ਚੰਡੀਗੜ੍ਹ: ਪੰਜਾਬ ਦੇ ਭਾਜਪਾ ਲੀਡਰਾਂ ਨੂੰ ਲਗਾਤਾਰ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਭਰ 'ਚ ਉਨ੍ਹਾਂ ਦਾ ਬਾਈਕਾਟ ਕੀਤਾ ਗਿਆ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸੇ ਦੇ ਚੱਲਦੇ ਬਟਾਲਾ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਸਿਮਰਨ ਸਿੰਘ ਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਨਿਹੰਗਾਂ ਵਾਂਗ ਕਪੜੇ ਪਾਏ ਹੋਏ ਸੀ। ਇਸ ਸ਼ਿਕਾਇਤ ਨੂੰ ਲੈ ਕੇ ਉਨ੍ਹਾਂ ਵੱਲੋਂ ਇਕ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖ਼ਲ ਕੀਤੀ ਗਈ ਜਿੱਥੇ ਹਾਈ ਕੋਰਟ ਨੇ ਇਸ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਐੱਸਐੱਸਪੀ ਬਟਾਲਾ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ।
ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ
ਪਟੀਸ਼ਨ ਬਾਰੇ ਦੱਸਦੇ ਹੋਏ ਵਕੀਲ ਪ੍ਰਤੀਕ ਗੁਪਤਾ ਨੇ ਦੱਸਿਆ ਕਿ 9 ਫਰਵਰੀ 2021 ਨੂੰ ਸ਼ਾਮ ਵੇਲੇ ਪਟੀਸ਼ਨਰ ਉੱਤੇ ਹਮਲਾ ਹੋਇਆ ਸੀ। ਹਮਲਾ ਕਰਨ ਵਾਲੇ ਵਿਅਕਤੀਆਂ ਨੇ ਨਿਹੰਗਾਂ ਵਾਂਗ ਕੱਪੜੇ ਪਾਏ ਹੋਏ ਸੀ। ਇਸ ਹਮਲੇ ਦੀ ਸਾਰੀ ਘਟਨਾ ਮੌਕੇ ’ਤੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਵਕੀਲ ਨੇ ਇਹ ਵੀ ਦੱਸਿਆ ਕਿ ਪਟੀਸ਼ਨਰ ਵੱਲੋਂ ਪਹਿਲਾਂ ਵੀ ਐੱਸਐੱਸਪੀ ਬਟਾਲਾ ਨੂੰ ਇਸ ਸਬੰਧੀ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ ਉਨ੍ਹਾਂ ਪਹਿਲਾਂ ਤੋਂ ਧਮਕੀਆਂ ਮਿਲਣ ਬਾਰੇ ਕਿਹਾ ਸੀ। ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪਟੀਸ਼ਨਰ ਲੋਕਲ ਬਾਡੀ ਚੋਣਾਂ ਦੇ ਵਿੱਚ ਜਿੱਤਣ ਵਾਲੇ ਭਾਜਪਾ ਦੇ ਇਕਲੌਤੇ ਉਮੀਦਵਾਰ ਹਨ ਇਸ ਦਾ ਖਾਮਿਆਜ਼ਾ ਵੀ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿਸ ਕਾਰਨ ਉਨ੍ਹਾਂ ਨੇ ਪਟੀਸ਼ਨ ਚ ਖੁਦ ਲਈ ਸੁਰੱਖਿਆ ਦੀ ਮੰਗ ਵੀ ਕੀਤੀ ਹੈ।
ਇਹ ਵੀ ਪੜੋ: ਹੁੱਕਾ ਸਪਲਾਈ ’ਤੇ ਰੋਕ ਲਗਾਉਣ ਦਾ ਮਾਮਲਾ ਪਹੁੰਚਿਆ ਹਾਈਕੋਰਟ
ਭਾਜਪਾ ਨੇਤਾ ਅਤੇ ਉਸਦੇ ਪਰਿਵਾਰ ਨੂੰ ਖਤਰਾ- ਪਟੀਸ਼ਨਕਰਤਾ
ਪਟੀਸ਼ਨਰ ਨੇ ਕਿਹਾ ਕਿ ਭਾਜਪਾ ਤੋਂ ਤਾਲੁਕ ਰੱਖਣ ਕਾਰਨ ਉਸ ਦੀ ਜਾਨ ਅਤੇ ਉਹਦੇ ਪਰਿਵਾਰ ਦੀ ਸੁਰੱਖਿਆ ਵੀ ਖ਼ਤਰੇ ਵਿੱਚ ਹੈ। ਨਾਲ ਹੀ ਪਟੀਸ਼ਨਕਰਤਾ ਦਾ ਇਹ ਵੀ ਕਹਿਣਾ ਹੈ ਕਿ ਉਸਦਾ ਬਿਜ਼ਨੈੱਸ ਰੀਅਲ ਅਸਟੈਟ ਦਾ ਹੈ। ਇਸ ਕਰਕੇ ਉਨ੍ਹਾਂ ਨੂੰ ਸੁਰੱਖਿਆ ਦੇਣ ਦੇ ਨਿਰਦੇਸ਼ ਦਿੱਤੇ ਜਾਣ।