ਚੰਡੀਗੜ੍ਹ: ਈਡੀ ਨੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬੰਸਲ ਦੇ ਭਤੀਜੇ ਵਿਜੈ ਸਿੰਗਲਾ ਖਿਲਾਫ਼ ਕੇਸ ਦਰਜ ਕੀਤਾ ਹੈ। ਈਡੀ ਨੇ ਇਹ ਮਾਮਲਾ ਵਿਜੈ ਸਿੰਗਲਾ ਨਾਲ ਜੁੜੇ ਰੇਲਵੇ ਰਿਸ਼ਵਤ ਕਾਂਡ ਦੇ ਸਬੰਧ ਵਿੱਚ ਦਰਜ ਕੀਤਾ ਹੈ। ਈਡੀ ਨੇ ਇਸ ਮਾਮਲੇ ਨੂੰ ਪੀਐਮਐਲਏ ਦੇ ਤਹਿਤ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਸੀਬੀਆਈ ਨੇ ਪਵਨ ਕੁਮਾਰ ਬੰਸਲ ਦੇ ਭਤੀਜੇ ਵਿਜੈ ਸਿੰਗਲਾ ਖਿਲਾਫ਼ ਮਾਮਲਾ ਦਰਜ ਕਰਕੇ ਰਿਸ਼ਵਤ ਦੇ ਤੌਰ 'ਤੇ ਲਏ 89.68 ਲੱਖ ਰੁਪਏ ਵੀ ਜ਼ਬਤ ਕੀਤੇ। ਸੀਬੀਆਈ ਨੇ ਰੇਲਵੇ ਘੋਟਾਲਾ ਮਾਮਲੇ ਵਿੱਚ ਇਸ ਕੇਸ ਸਬੰਧੀ ਦਿੱਲੀ ਹਾਈ ਕੋਰਟ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸਨੂੰ ਅਧਾਰ ਮੰਨਦੇ ਹੋਏ ਈਡੀ ਨੇ ਕਾਰਵਾਈ ਕੀਤੀ ਹੈ।
ਦੂਜੇ ਪਾਸੇ ਪਵਨ ਕੁਮਾਰ ਬੰਸਲ ਦੇ ਭਤੀਜੇ ਵਿਜੈ ਸਿੰਗਲਾ ਖਿਲਾਫ਼ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਚੰਡੀਗੜ੍ਹ ਦੀ ਸਿਆਸਤ ਹੋਰ ਭੱਖ ਗਈ ਹੈ। ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਪਵਨ ਬੰਸਲ 'ਤੇ ਅਸਿੱਧੇ ਤੌਰ 'ਤੇ ਹਮਲਾ ਬੋਲਦਿਆਂ ਕਿਹਾ ਕਿ, 'ਜੋ ਵੀ ਹੋਇਆ, ਉਹ ਬਹੁਤ ਦੁੱਖਦ ਹੈ। ਉਨ੍ਹਾਂ ਕਿਹਾ ਕਿ ਜਿਸਨੇ ਵੀ ਇਹ ਕੰਮ ਕੀਤਾ ਸੀ, ਉਸਨੂੰ ਇਸਦਾ ਨਤੀਜਾ ਭੁਗਤਣਾ ਪਵੇਗਾ।' ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਇਹ ਗਲਤੀ ਕਰਦੇ ਹਨ ਤਾਂ ਇਹ ਨਹੀਂ ਕਹਿੰਦੇ ਕਿ ਅਸੀਂ ਗਲਤ ਹਾਂ।
ਇਸਦੇ ਨਾਲ ਹੀ ਸੰਜੈ ਟੰਡਨ ਨੇ ਵੀ ਕਿਹਾ ਕਿ ਇਸ ਪੂਰੇ ਰੇਲ ਘੋਟਾਲੇ ਵਿੱਚ ਸਾਬਕਾ ਮੰਤਰੀ ਪਵਨ ਕੁਮਾਰ ਬੰਸਲ ਦੇ ਭਾਣਜੇ ਦਾ ਹੇਠ ਹੈ। ਉਨ੍ਹਾਂ ਕਿਹਾ ਕਿ ਇਹ ਸਾਫ ਹੋ ਗਿਆ ਹੈ ਕਿ ਇਸ ਘੋਟਾਲੇ ਵਿੱਚ ਵਿਜੈ ਸਿੰਗਲਾ ਦਾ ਹੱਥ ਹੈ।