ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸੰਵਦੇਨਸ਼ੀਲ ਧਾਰਮਿਕ ਮਸਲੇ ‘ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੋਮਵਾਰ ਨੂੰ ਖੋਲੇ ਗਏ ਧਾਰਮਿਕ ਅਸਥਾਨਾਂ ’ਤੇ ਪ੍ਰਸਾਦ ਨਾ ਵਰਤਾਏ ਜਾਣ ਬਾਰੇ ਫ਼ੈਸਲਾ ਕੇਂਦਰ ਸਰਕਾਰ ਦਾ ਹੈ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਵੀ ਭਾਈਵਾਲ ਹੈ।
ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਦੇ ਵੀ ਕਿਸੇ ਧਰਮ ਦੀ ਮਰਿਆਦਾ ਅਤੇ ਰਵਾਇਤਾਂ ਵਿੱਚ ਦਖ਼ਲਅੰਦਾਜ਼ੀ ’ਚ ਵਿਸਵਾਸ਼ ਨਹੀਂ ਕੀਤਾ, ਪਰ ਸਰਕਾਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਪ੍ਰਤੀ ਪਾਬੰਦ ਹੈ। ਉਨ੍ਹਾਂ ਨੇ ਝੂਠੀ ਬਿਆਨਬਾਜ਼ੀ ਰਾਹੀਂ ਲੋਕਾਂ ਨੂੰ ਸਰਕਾਰ ਖਿਲਾਫ਼ ਭੜਕਾਉਣ ਦੀ ਕੋਸ਼ਿਸ਼ ਕਰਨ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਕਰੜੀ ਆਲੋਚਨਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਧਾਰਮਿਕ ਅਸਥਾਨਾਂ ਲਈ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ਼) ਜਾਰੀ ਕੀਤੀ ਹੈ ਤਾਂ ਸੂਬਾ ਸਰਕਾਰ ਨੂੰ ਗੁਰਦੁਆਰਿਆਂ ਜਾਂ ਹੋਰ ਪੂਜਾ ਅਸਥਾਨਾਂ ਵਿਖੇ ਪ੍ਰਸਾਦ ਵੰਡਣ ’ਤੇ ਰੋਕ ਲਾਉਣ ਲਈ ਜ਼ਿੰਮੇਵਾਰ ਕਿਵੇਂ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਗ੍ਰਹਿ ਮੰਤਰਾਲਾ ਸੀ, ਜਿਸ ਨੇ ਕੌਮੀ ਆਫਤ ਐਕਟ ਤਹਿਤ 8 ਜੂਨ ਤੋਂ ਧਾਰਮਿਕ ਅਤੇ ਕੁਝ ਹੋਰ ਸਥਾਨਾਂ ਨੂੰ ਖੋਲਣ ਦੀ ਆਗਿਆ ਦੇਣ ਦਾ ਫੈਸਲਾ ਲਿਆ ਸੀ ਅਤੇ ਬਾਅਦ ਵਿੱਚ ਵੱਖ-ਵੱਖ ਹੋਰ ਕੇਂਦਰੀ ਮੰਤਰਾਲਿਆਂ ਨੂੰ ਇਸ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ ਸੀ।
ਕੈਪਟਨ ਨੇ ਚੁਟਕੀ ਲੈਂਦਿਆ ਕਿਹਾ ਕਿ ਕੇਂਦਰੀ ਮੰਤਰੀ ਹੋਣ ਦੇ ਨਾਤੇ ਅਕਾਲੀ ਆਗੂ ਹਰਸਿਮਰਤ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਨੇ 8 ਜੂਨ ਤੋਂ ਧਾਰਮਿਕ ਸਥਾਨਾਂ ਦੇ ਮੁੜ ਖੋਲਣ ਬਾਰੇ ਐਸ.ਓ.ਪੀਜ਼. ਜਾਰੀ ਹੋਣ ਤੋਂ ਪਹਿਲਾਂ ਜ਼ਰੂਰ ਸਲਾਹ-ਮਸ਼ਵਰੇ ਕੀਤੇ ਹੋਣਗੇ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਨੂੰ ਬਾਅਦ ਵਿੱਚ ਰੋਸ ਜ਼ਾਹਰ ਕਰਨ ਅਤੇ ਸੂਬਾ ਸਰਕਾਰ ’ਤੇ ਗਲਤ ਢੰਗ ਨਾਲ ਦੋਸ਼ ਮੜਨ ਦੀ ਬਜਾਏ ਉਸ ਵੇਲੇ ਇਸ ਫੈਸਲੇ ਤੋਂ ਪਿਛਾਂਹ ਹਟ ਕੇ ਪ੍ਰਸਾਦ ਵੰਡਣ ਦੀ ਆਗਿਆ ਦੇਣ ’ਤੇ ਜ਼ੋਰ ਦੇਣਾ ਚਾਹੀਦਾ ਸੀ।
ਦਰਅਸਲ, ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਰਾਜ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਗੁਰਦੁਆਰਿਆਂ ਵਿੱਚ ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਲੰਗਰ ਦੀ ਵੰਡ ਲਈ ਲੋੜੀਂਦੇ ਨਿਰਦੇਸ਼ ਜਾਰੀ ਕਰਨ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਪ੍ਰਧਾਨ ਮੰਤਰੀ ਨੂੰ ਧਾਰਮਿਕ ਅਸਥਾਨਾਂ ’ਤੇ ਪ੍ਰਸਾਦ ਵੰਡਣ ਦੀ ਆਗਿਆ ਦੇਣ ਲਈ ਪੱਤਰ ਲਿਖ ਰਹੇ ਹਨ।
ਮੁੱਖ ਮੰਤਰੀ ਨੇ ਅਕਾਲੀਆਂ ਦੇ ਦੋਹਰੇ ਮਾਪਦੰਡਾਂ ’ਤੇ ਵਰਦਿਆਂ ਕਿਹਾ ਕਿ ਨਵੀਂ ਦਿੱਲੀ ਦੇ ਗਲਿਆਰਿਆਂ ਵਿੱਚ ਭਾਰਤ ਸਰਕਾਰ ਦੇ ਵਿਵਾਦਪੂਰਨ ਫੈਸਲਿਆਂ ਦੇ ਹੱਕ ਵਿੱਚ ਖੜਨਾ ਅਕਾਲੀਆਂ ਦੀ ਆਦਤ ਬਣ ਗਈ ਹੈ ਜਦਕਿ ਜਨਤਕ ਤੌਰ ’ਤੇ ਇਸ ਦਾ ਵਿਰੋਧ ਕਰਨ ਦਾ ਢਕਵੰਜ ਕਰਦੇ ਹਨ।ਉਨਾਂ ਕਿਹਾ ਕਿ ਸੀ.ਏ.ਏ. ਦੇ ਕਾਨੂੰਨ ਤੋਂ ਲੈ ਕੇ ਹਾਲ ਹੀ ਵਿੱਚ ਖੇਤੀਬਾੜੀ ਸੁਧਾਰਾਂ ਬਾਰੇ ਜਾਰੀ ਕੀਤੇ ਆਰਡੀਨੈਂਸ ਤੱਕ, ਅਕਾਲੀ ਆਗੂ ਖਾਸ ਤੌਰ ’ਤੇ ਹਰਸਿਮਰਤ ਵਾਰ-ਵਾਰ ਰਾਜ ਦੇ ਹਿੱਤਾਂ ਦੇ ਨਾਜ਼ੁਕ ਮੁੱਦਿਆਂ ਉੱਤੇ ਆਪਣੇ ਕੋਰੇ ਝੂਠਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।