ਚੰਡੀਗੜ੍ਹ : 25 ਅਕਤੂਬਰ 2020 ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਨੂੰ ਸੰਬੋਧਨ ਕਰ ਰਹੇ ਸਨ ਤਾਂ ਸੰਬੋਧਨ ਵਿਚ ਅਚਾਨਕ ਚੰਡੀਗੜ੍ਹ ਦੇ ਸੰਦੀਪ ਕੁਮਾਰ ਦਾ ਜ਼ਿਕਰ ਕਰਨ ਲੱਗੇ। ਜਿਸਨੂੰ ਸੁਣਦਿਆਂ ਹੀ ਸੰਦੀਪ ਕੁਮਾਰ ਸੁੰਨ ਹੋ ਗਏ ਕਿ ਪ੍ਰਧਾਨ ਮੰਤਰੀ ਮੋਦੀ ਤੱਕ ਉਹਨਾਂ ਦਾ ਨਾਂ ਕਿਵੇਂ ਪਹੁੰਚਿਆ ਅਤੇ ਉਹਨਾਂ ਦੀ ਸੰਸਥਾ ਦਾ ਨਾਂ ਕਿਵੇਂ ਪਹੁੁੰਚਿਆ ? ਉਸ ਵਕਤ ਉਹ ਸਲੱਮ ਖੇਤਰ ਵਿਚ ਕਿਤਾਬਾਂ ਵੰਡ ਰਹੇ ਸਨ ਜਦੋਂ ਇਕ ਦਮ ਉਹਨਾਂ ਨੂੰ ਫੋਨ ਆਇਆ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਨਾਂ ਲਿਆ। ਇਹ ਸਭ ਕੁਝ ਹੋਇਆ ਉਹਨਾਂ ਦੇ ਸਮਾਜ ਅਤੇ ਗਰੀਬ ਬੱਚਿਆਂ ਲਈ ਦਿੱਤੇ ਜਾ ਰਹੇ ਯੋਗਦਾਨ ਕਰਕੇ। ਕਿਉਂਕਿ ਵਿੱਦਿਆ ਦਾ ਦਾਨ ਮਹਾਂਦਾਨ ਹੁੰਦਾ ਹੈ।
ਦੁਨੀਆਂ ਵਿਚ ਅਜਿਹੇ ਲੋਕ ਵੀ ਹੁੰਦੇ ਹਨ ਜੋ ਆਪਣੇ ਲਈ ਨਹੀਂ ਦੂਜਿਆਂ ਲਈ ਜਿਊਂਦੇ ਹਨ। ਅਜਿਹੇ ਹੀ ਇਕ ਸਖ਼ਸ਼ ਨੇ ਸੰਦੀਪ ਕੁਮਾਰ ਜਿਹੜੇ ਸਲੱਮ ਏਰੀਆ ਵਿਚ ਰਹਿੰਦੇ ਬੱਚਿਆਂ ਅਤੇ ਔਰਤਾਂ ਲਈ ਕੰਮ ਕਰ ਰਹੇ ਹਨ। ਗਰੀਬ ਵਰਗਾਂ ਅਤੇ ਸਲੱਮ ਖੇਤਰਾਂ ਵਿਚ ਰਹਿੰਦੇ ਬੱਚਿਆਂ ਨੂੰ ਪੁਰਾਣੀਆਂ, ਕਿਤਾਬਾਂ, ਕਾਪੀਆਂ ਦੇ ਕੇ ਪੜਾਈ ਕਰਵਾਉਣ ਦਾ ਕੰਮ ਸੰਦੀਪ ਕੁਮਾਰ ਵੱਲੋਂ ਕੀਤਾ ਜਾ ਰਿਹਾ ਹੈ। ਉਹਨਾਂ ਦੀ ਸੰਸਥਾ ਓਪਨ ਆਈ ਓਰਗਨਾਈਜੇਸ਼ਨ 2016 ਤੋਂ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਵਿਚ ਕੰਮ ਕਰ ਰਹੀ ਹੈ। ਇਹ ਤਾਂ ਆਮ ਹੀ ਅਸੀਂ ਸੁਣਦੇ ਹਨ ਕਿ ਗਰੀਬ ਬੱਚਿਆਂ ਦੀ ਪੜਾਈ ਲਈ ਕਿਤਾਬਾਂ ਦਾਨ ਦਿੱਤੀਆਂ ਗਈਆਂ। ਪਰ ਇਹ ਕਦੇ ਨਹੀਂ ਸੁਣਿਆ ਕਿ ਰੱਦੀ ਵਿਚ ਸੁੱਟੀਆਂ ਕਿਤਾਬਾਂ ਕਿਸੇ ਲਈ ਚਾਨਣ ਮੁਨਾਰਾ ਅਤੇ ਵਿਿਦਆ ਦਾ ਸ੍ਰੋਤ ਬਣ ਸਕਦੀਆਂ ਹਨ। ਜਦੋਂ ਸਾਡਾ ਪੈਨ ਖ਼ਤਮ ਹੋ ਜਾਵੇ ਤਾਂ ਕਈ ਵਾਰ ਅਸੀਂ ਉਸਨੂੰ ਸੁੁੱਟ ਦਿੰਦੇ ਹਾਂ ਅਤੇ ਦੁਬਾਰਾ ਵਰਤਣਾ ਮੁਨਾਸਿਬ ਨਹੀਂ ਸਮਝਦੇ। ਪਰ ਸੰਦੀਪ ਕੁਮਾਰ ਖਾਲੀ ਪੈਨ ਵਿਚ ਸਿਆਹੀ ਭਰਕੇ ਉਸਨੂੰ ਵਰਤਣ ਯੋਗ ਬਣਾ ਕੇ ਗਰੀਬ ਬੱਚਿਆਂ ਤੱਕ ਪਹੁੰਚਾਉਂਦੇ ਹਨ।
1 ਲੱਖ ਤੋਂ ਜ਼ਿਆਦਾ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਕਿਤਾਬਾਂ : ਓਪਨ ਆਈ ਫਾਊਡੇਸ਼ਨ ਵੱਲੋਂ ਹੁਣ ਤੱਕ 1 ਲੱਖ ਤੋਂ ਜ਼ਿਆਦਾ ਨੂੰ ਕਿਤਾਬਾਂ ਦਿੱਤੀਆਂ ਗਈਆਂ ਹਨ। ਉਹਨਾਂ ਕਿਤਾਬਾਂ ਨੂੰ ਜ਼ਰੂੁਰਤਮੰਦ ਬੱਚਿਆਂ ਦੇ ਹੱਥਾਂ ਵਿਚ ਦਿੱਤਾ ਗਿਆ ਜਿਹਨਾਂ ਕਿਤਾਬਾਂ ਨੂੰ ਲੋਕ ਰੱਦੀ ਸਮਝ ਕੇ ਸੁੱਟਣਾ ਅਤੇ ਵੇਚਣਾ ਪਸੰਦ ਕਰਦੇ ਹਨ। ਹੁਣ ਤੱਕ 600 ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਗਈਆਂ ਜਿਹਨਾਂ ਵਿਚ ਅਨਾਥ ਬੱਚੇ ਵੀ ਸ਼ਾਮਿਲ ਹਨ। ਇਨ੍ਹਾਂ ਹੀ ਨਹੀਂ ਸਲੱਮ ਖੇਤਰਾਂ ਵਿਚ ਰਹਿਣ ਵਾਲੀਆਂ 11000 ਔਰਤਾਂ ਨੂੰ ਸੈਨੇਟਰੀ ਪੈਡ ਵੀ ਦਿੱਤੇ ਗਏ। ਇਸਤੋਂ ਇਲਾਵਾ 5 ਲਾਇਬ੍ਰੇਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਜਿਥੇ ਲੋਕਾਂ ਨੂੰ ਮੁਫ਼ਤ ਵਿਚ ਪੜਨ ਲਈ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਪੂਰੀ ਟ੍ਰਾਈਸਿਟੀ ਵਿਚ 16 ਬੁਕਸ ਡੋਨੇਸ਼ਨ ਬਾਕਸ ਵੀ ਬਣਾਏ ਗਏ ਹਨ ਜਿਹਨਾਂ ਵਿਚ ਲੋਕ ਆਪਣੀਆਂ ਪੁਰਾਣੀਆਂ ਕਿਤਾਬਾਂ ਦੇ ਸਕਦੇ ਹਨ। 40 ਤੋਂ ਜ਼ਿਆਦਾ ਅਨਾਥ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਉਹਨਾਂ ਦੀ ਪੜਾਈ ਦਾ ਖਰਚਾ ਵੀ ਦਿੱਤਾ ਜਾਂਦਾ ਹੈ।
ਘਰ ਘਰ ਜਾ ਕੇ ਕਿਤਾਬਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ : ਸੰਦੀਪ ਕੁਮਾਰ ਘਰ ਘਰ ਜਾ ਕੇ ਕਿਤਾਬਾਂ ਇਕੱਠੀਆਂ ਕਰਦੇ। ਦਿਲਚਸਪ ਗੱਲ ਇਹ ਹੈ ਕਿ ਉਹ ਬਿਜ਼ਨਸਮੈਨ ਹਨ ਅਤੇ ਉਹਨਾਂ ਦੀ ਕੰਸਲਟੈਂਸੀ ਕੰਪਨੀ ਹੈ ਜਿਸਦੇ ਬਾਵਜੂਦ ਉਹ ਆਪਣਾ ਸਾਰਾ ਦਿਨ ਗਰੀਬ ਬੱਚਿਆਂ ਲਈ ਕਿਤਾਬਾਂ ਇਕੱਠੀਆਂ ਕਰਨ ਅਤੇ ੳਹਨਾਂ ਨੂੰ ਦੇਣ ਵਿਚ ਬਿਤਾਉਂਦੇ ਹਨ। ਸੰਦੀਪ ਕੁਮਾਰ ਨੂੰ ਚੰਡੀਗੜ੍ਹ ਵਿਚ ਬੁੱਕਮੈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਚੰਡੀਗੜ੍ਹ ਦੇ ਕਿਸੇ ਨਾ ਕਿਸੇ ਸੈਕਟਰ ਵਿਚ ਹਰ ਰੋਜ਼ ਉਹ ਆਪਣੀ ਗੱਡੀ ਖੜੀ ਕਰ ਦਿੰਦੇ ਹਨ ਅਤੇ ਕਿਤਾਬਾਂ ਦਾ ਦਾਨ ਲੈ ਕੇ ਅੱਗੇ ਵੰਡ ਦਿੰਦੇ ਹਨ। ਸੰਦੀਪ ਖੁਦ ਘਰ ਘਰ ਜਾ ਕੇ ਵੀ ਕਿਤਾਬਾਂ ਇਕੱਠੀਆਂ ਕਰਕੇ ਲਿਆਉਂਦੇ ਹਨ।
ਖੁਦ ਰੱਦੀ ਸਮਾਨ ਤੋਂ ਤਿਆਰ ਕੀਤਾ ਜਾਂਦਾ ਹੈ ਨਵਾਂ ਸਮਾਨ : ਸਟੇਸ਼ਨਰੀ ਦਾ ਸਮਾਨ ਰੱਦੀ ਵਿਚ ਵੇਚਿਆ ਜਾਂਦਾ ਹੈ ਜਾਂ ਫਿਰ ਕੂੜੇ ਵਿਚ ਸੁੱਟਿਆ ਜਾਂਦਾ ਹੈ। ਜਦਕਿ ਓਪਨ ਆਈ ਫਾਊਂਡੇਸ਼ਨ ਵੱਲੋਂ ਪੁਰਾਣੀਆਂ ਕਾਪੀਆਂ ਵਿਚ ਬਚੇ ਹੋਏ ਪੰਨੇ ਪਾੜ ਕੇ ਉਹਨਾਂ ਨਵੀਆਂ ਕਾਪੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਟੁੱਟੀਆਂ ਹੋਈਆਂ ਅਤੇ ਪੁਰਾਣੀਆਂ ਰਬੜਾਂ ਨੂੰ ਜੋੜ ਕੇ ਨਵੀਂ ਰਬੜ ਤਿਆਰ ਕੀਤੀ ਜਾਂਦੀ ਹੈ। ਪੁਰਾਣਾ ਪੈਨ ਜਿਸਦੀ ਸਿਆਹੀ ਖ਼ਤਮ ਹੋਣ ਤੋਂ ਬਾਅਦ ਕਈ ਵਾਰ ਕੂੜੇ ਦੇ ਢੇਰ ਵਿਚ ਪਏ ਮਿਲਦੇ ਹਨ ਉਹਨਾਂ ਨੂੰ ਸਿਆਹੀ ਭਰ ਕੇ ਮੁੜ ਤੋਂ ਚੱਲਣ ਦੇ ਯੋਗ ਬਣਾਕੇ ਬੱਚਿਆਂ ਤੱਕ ਪਹੁੰਚਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਵਿਸਾਖੀ ਮੌਕੇ ਅਤਿ-ਸੁਰੱਖਿਆ ਪ੍ਰਬੰਧਾਂ ਦਾ ਸਿੱਖ ਆਗੂਆਂ ਨੇ ਕੀਤਾ ਖੰਡਨ, ਕਿਹਾ- ਸਾਕਾ ਨੀਲਾ ਤਾਰਾ ਤੋਂ ਬਾਅਦ ਪਹਿਲੀ ਵਾਰ ਵੇਖੇ ਅਜਿਹੇ ਪ੍ਰਬੰਧ
ਇਕੱਲੇ ਤੁਰਦੇ ਗਏ ਕਾਫ਼ਲਾ ਬਣਦਾ ਗਿਆ : ਈਟੀਵੀ ਭਾਰਤ ਨਾਲ ਗੱਲ ਕਰਦਿਆਂ ਸੰਦੀਪ ਕੁਮਾਰ ਨੇ ਦੱਸਿਆ ਕਿ ਗ੍ਰੈਜੂਏਸ਼ਨ ਅਤੇ ਜੇਬੀਟੀ ਦੀ ਪੜਾਈ ਦੇ ਦੌਰਾਨ ਹੀ ਉਹਨਾਂ ਨੇ ਇਹ ਸੁਪਨਾ ਵੇਖਿਆ ਸੀ। ਸਾਲ 2016 ਵਿਚ ਇਕੱਲਿਆਂ ਉਹਨਾਂ ਨੇ ਇਸ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਪਰ ਹੌਲੀ ਹੌਲੀ ਉਹਨਾਂ ਦੇ ਨਾਲ ਲੋਕ ਜੁੜਦੇ ਗਏ। ਹੁਣ 150 ਦੇ ਕਰੀਬ ਵਲੰਟੀਅਰ ਉਹਨਾਂ ਦੇ ਨਾਲ ਹਨ। ਹਾਲਾਂਕਿ ਕਿਤਾਬਾਂ ਲਿਆਉਣ ਲਿਜਾਣ ਦਾ ਕੰਮ ਉਹ ਆਪ ਹੀ ਕਰ ਰਹੇ ਹਨ। ਓਪਨ ਆਈ ਫਾਊਂਡੈਂਸ਼ਨ ਕਿਸੇ ਵੀ ਵਿਅਕਤੀ ਕੋਲੋਂ ਕੋਈ ਵਿੱਤੀ ਮਦਦ ਨਹੀਂ ਲੈਂਦੀ। ਜਦਕਿ ਸਾਲ ਦੇ ਅਖੀਰ ਵਿਚ ਸਾਰੇ ਮੈਂਬਰ ਮਿਲਕੇ ਆਪੋ ਆਪਣਾ ਹਿੱਸਾ ਬੱਚਿਆਂ ਦੀ ਸਿੱਖਿਆ ਵਿਚ ਪਾਉਂਦੇ ਹਨ।