅਤੇ ਸਭ ਤੋਂ ਜ਼ਰੂਰੀ ਹੈ ਸਾਫ਼ ਸਫ਼ਾਈ ਦਾ ਧਿਆਨ ਰੱਖਣਾ ਅਤੇ ਖੁੱਲਾ ਖਾਣ ਤੋਂ ਬਚਣਾ। ਉਹਨਾਂ ਦੱਸਿਆ ਕਿ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਉੱਤੇ ਇਸ ਮੌਸਮ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ।