ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਬੈਠਕ ਕੀਤੀ ਗਈ। ਇਸ ਬੈਠਕ ਵਿੱਚ ਪਹਿਲੇ ਜੱਥੇ ਬਾਰੇ ਚਰਚਾ ਕੀਤੀ ਗਈ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਨਨਕਾਣਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਲੈ ਕੇ ਆਏਗਾ। ਰੰਧਾਵਾ ਨੇ ਕਰਤਾਰਪੁਰ ਕੋਰੀਡਰ ਦੇ ਕੰਮ ਨੂੰ ਲੈ ਕੇ ਵੀ ਚਰਚਾ ਕੀਤੀ ਜਿਸ ਵਿੱਚ ਭਾਰਤ ਸਰਕਾਰ ਵੱਲੋਂ ਕੋਰੀਡੋਰ ਦੇ ਕੰਮ ਨੂੰ ਲੈ ਕੇ ਨਾਖੁਸ਼ੀ ਜਤਾਈ ਅਤੇ ਕਿਹਾ ਕਿ ਜਿਸ ਤੇਜ਼ੀ ਨਾਲ ਕੰਮ ਹੋਣਾ ਚਾਹੀਦਾ ਸੀ ਉਸ ਤੇਜ਼ੀ ਨਾਲ ਨਹੀਂ ਹੋ ਰਿਹਾ ਜਦ ਕਿ ਪਾਕਿਸਤਾਨ ਨੇ ਭਾਰਤ ਤੋਂ ਦੋ ਦਿਨ ਬਾਅਦ ਕੰਮ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਵੱਲੋਂ 70 ਪ੍ਰਤੀਸ਼ਤ ਤੱਕ ਕੰਮ ਪੂਰਾ ਵੀ ਕਰ ਲਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮੰਤਰੀਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ ਅਤੇ ਪਾਕਿਸਤਾਨ ਜਾਣ ਲਈ ਭਾਰਤ ਸਰਕਾਰ ਵੱਲੋਂ ਹਾਲੇ ਤੱਕ ਮਨਜ਼ੂਰੀ ਨਹੀਂ ਦਿੱਤੀ ਗਈ ਜਿਸ ਕਰਕੇ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਪੱਤਰ ਲਿਖਿਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਲੈ ਕੇ ਤਿਆਰੀਆਂ ਲਗਾਤਾਰ ਚੱਲ ਰਹੀਆਂ ਹਨ ਅਤੇ ਇਸੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਇੱਕ ਵਿਸ਼ੇਸ਼ ਬੈਠਕ ਕੀਤੀ ਗਈ ਜਿਸਦੀ ਅਗਵਾਈ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤੀ ਗਈ। ਇਸ ਮੀਟਿੰਗ ਵਿੱਚ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹੋਏ ਅਤੇ ਅਧਿਕਾਰੀਆਂ ਦੇ ਨਾਲ ਸਾਰੇ ਕੰਮਾਂ ਨੂੰ ਲੈ ਕੇ ਚਰਚਾ ਕੀਤੀ ਗਈ ਅਤੇ ਤਿਆਰੀਆਂ ਤੇ ਜ਼ੋਰ ਦੇਣ ਦੀ ਗੱਲ ਕੀਤੀ ਗਈ।
ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪਾਕਿਸਤਾਨ ਨੂੰ ਜਾਣ ਵਾਲਾ ਪਹਿਲਾ ਜੱਥਾ ਨਨਕਾਣਾ ਸਾਹਿਬ ਤੋਂ ਸਿਆਸੀ ਦਲਾਂ, ਵਿਧਾਇਕਾਂ, ਐਸਜੀਪੀਸੀ ਦੇ ਮੈਂਬਰਾਂ ਅਤੇ ਧਰਮ ਗੁਰੂਆਂ ਦੇ ਨਾਲ ਜਾਏਗਾ ਅਤੇ ਸਹਿਜ ਪਾਠ ਵੀ ਸ਼ੁਰੂ ਕਰਵਾਏ ਜਾਣਗੇ। ਕੁਝ ਦਿਨ ਪਹਿਲਾਂ ਸੁਬਰਾਮਨੀਅਮ ਸਵਾਮੀ ਵੱਲੋਂ ਕਰਤਾਰਪੁਰ ਕੋਰੀਡੋਰ ਨਾਂ ਖੋਲ੍ਹੇ ਜਾਣ ਦੀ ਗੱਲ 'ਤੇ ਵਿਰੋਧ ਕੀਤਾ ਗਿਆ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਸਵਾਮੀ 'ਤੇ ਬੋਲਦੇ ਹੋਏ ਕਿਹਾ ਕਿ ਪਹਿਲਾਂ ਸਵਾਮੀ ਭਿੰਡਰਾਂਵਾਲੇ ਦਾ ਸਮਰਥਕ ਸੀ 'ਤੇ ਹੁਣ ਕਰਤਾਰਪੁਰ ਕੋਰੀਡੋਰ ਦਾ ਵਿਰੋਧ ਕਰ ਰਿਹਾ ਹੈ। ਇਸ ਦੇ ਪਿੱਛੇ ਜ਼ਰੂਰ ਇੱਕ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਅਜਿਹੇ 'ਚ ਬੀਜੇਪੀ ਨੂੰ ਸੁਬਰਮਨਿਅਮ ਸਵਾਮੀ ਨੂੰ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ। ਉਨ੍ਹਾਂ ਸਵਾਮੀ ਨੂੰ ਦੇਸ਼ ਵਿਰੋਧੀ ਦੱਸਦੇ ਹੋਏ ਮਾਮਲਾ ਦਰਜ ਕਰਨ ਤੱਕ ਦੀ ਮੰਗ ਕੀਤੀ ਹੈ।