ਚੰਡੀਗੜ੍ਹ: ਪੰਜਾਬ 'ਚ ਹੁਣ ਸਰਹੱਦ ਪਾਰੋਂ ਆਉਣ ਵਾਲੇ ਨਸ਼ੇ ਦੀ ਤੀਜੀ ਅੱਖ ਨਜ਼ਰ ਰੱਖੇਗੀ। ਨਸ਼ਾ ਕਿਥੋਂ ਆ ਰਿਹਾ ਕਿਵੇਂ ਆ ਰਿਹਾ ਅਤੇ ਕੌਣ ਭੇਜ ਰਿਹਾ ਹੈ ਹੁਣ ਸਭ ਫੜੇ ਜਾਣਗੇ? ਸਰਕਾਰ ਦਾ ਦਾਅਵਾ ਹੈ ਕਿ ਹੁਣ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਅਤੇ ਅੱਤਵਾਦੀ ਗਤੀਵਿਧੀਆਂ ਰੋਕਣ ਲਈ ਸਰਹੱਦੀ ਖੇਤਰਾਂ ਵਿਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ।
ਸਰਹੱਦੀ ਖੇਤਰਾਂ ਵਿਚ ਸੀਸੀਟੀਵੀ: ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਖੁਦ ਇਹ ਐਲਾਨ ਕੀਤਾ ਕਿ ਸਰਹੱਦੀ ਖੇਤਰਾਂ ਵਿਚ ਸੀਸੀਟੀਵੀ ਕੈਮਰੇ ਲਗਵਾਉਣ ਲਈ 20 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਦੇ ਨਾਲ ਹੀ ਸਰਹੱਦ ਪਾਰੋਂ ਨਸ਼ਾ ਤਸਕਰੀ ਅਤੇ ਹਥਿਆਰ ਤਸਕਰੀ ਦੀ ਇਤਲਾਹ ਦੇਣ ਵਾਲਿਆਂ ਨੂੰ 1 ਲੱਖ ਰੁਪਏ ਇਨਾਮ ਵੀ ਦਿੱਤਾ ਜਾਵੇਗਾ। ਪੰਜਾਬ ਵਿਚ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਦੀ ਇਹ ਰਣਨੀਤੀ ਕਿੰਨੀ ਕੁ ਕਾਰਗਰ ਹੋਵੇਗੀ। ਇਸ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਖਾਸ ਤੌਰ 'ਤੇ ਪਾਕਿਸਤਾਨ ਦੀਆਂ ਸਾਜਿਸ਼ਾਂ ਦਾ ਸ਼ਿਕਾਰ ਰਹਿੰਦੇ ਹਨ। ਆਏ ਦਿਨ ਨਸ਼ੇ ਦੀ ਖੇਪ ਜਾਂ ਹਥਿਆਰਾਂ ਦਾ ਜ਼ਖੀਰਾ ਸਰਹੱਦ ਪਾਰੋਂ ਪੰਜਾਬ ਤੱਕ ਪਹੁੰਚਾਏ ਜਾਣ ਦੀ ਕੋਸ਼ਿਸ਼ਾਂ ਹੁੰਦੀਆਂ ਹਨ ਹਾਲਾਂਕਿ ਬੀਐਸਐਫ ਅਜਿਹੀਆਂ ਕਈ ਸਾਜਿਸ਼ਾਂ ਨੂੰ ਨਾਕਾਮ ਕਰ ਚੁੱਕੀ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਦੇ ਤਾਲਮੇਲ ਨਾਲ ਇਹ ਆਪ੍ਰੇਸ਼ਨ ਨੇਪਰੇ ਚੜੇਗਾ।
ਪੰਜਾਬ ਦੇ ਵਿਚ 6 ਸਰਹੱਦੀ ਜ਼ਿਲ੍ਹੇ : ਪੰਜਾਬ ਦੇ ਕਈ ਇਲਾਕੇ ਪਾਕਿਸਤਾਨ ਨਾਲ ਲੱਗਦੇ ਹਨ। ਜਿਸ ਲਈ ਇਸ ਨੂੰ ਸੁਰੱਖਿਆ ਦੇ ਮੱਦੇਨਜ਼ਰ ਸੰਵੇਦਨਸ਼ੀਲ ਵੀ ਗਿਣਿਆ ਜਾਂਦਾ ਹੈ। ਸਰਹੱਦੀ ਖੇਤਰਾਂ ਦੀ ਗੱਲ ਕਰੀਏ ਤਾਂ ਪੰਜਾਬ ਵਿਚ 6 ਸਰਹੱਦੀ ਜ਼ਿਲ੍ਹੇ ਹਨ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇਹੀ ਉਹ ਜ਼ਿਲ੍ਹੇ ਹਨ ਬੀਐਸਐਫ ਵੱਲੋਂ ਸਰਹੱਦ ਪਾਰੋਂ ਨਸ਼ੇ ਦੀਆਂ ਖੇਪਾਂ ਅਤੇ ਹਥਿਆਰ ਬਰਾਮਦ ਕੀਤੇ ਜਾਂਦੇ ਹਨ। ਸਰਹੱਦ ਪਾਰੋਂ ਡਰੋਨਾਂ ਦੀਆਂ ਗਤੀਵਿਧੀਆਂ ਵੀ ਕਾਫ਼ੀ ਜ਼ਿਆਦਾ ਇਹਨਾਂ ਖੇਤਰਾਂ ਵਿਚ ਵੇਖਣ ਨੂੰ ਮਿਲਦੀਆਂ ਹਨ।
ਟਰਾਂਸਪੋਰਟੇਸ਼ਨ ਰਾਹੀ ਗੁਆਂਢੀ ਸੂਬਿਆਂ ਵਿੱਚੋਂ ਨਸ਼ਾ ਸਪਲਾਈ : ਨਸ਼ਾ ਤਸਕਰਾਂ ਵੱਲੋਂ ਨਸ਼ੇ ਦੀਆਂ ਖੇਪਾਂ ਭੇਜਣ ਲਈ ਨਵੇਂ ਨਵੇਂ ਢੰਗ ਤਰੀਕੇ ਅਪਣਾਏ ਜਾਂਦੇ ਹਨ। ਇਸ ਤੋਂ ਇਲਾਵਾ ਪੰਜਾਬ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ ਪੂਰਬ ਵਿੱਚ ਚੰਡੀਗੜ੍ਹ, ਉੱਤਰ ਅਤੇ ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ ਅਤੇ ਦੱਖਣ-ਪੂਰਬ ਵਿੱਚ ਹਰਿਆਣਾ ਅਤੇ ਦੱਖਣ-ਪੱਛਮ ਵਿੱਚ ਰਾਜਸਥਾਨ ਨਾਲ ਆਪਣੀ ਸਰਹੱਦ ਸਾਂਝੀ ਕਰਦਾ ਹੈ। ਹਿਮਾਚਲ ਅਤੇ ਰਾਜਸਥਾਨ ਵਿਚੋਂ ਵੀ ਟਰਾਂਸਪੋਰਟੇਸ਼ਨ ਰਾਹੀਂ ਪੰਜਾਬ 'ਚ ਨਸ਼ਾ ਸਪਲਾਈ ਹੋਣ ਦੀਆਂ ਖ਼ਬਰਾਂ ਨਸ਼ਰ ਹੁੰਦੀਆਂ ਰਹਿੰਦੀਆਂ ਹਨ।
ਕਿਹੜੇ-ਕਿਹੜੇ ਸਰਹੱਦੀ ਖੇਤਰਾਂ 'ਚ ਲੱਗਣਗੇ ਕੈਮਰੇ? ਪੰਜਾਬ ਦੇ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਮੁਤਾਬਕ ਇਹ ਸੀਸੀਟੀਵੀ ਸਿਰਫ਼ ਖਾਸ ਖੇਤਰਾਂ ਲਈ ਹੀ ਨਹੀਂ ਬਲਕਿ ਸਰਹੱਦ ਨਾਲ ਲੱਗਦੇ ਪਿੰਡਾਂ ਲਈ ਵੀ ਲਗਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਸਰਹੱਦੀ ਪਿੰਡਾਂ ਵਿੱਚ ਰਣਨੀਤਕ ਸਥਾਨਾਂ ਅਤੇ ਹੌਟਸਪੌਟਸ ਬਾਰੇ ਵੀ ਚਰਚਾ ਕੀਤੀ ਤਾਂ ਜੋ ਸਰਹੱਦ ਪਾਰੋਂ ਤਸਕਰੀ ਵਿੱਚ ਸ਼ਾਮਲ ਭਾਰਤੀ ਨਾਗਰਿਕਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਸਕੇ। ਸਰਹੱਦੀ ਖੇਤਰਾਂ ਵਿੱਚ ਸਮੱਗਲਰਾਂ ਅਤੇ ਅਪਰਾਧੀਆਂ ਦਰਮਿਆਨ ਗਠਜੋੜ ਨੂੰ ਰੋਕਣ ਲਈ ਗ੍ਰਾਮ ਸੁਰੱਖਿਆ ਕਮੇਟੀਆਂ ਨੂੰ ਸਰਗਰਮ ਕਰਨ ਦਾ ਫੈਸਲਾ ਕੀਤਾ ਵੀ ਕੀਤਾ ਗਿਆ ਹੈ। ਇਹ ਸਕੀਮ ਸਿਰਫ਼ ਇਕ ਖੇਤਰ ਜਾਂ ਸਰਹੱਦੀ ਜ਼ਿਲ੍ਹੇ ਨਹੀਂ ਸਗੋਂ ਪੰਜਾਬ ਦੇ ਸਾਰੇ ਸਰਹੱਦੀ ਖੇਤਰਾਂ ਅਤੇ ਪਿੰਡਾਂ ਲਈ ਹੈ। ਇਸਦੇ ਨਾਲ ਹੀ ਨਸ਼ਾ ਤਸਕਰੀ ਦੀ ਸੂਹ ਦੇਣ ਵਾਲਿਆਂ ਨੂੰ 1 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ।
ਪੰਜਾਬ 'ਚ ਕਿਧਰੋਂ ਆਉਂਦਾ ਹੈ ਜ਼ਿਆਦਾ ਨਸ਼ਾ: ਮਾਹਿਰਾਂ ਦੀ ਮੰਨੀਏ ਤਾਂ ਪੰਜਾਬ 'ਚ ਵਿਦੇਸ਼ਾਂ ਤੋਂ ਵੱਡੇ ਪੱਧਰ 'ਤੇ ਨਸ਼ੇ ਦੀ ਸਪਲਾਈ ਹੁੰਦੀ ਹੈ। ਈਰਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਨਸ਼ਿਆਂ ਦੇ ਮੁੱਖ ਸਪਲਾਇਰ ਦੇਸ਼ ਹਨ। ਇਹਨਾਂ ਦੇਸ਼ਾਂ ਰਾਹੀਂ ਹੀ ਪੰਜਾਬ ਤੱਕ ਨਸ਼ਾ ਪਹੁੰਚਦਾ ਹੈ। ਪੰਜਾਬ 'ਚ ਰਿਵਾਇਤੀ ਨਸ਼ਿਆਂ ਦਾ ਰੁਝਾਨ ਹੁਣ ਹੈਰੋਇਨ, ਸਮੈਕ, ਕੋਕੀਨ, ਸਿੰਥੈਟਿਕ ਡਰੱਗਜ਼, ਆਈਸ ਡਰੱਗਜ਼ ਵਰਗੇ ਮਹਿੰਗੇ ਨਸ਼ਿਆਂ ਵਿੱਚ ਬਦਲ ਗਿਆ ਹੈ। ਹੁਣ ਤੱਕ ਨਸ਼ੇ ਦੀਆਂ ਜੋ ਰਿਪੋਰਟਾਂ ਸਾਹਮਣੇ ਆਈਆਂ ਹਨ ਉਹਨਾਂ ਮੁਤਾਬਕ ਪਾਕਿਸਤਾਨ ਨਸ਼ਿਆਂ ਦੀ ਤਸਕਰੀ ਵਧਣ ਦਾ ਮੁੱਖ ਕਾਰਨ ਹੈ। ਸਭ ਤੋਂ ਵੱਧ ਨਸ਼ੇ ਦੇ ਕੇਸ ਤਰਨਤਾਰਨ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਪਾਕਿਸਤਾਨ ਨਾਲ ਲੱਗਦੇ ਇਲਾਕਿਆਂ ਤੋਂ ਆ ਰਹੇ ਹਨ। ਇਸ ਤੋਂ ਇਲਾਵਾ ਬਠਿੰਡਾ, ਮਾਨਸਾ, ਸੰਗਰੂਰ, ਮੁਕਤਸਰ ਵੀ ਨਸ਼ੇ ਨਾਲ ਪ੍ਰਭਾਵਿਤ ਹਨ। ਅਫਗਾਨਿਸਤਾਨ ਤੋਂ ਪਾਕਿਸਤਾਨ ਅਤੇ ਫਿਰ ਪੰਜਾਬ ਤੋਂ ਕੈਨੇਡਾ, ਅਮਰੀਕਾ ਤੱਕ ਤਸਕਰੀ ਵਿੱਚ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨਾਂ ਵੀ ਸਾਹਮਣੇ ਆਏ ਹਨ।
ਪੰਜਾਬ ਵਿਚ ਕਦੋਂ ਤੋਂ ਸ਼ੁਰੂ ਹੋਈ ਸਰਹੱਦ ਪਾਰ ਤੋਂ ਨਸ਼ਾ ਤਸਕਰੀ : ਸਰਹੱਦ ਪਾਰੋਂ ਪੰਜਾਬ 'ਚ ਨਸ਼ਾ ਤਸਕਰੀ ਦਾ ਸਿਲਸਿਲਾ ਆਮ ਹੁੰਦਾ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ ਪੰਜਾਬ 'ਚ 90 ਦੇ ਦਹਾਕਿਆਂ ਤੋਂ ਹੀ ਪਾਕਿਸਤਾਨ ਵਾਲੇ ਪਾਸੇ ਤੋਂ ਨਸ਼ੇ ਅਤੇ ਸੋਨੇ ਦੀ ਤਸਕਰੀ ਹੁੰਦੀ ਰਹੀ। ਪਰ ਸਿੰਥੈਟਿਕ ਨਸ਼ਿਆਂ ਦੀ ਖੋਜ ਕਾਰਨ ਡਰੱਗ ਤਸਕਰੀ ਦਾ ਤਰੀਕਾ ਬਦਲ ਗਿਆ। 21ਵੀਂ ਸਦੀ ਦੇ ਆਗਮਨ ਤੋਂ ਬਾਅਦ ਹੀ ਪੰਜਾਬ ਵਿਚ ਸਰਹੱਦ ਪਾਰੋਂ ਸਿੰਥੈਟਿਕ ਨਸ਼ਿਆਂ ਦੀ ਖੇਪ ਆਉਂਦੀ ਰਹੀ।
ਸਰਹੱਦਾਂ 'ਤੇ ਲੱਗੇ ਸੀਸੀਟੀਵੀ ਕੈਮਰੇ ਕਿਵੇਂ ਹੋਣਗੇ ਕਾਰਗਰ? ਭਾਰਤੀ ਫੌਜ ਦੇ ਸਾਬਕਾ ਕਰਨਲ ਵਿਪੀਨ ਪਾਠਕ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਉਪਰਾਲਾ ਠੀਕ ਹੈ ਪਰ ਪੰਜਾਬ ਵਿਚ ਨਸ਼ਾ ਖ਼ਤਮ ਤਾਂ ਹੀ ਹੋ ਸਕਦਾ ਹੈ ਜਦੋਂ ਨਸ਼ਾ ਤਸਕਰੀ ਦਾ ਪੂਰਾ ਨੈਟਵਰਕ ਖ਼ਤਮ ਹੋਵੇਗਾ। ਪੰਜਾਬ 'ਚ ਦਰਿਆਈ ਰਸਤਿਆਂ ਰਾਹੀਂ ਵੀ ਨਸ਼ਾ ਪਹੁੰਚਾਇਆ ਜਾਂਦਾ ਹੈ। ਈਰਾਨ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਤੋਂ ਆਉਣ ਵਾਲੀ ਨਸ਼ੇ ਦੀ ਖੇਪ ਨੂੰ ਸਿਲਕ ਰੂਟ ਵੀ ਕਿਹਾ ਜਾਂਦਾ ਹੈ ਜਿਹਨਾਂ ਨੂੰ ਸਿਰਫ਼ ਦਰਿਆਈ ਰੂਟਾਂ ਰਾਹੀਂ ਹੀ ਖਪਾਇਆ ਜਾਂ ਆਪਣੇ ਅੰਜਾਮ ਤੱਕ ਪਹੁੰਚਾਇਆ ਜਾ ਸਕਦਾ ਹੈ। ਇਹਨਾਂ ਰੂਟਸ 'ਤੇ ਸੀਸੀਟੀਵੀ ਕੈਮਰਾ ਕਿਵੇਂ ਕੰਮ ਕਰੇਗਾ ਜੇ ਕੈਮਰਾ ਲੱਗਣਗੇ ਤਾਂ ਉਹ ਕਿਵੇਂ ਕੰਮ ਕਰਨਗੇ ਇਹ ਵੀ ਤਕਨੀਕ ਤੋਂ ਹੀ ਪਤਾ ਲੱਗੇਗਾ।
ਕੈਮਰਿਆਂ ਦੀ ਲਾਈਵ ਮਾਨੀਟਰਿੰਗ : ਜੇਕਰ ਇਹਨਾਂ ਕੈਮਰਿਆਂ ਦੀ ਲਾਈਵ ਮਾਨੀਟਰਿੰਗ ਹੋਵੇਗੀ ਤਾਂ ਹੀ ਨਸ਼ਾ ਤਸਕਰਾਂ ਜਾਂ ਨਸ਼ਾ ਲਿਆਉਣ ਵਾਲਿਆਂ ਨੂੰ ਫੜਿਆ ਜਾ ਸਕੇਗਾ। ਸਰਹੱਦ ਪਾਰੋਂ ਨਸ਼ਾ ਤਸਕਰੀ ਨੂੰ ਰੋਕਣਾ ਕਈ ਵਾਰ ਗੁੰਝਲਦਾਰ ਵੀ ਹੋ ਸਕਦਾ ਹੈ ਕਿਉਂਕਿ ਨਸ਼ਾ ਤਸਕਰ ਜੋ ਤਸਕਰੀ ਵਿਚ ਮਾਹਿਰ ਹਨ ਉਹ ਨਸ਼ੇ ਦੀਆਂ ਖੇਪਾਂ ਭੇਜਣ ਲਈ ਕਈ ਤਰੀਕੇ ਅਤੇ ਕਈ ਟਿਕਾਣੇ ਬਦਲਦੇ ਹਨ। ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਕਈ ਵਾਰ ਜਾਣ ਬੁਝ ਕੇ ਨਸ਼ਾ ਤਸਕਰ ਜਾਂ ਨਸ਼ਾ ਭੇਜੇ ਜਾਣ ਵਾਲੀ ਸੁਰੰਗ ਨੂੰ ਉਜਾਗਰ ਕਰ ਦਿੱਤਾ ਜਾਂਦਾ ਹੈ। ਇਕ ਹਵਾ ਬਣਾ ਦਿੱਤੀ ਜਾਂਦੀ ਹੈ ਕਿ ਵੱਡੀ ਮਾਤਰਾ 'ਚ ਨਸ਼ਾ ਫੜਿਆ ਗਿਆ। ਜਦਕਿ ਕਿਸੇ ਹੋਰ ਸੁਰੰਗ ਰਾਹੀਂ ਨਸ਼ੇ ਦੇ ਅੰਬਾਰ ਟਿਕਾਣੇ ਤੱਕ ਪਹੁੰਚਾਏ ਜਾਂਦੇ ਹਨ। ਪੰਜਾਬ 'ਚ ਪੌਪੀ ਹਸਕ ਵਰਗੇ ਨਸ਼ੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਾਲੇ ਪਾਸੇ ਤੋਂ ਆਉਂਦੇ ਹਨ। ਜੋ ਕਿ ਸੜਕੀ ਆਵਾਜਾਈ ਰਾਹੀਂ ਗੱਡੀਆਂ ਵਿਚ ਭੇਜੇ ਜਾਂਦੇ ਹਨ। ਪੰਜਾਬ ਦੇ ਨਾਲ ਲੱਗਦੇ ਬਦੀ ਵਿਚੋਂ ਵੀ ਵੱਡੀ ਮਾਤਰਾ 'ਚ ਨਸ਼ਾ ਪੰਜਾਬ 'ਚ ਆ ਰਿਹਾ ਹੈ।