ਚੰਡੀਗੜ੍ਹ : ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੱਲੋਂ ਪੰਜਾਬ ਦੇ ਮੌਜੂਦਾ ਹਲਾਤਾਂ ਅਤੇ ਜਲੰਧਰ ਜ਼ਿਮਣੀ ਚੋਣ ਲਈ ਭਾਜਪਾ ਵੱਲੋਂ ਬਣਾਈ ਗਈ ਰਣਨੀਤੀ 'ਤੇ ਚਰਚਾ ਕੀਤੀ ਗਈ। ਇਸ ਮੌਕੇ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਵਿਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਸੰਸਦ ਮੈਂਬਰ ਹੰਸ ਰਾਜ ਹੰਸ ਵੀ ਮੌਜੂਦ ਰਹੇ। ਭਾਜਪਾ ਵੱਲੋਂ ਰੱਖੀ ਗਈ ਪ੍ਰੈਸ ਕਾਨਫਰੰਸ ਵਿਚ ਸਭ ਤੋਂ ਪਹਿਲਾਂ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਨੂੰ ਆਧਾਰ ਬਣਾਇਆ ਗਿਆ ਅਤੇ ਸਭ ਤੋਂ ਪਹਿਲਾਂ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਗਿਆ।
'ਸੂਬੇ ਲਈ ਖ਼ਤਰਾ 'ਆਪ' ਸਰਕਾਰ' : ਆਪ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਹੀ ਕਹਿੰਦਾ ਆਇਆ ਹਾਂ ਕਿ ਆਪ ਸਰਕਾਰ ਜਿਹੜੇ ਵੀ ਸੂਬੇ ਵਿਚ ਬਣੇਗੀ ਉਸਦੇ ਹਾਲਾਤ ਖਰਾਬ ਹੋ ਜਾਣਗੇ। ਪੰਜਾਬ 'ਚ ਵੀ ਇਹੀ ਕੁਝ ਵੇਖਣ ਨੂੰ ਮਿਿਲਆ। ਗਰਾਊਂਡ 'ਚ ਖੇਡਦੇ ਖਿਡਾਰੀਆਂ ਦਾ ਕਤਲ ਹੋਇਆ, ਪੰਜਾਬ ਦੇ ਗਾਇਕ ਅਤੇ ਅਦਕਾਰਾਂ ਦੀ ਜਾਨ ਨੂੰ ਖ਼ਤਰਾ ਉਹਨਾਂ ਨੂੰ ਧਮਕੀ ਭਰੇ ਫੋਨ ਆ ਰਹੇ ਹਨ। ਪੰਜਾਬ ਵਿਚ ਗੰਨ ਅਤੇ ਨਸ਼ਾ ਪੂਰੀ ਤਰ੍ਹਾਂ ਹਾਵੀ ਹੈ ਹਰ ਰੋਜ਼ ਵਪਾਰੀਆਂ ਤੋਂ ਲੱਖਾਂ ਦੀਆ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਇਸ ਸਭ ਤੋਂ ਬਾਅਦ ਤਾਂ ਪੰਜਾਬ ਸੰਵੇਦਨਸ਼ੀਲ ਸੂਬਾ ਬਣ ਗਿਆ ਹੈ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਹਨ। ਸਰਕਾਰ ਅਮਨ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਵਿਚ ਪੂਰੀ ਤਰ੍ਹਾਂ ਫੇਲ੍ਹ ਹੈ।
'ਸਰਕਾਰ ਅਮਨ ਅਤੇ ਕਾਨੂੰਨ ਪੂਰੀ ਤਰ੍ਹਾਂ ਕਾਇਮ ਰੱਖੇ' : ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਸਰਕਾਰ ਨੂੰ ਸਲਾਹ ਦਿੱਤੀ ਕਿ ਸਰਕਾਰ ਅਮਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਇਮ ਰੱਖੇ। ਉਹਨਾਂ ਆਖਿਆ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਪ੍ਰਭਾਵਸ਼ਾਲੀ ਵਿਰੋਧੀ ਧਿਰ ਵਜੋਂ ਕੰਮ ਕਰ ਰਹੀ ਹੈ। ਬੇਸ਼ੱਕ ਭਾਜਪਾ ਨੂੰ 2 ਹੀ ਸੀਟਾਂ ਮਿਲੀਆਂ ਹਨ ਪਰ ਪੰਜਾਬ ਦੇ ਲੋਕਾਂ ਦਾ ਰੁਝਾਨ ਭਾਜਪਾ ਵੱਲ ਵਧ ਰਿਹਾ ਹੈ। 2 ਸੀਟਾਂ ਜਿੱਤਣ ਤੋਂ ਬਾਅਦ ਵੀ ਭਾਜਪਾ ਉਤਸ਼ਾਹ ਨਾਲ ਕੰਮ ਕਰ ਰਹੀ ਹੈ। ਮੁੱਖ ਵਿਰੋਧੀ ਧਿਰ ਵਜੋਂ ਕੰਮ ਕਰਕੇ ਸਰਕਾਰ ਦੀਆਂ ਨਾਕਾਮਯਾਬੀਆਂ ਨੂੰ ਸੜਕ ਤੋਂ ਸਦਨ ਤੱਕ ਲਿਆਉਂਦੀ ਹੈ।
ਜਲੰਧਰ ਜ਼ਿਮਣੀ ਚੋਣ ਭਾਜਪਾ ਜਿੱਤੇਗੀ : ਗਜੇਂਦਰ ਸ਼ੇਖਾਵਤ ਨੇ ਦਾਅਵਾ ਕੀਤਾ ਕਿ ਭਾਜਪਾ ਹੀ ਜਲੰਧਰ ਦੀ ਜ਼ਿਮਨੀ ਚੋਣ ਜਿੱਤੇਗੀ। ਭਾਜਪਾ ਵੱਲੋਂ ਜਲੰਧਰ ਜ਼ਿਮਣੀ ਚੋਣ ਵਿਚ ਪੂਰੀ ਤਾਕਤ ਲਗਾਈ ਜਾਵੇਗੀ। ਪੰਜਾਬ ਦੇ ਵਿਚ ਜੋ ਹਾਲਾਤ ਬਣੇ ਹਨ ਲੋਕਾਂ ਦਾ ਰੁਝਾਨ ਭਾਜਪਾ ਵੱਲ ਵੱਧਦਾ ਜਾ ਰਿਹਾ ਹੈ। ਹੁਣ ਪੰਜਾਬੀ ਭਾਜਪਾ ਤੋਂ ਉਮੀਦ ਜਤਾ ਰਹੇ ਹਨ ਜਿਸਦਾ ਲਾਹਾ ਭਾਜਪਾ ਨੂੰ ਜ਼ਰੂਰ ਮਿਲੇਗਾ ਅਤੇ ਚੰਗਾ ਵੋਟ ਪ੍ਰਤੀਸ਼ਤ ਵੀ ਮਿਲੇਗਾ।