ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਨੇ ਜਿਪਸਮ ਘੋਟਾਲੇ ਦੀ ਜਾਂਚ ਵੱਡੇ ਪੈਮਾਨੇ 'ਤੇ ਸੀ.ਬੀ.ਆਈ. ਜਾਂ ਵਿਜੀਲੈਂਸ ਤੋਂ ਕਰਵਾਉਣ ਦੀ ਮੰਗ ਕੀਤੀ ਹੈ।
ਸਿਕੰਦਰ ਮਲੂਕਾ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਲੰਘ ਜਾਣ ਉਪਰੰਤ ਰਾਜਸਥਾਨ ਵਿੱਚੋਂ ਕਰੋੜਾਂ ਰੁਪਏ ਦਾ ਜੋ ਜਿਪਸਮ ਮੰਗਾਇਆ ਹੈ। ਉਸ ਦੇ 60 ਫ਼ੀਸਦੀ ਨਮੂਨੇ ਫ਼ੇਲ੍ਹ ਹੋਣ ਅਤੇ ਤੈਅ ਕੀਤੀਆਂ ਕੀਮਤਾਂ ਦੀ ਸੀ.ਬੀ.ਆਈ. ਜਾਂ ਵਿਜੀਲੈਂਸ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।
ਮਲੂਕਾ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਪੰਜਾਬ ਐਗਰੋ ਵੱਲੋਂ ਖਰੀਦੇ ਜਿਪਸਮ ਦੀ ਅਦਾਇਗੀ ਤੁਰੰਤ ਰੋਕ ਦੇਣ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਰਕਾਰੀ ਖ਼ਜ਼ਾਨੇ ਦੀ ਲੁੱਟ ਨਾ ਹੋ ਸਕੇ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਪੰਜਾਬ ਐਗਰੋ ਵੱਲੋਂ ਕੀਤੀ ਜਾ ਰਹੀ ਸਾਰੀ ਖਰੀਦ ਸਿੱਧਾ ਅਪਣੀ ਨਿਗਰਾਨੀ ਹੇਠ ਲੈ ਲੈਣ ਅਤੇ ਉਨ੍ਹਾਂ ਦੇ ਅਧੀਨ ਖੇਤੀਬਾੜੀ ਵਿਭਾਗ ਵਿੱਚ ਸੁਧਾਰ ਕੀਤਾ ਜਾਵੇ ਕਿਉਂਕਿ ਇਹ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ।
ਮਲੂਕਾ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਖਰੀਦ ਦਾ ਕੋਈ ਲਾਭ ਹੋਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜਿਪਸਮ ਨੂੰ ਲਿਆਉਣ ਦਾ ਖਰਚ ਮਿਲਾ ਕੇ ਇਹ 2200 ਰੁਪਏ ਪ੍ਰਤੀ ਟਨ ਪਿਆ ਹੈ ਪਰ ਸਰਕਾਰ ਇਸ ਨੂੰ 4400 ਰੁਪਏ ਪ੍ਰਤੀ ਟਨ ਵੇਚ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੁਨਾਫਾ ਕਮਾਉਣ ਵਾਲੀ ਏਜੰਸੀ ਨਹੀਂ ਬਣਨਾ ਚਾਹੀਦਾ।
ਇਹ ਵੀ ਪੜੋ:SYL ਮੁੱਦੇ 'ਤੇ ਪੰਜਾਬ ਤੇ ਹਰਿਆਣਾ ਦੇ ਸੀਐਮ ਬੈਠ ਕੇ ਕਰਨ ਗੱਲ: SC