ਚੰਡੀਗੜ੍ਹ : ਏਜੰਟਾਂ ਦੀਆਂ ਠੱਗੀਆਂ ਅਤੇ ਵੀਜ਼ਾ ਮਾਮਲੇ ਵਿੱਚ ਹੋਰ ਘਪਲਿਆਂ ਤੋਂ ਬਾਅਦ ਕੈਨੇਡਾ ਦੀ ਸਰਕਾਰ ਵੀ ਸਖਤੀ ਵਰਤਣ ਲੱਗੀ ਹੈ। ਦਰਅਸਲ ਲਗਾਤਾਰ ਨੌਜਵਾਨਾਂ ਨਾਲ ਕੈਨੇਡਾ ਦੇ ਵੀਜ਼ੇ ਨੂੰ ਲੈ ਕੇ ਠੱਗੀਆਂ ਵੱਜ ਰਹੀਆਂ ਸਨ। ਨੌਜਵਾਨਾਂ ਕੋਲੋਂ ਲੱਖਾਂ ਰੁਪਏ ਠੱਗ ਕੇ ਏਜੰਟ ਕਿੱਧਰ ਉਡ ਜਾਂਦੇ ਸਨ, ਕਿਸੇ ਨੂੰ ਪਤਾ ਨਹੀਂ ਚੱਲਦਾ ਸੀ। ਪਰ ਹੁਣ ਕੈਨੇਡਾ ਦੇ ਕੁੱਝ ਸਰਕਾਰੀ ਕਾਲਜ ਆਪਣੇ ਨਿਯਮ ਕਾਨੂੰਨ ਬਦਲ ਰਹੇ ਹਨ, ਤਾਂ ਜੋ ਇਨ੍ਹਾਂ ਠੱਗੀਆਂ ਨੂੰ ਠੱਲ੍ਹ ਪੈ ਸਕੇ। ਜਾਣਕਾਰੀ ਮੁਤਾਬਿਕ ਓਂਟਾਰੀਓ ਦੇ ਸਰਕਾਰੀ ਕਾਲਜ ਵਲੋਂ ਨਵੇਂ ਨਿਯਮ ਬਣਾਉਣ ਲਈ ਕਦਮ ਚੁੱਕਿਆ ਜਾ ਰਿਹਾ ਹੈ। ਇਨ੍ਹਾਂ ਕਾਲਜਾਂ ਦਾ ਮੰਤਵ ਹੈ ਕਿ ਨੌਜਵਾਨਾਂ ਨਾਲ ਇਕ ਤਾਂ ਠੱਗੀਆਂ ਰੁਕਣ ਤੇ ਇਨ੍ਹਾਂ ਦਾ ਭਵਿੱਖ ਵੀ ਸੁਰੱਖਿਅਤ ਰਹੇ।
ਇਹ ਹੋਣਗੇ ਨਿਯਮ : ਮੀਡੀਆ ਰਿਪੋਰਟਾਂ ਦੀ ਗੱਲ ਕਰੀਏ ਤਾਂ ਇਹ ਨਿਯਮ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਦੇਣਗੇ ਅਤੇ ਇਸਦੇ ਨਾਲ ਹੀ ਉੱਥੋਂ ਦੇ ਕਾਲਜਾਂ ਦੀ ਮਾਰਕੀਟਿੰਗ ਅਤੇ ਹੋਰ ਦਾਖਲਾ ਪ੍ਰਕਿਰਿਆ 'ਤੇ ਵੀ ਅਮਲੀ ਜਾਮੇ ਵਿੱਚ ਲਿਆਂਦੇ ਜਾਣਗੇ। ਇਹ ਨਿਯਮ ਜੂਨ 2024 ਤੱਕ ਲਾਗੂ ਕਰਨ ਦੀ ਯੋਜਨਾ ਵੀ ਸਰਕਾਰ ਵਲੋਂ ਉਲੀਕੀ ਜਾ ਰਹੀ ਹੈ। ਇਹ ਵੀ ਯਾਦ ਰਹੇ ਕਿ ਲੰਘੇ ਦਿਨੀਂ ਕੈਨੇਡਾ 'ਚ 700 ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਫਰਜ਼ੀ ਮਿਲੇ ਸਨ ਅਤੇ ਉਨ੍ਹਾਂ ਨੂੰ ਵਾਪਿਸ ਭਾਰਤ ਭੇਜਣ ਦੀਆਂ ਖਬਰਾਂ ਵੀ ਖੂਬ ਵਾਇਰਲ ਹੋਈਆਂ ਸਨ। ਇਸੇ ਫਰਜ਼ੀਵਾੜੇ ਨੂੰ ਦੇਖਦਿਆਂ ਸਰਕਾਰ ਨੇ ਸਖਤੀ ਕੀਤੀ ਹੈ।
ਨੌਕਰੀ ਅਪਲਾਈ ਵੇਲੇ ਖੁਲ੍ਹਿਆ ਸੀ ਭੇਦ : ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੀ ਇਕ ਮਾਈਗ੍ਰੇਸ਼ਨ ਸਰਵਿਸ ਜ਼ਰੀਏ ਇਨ੍ਹਾਂ ਵਿਦਿਆਰਥੀਆਂ ਨੇ ਸਟੱਡੀ ਵੀਜ਼ਾ ਲੈ ਕੇ ਕੈਨੇਡਾ ਦਾਖਿਲਾ ਲਿਆ ਸੀ। ਪਰ 3 ਤੋਂ 4 ਸਾਲ ਪਹਿਲਾਂ ਵਿਦਿਆਰਥੀਆਂ ਦੇ ਵੀਜ਼ੇ ਵੀ ਧੋਖਾਧੜੀ ਦੇ ਸ਼ਿਕਾਰ ਹੋ ਗਏ। ਜਦੋਂ ਇਨ੍ਹਾਂ ਵਲੋਂ ਨੌਕਰੀ ਲਈ ਅਪਲਾਈ ਕੀਤਾ ਗਿਆ ਤਾਂ ਮਾਈਗ੍ਰੇਸ਼ਨ ਕੰਪਨੀ ਦੀ ਸਾਰੀ ਖੇਡ ਦਾ ਖੁਲਾਸਾ ਹੋ ਗਿਆ।
ਏਜੰਟਾਂ ਉੱਤੇ ਰਹੇਗੀ ਨਜ਼ਰ : ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨਿਯਮਾਂ ਨਾਲ ਵਿਦਿਆਰਥੀਆਂ ਨੂੰ ਸਹੀ ਤਰੀਕੇ ਨਾਲ ਗਾਇਡ ਕੀਤਾ ਜਾਵੇਗਾ ਤਾਂ ਜੋ ਉਹ ਉਥੋਂ ਦੇ ਕਾਨੂੰਨ ਅਨੁਸਾਰ ਆਪਣੀ ਪੜ੍ਹਾਈ ਕਰਨ ਅਤੇ ਕਾਲਜਾਂ ਦੀ ਕੋਈ ਵੀ ਸਮੱਗਰੀ ਵਿਦਿਆਰਥੀਆਂ ਨੂੰ ਗੁੰਮਰਾਹ ਨਾ ਕਰੇ। ਇਹ ਵੀ ਜਾਣਕਾਰੀ ਹੈ ਕਿ ਕਾਲਜ ਮੈਨੇਜਮੈਂਟ ਨੂੰ ਆਪਣੇ ਏਜੰਟਾਂ 'ਤੇ ਨਜ਼ਰ ਰੱਖਣੀ ਲਈ ਵੀ ਪਾਬੰਦ ਕੀਤਾ ਗਿਆ ਹੈ। ਜੇਕਰ ਕੋਈ ਏਜੰਟ ਅਜਿਹਾ ਨਹੀਂ ਕਰਦਾ ਹੈ ਤਾਂ ਲਾਇਸੈਂਸ ਰੱਦ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ : SGPC ਦਾ ਟਵੀਟ ਡਿਲੀਟ ਕਰਨ ਦੇ ਮਾਮਲੇ 'ਤੇ ਪ੍ਰਧਾਨ ਦਾ ਵੱਡਾ ਬਿਆਨ, ਕਿਹਾ- ਨਹੀਂ ਹੋਈ ਕੋਈ ਸੁਣਵਾਈ
ਜਾਣਕਾਰੀ ਅਨੁਸਾਰ ਕੈਨੇਡੀਅਨ ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਨੇ ਦੱਸਿਆ ਹੈ ਕਿ ਲੰਘੇ ਸਾਲ ਕੈਨੇਡਾ ਵਿੱਚ 8 ਲੱਖ ਤੋਂ ਵਧੇਰੇ ਵਿਦਿਆਰਥੀ ਪੜ੍ਹ ਰਹੇ ਸਨ। ਇਹ ਸੰਖਿਆਂ 5 ਸਾਲਾਂ ਨਾਲੋਂ 43 ਫੀਸਦ ਵੱਧ ਸੀ। ਭਾਰਤ ਦੇ 40 ਫੀਸਦ ਅਤੇ ਚੀਨ ਦੇ 12 ਫੀਸਦ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਦੇ ਹਨ। ਇਹ ਵੀ ਯਾਦ ਰਹੇ ਕਿ ਕੈਨੇਡੀਅਨ ਸਰਕਾਰ ਨੇ ਲੰਘੇ ਮਹੀਨੇ ਪੰਜਾਬ ਦੀਆਂ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਵੀ ਵਿਦਿਆਰਥੀਆਂ ਨੂੰ ਏਜੰਟਾਂ ਤੋਂ ਚੌਕਸ ਰਹਿਣ ਦਾ ਸੁਨੇਹਾ ਦਿੱਤਾ ਸੀ।