ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਕਲਮ ਛੋੜ ਹੜ੍ਹਤਾਲ ਕਰਨ ਦਾ ਐਲ਼ਾਨ ਕਰਨ ਵਾਲੇ ਪਟਵਾਰੀਆਂ ਤੇ ਕਾਨੂੰਨਗੋ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਹੜ੍ਹਤਾਲ ਕਰਦੇ ਹਨ, ਸਰਕਾਰ ਵੀ ਸੋਚੇਗੀ ਕਿ ਫਿਰ ਬਾਅਦ ਵਿੱਚ ਕਲਮ ਕਿਸ ਨੂੰ ਦੇਣੀ ਹੈ ਜਾਂ ਨਹੀਂ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਆਪ ਸਰਕਾਰ ਦੇ ਦੋਹਰੇ ਮਾਪਦੰਡ ਅਪਨਾਉਣ ਦਾ ਇਲਜ਼ਾਮ ਲਾਇਆ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਜ਼ੇਕਰ ਕਿਸੇ ਕਰਮਚਾਰੀ ਨੇ ਗਲਤ ਕੀਤਾ ਹੈ ਤਾਂ ਉਸਦੇ ਖਿਲਾਫ ਬੇਸ਼ੱਕ ਕਾਰਵਾਈ ਹੋਵੇ, ਪਰ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਕੈਬਨਿਟ ਵਿਚ ਨਾਲ ਦੀਆਂ ਕੁਰਸੀਆਂ ਤੇ ਬੈਠੇ ਉਹ ਮੰਤਰੀ ਵਿਖਾਈ ਨਹੀਂ ਦਿੰਦੇ, ਜਿਹਨ੍ਹਾਂ ਦੀ ਪੁਸ਼ਤ ਪਨਾਹੀ ਹੇਠ ਪਠਾਨਕੋਟ ਵਿਚ ਕਰੋੜਾਂ ਦੀ ਜਮੀਨ ਦਾ ਘਪਲਾ ਹੋ ਗਿਆ?
ਦੋਹਰੇ ਚਰਿੱਤਰ ਵਿਚੋਂ ਬਾਹਰ ਆਉਣ : ਭਾਜਪਾ ਪ੍ਰਧਾਨ ਨੇ ਸਵਾਲ ਕੀਤਾ ਕਿ ਕੀ ਉੱਚ ਪੱਧਰੀ ਦਿਸ਼ਾ ਨਿਰਦੇਸ਼ਾਂ ਬਿਨ੍ਹਾਂ ਸੰਭਵ ਹੈ ਕਿ ਇਕ ਬੀਡੀਪੀਓ ਨੂੰ ਇਕ ਹਫ਼ਤੇ ਵਿਚ ਹੀ ਏਡੀਸੀ ਬਣਾ ਦਿੱਤਾ ਜਾਵੇ ਅਤੇ ਫਿਰ ਉਹ ਕਰੋੜਾਂ ਦੀ ਜਮੀਨ ਦਾ ਗਬਨ ਕਰ ਜਾਵੇ। ਸੁਨੀਲ ਜਾਖੜ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਆਪਣੇ ਦੋਹਰੇ ਚਰਿੱਤਰ ਵਿਚੋਂ ਬਾਹਰ ਆਉਣ ਤੇ ਆਪਣੀ ਕੈਬਨਿਟ ਦੇ ਸਾਥੀਆਂ ਖਿਲਾਫ ਵੀ ਅਜਿਹੀ ਸਾਹਸੀ ਕਾਰਵਾਈ ਕਰਨ ਦੀ ਹਿੰਮਤ ਵਿਖਾਉਣ, ਜਿਸ ਤਰਾਂ ਦੀ ਕਾਰਵਾਈ ਦਾ ਜਿਕਰ ਉਹ ਆਪਣੇ ਕਰਮਚਾਰੀਆਂ ਤੇ ਕਰਨ ਦਾ ਦਾਅਵਾ ਕਰਦੇ ਹਨ।
ਆਪ ਸਰਕਾਰ ਦੇ ਮੰਤਰੀਆਂ ਉੱਤੇ ਲਏ ਐਕਸ਼ਨਾਂ 'ਤੇ ਸਵਾਲ: ਜਾਖੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੋ ਮੰਤਰੀਆਂ ਨੂੰ ਜਿੰਨ੍ਹਾਂ ਦੀ ਮੰਤਰੀ ਮੰਡਲ ਵਿਚੋਂ ਛੁੱਟੀ ਕੀਤੀ ਗਈ ਸੀ, ਉਨ੍ਹਾਂ ਖਿਲਾਫ ਜਾਂਚ ਕਿੱਥੇ ਪੁੱਜੀ ਹੈ। ਇਸ ਦੀ ਜਾਣਕਾਰੀ ਵੀ ਮੁੱਖ ਮੰਤਰੀ ਨੂੰ ਜਨਤਕ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਨਾਲ ਹੀ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਮੰਤਰੀ ਜਿਹੜੇ ਹੁਣ ਸਰਕਾਰੀ ਸਮਾਗਮਾਂ ਦੀ ਸੋਭਾ ਬਣ ਰਹੇ ਹਨ, ਕਿ ਇਸਤੋਂ ਮੰਨ ਲਿਆ ਜਾਵੇ ਕਿ ਉਨ੍ਹਾਂ ਖਿਲਾਫ ਕਾਰਵਾਈ ਇਕ ਦਿਖਾਵਾ ਮਾਤਰ ਸੀ?ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਇਸ ਤਰਾਂ ਦੀਆਂ ਕਾਰਵਾਈਆਂ ਕਰਕੇ ਅਸਲ ਵਿਚ ਕਿਸਾਨਾਂ ਨੂੰ ਫਸਲਾਂ ਦਾ ਮੁਆਵਜਾ ਨਾ ਵੰਡ ਸਕਨ ਦੀ ਆਪਣੀ ਸਰਕਾਰ ਦੀ ਨਕਾਮੀ ਛੁਪਾਉਣ ਦੀ ਕੋਸਿ਼ਸ ਕਰ ਰਹੇ ਹਨ, ਪਰ ਪੰਜਾਬ ਦੇ ਸੂਝਵਾਨ ਲੋਕ ਹੁਣ ਮੁੱਖ ਮੰਤਰੀ ਦਾ ਅਸਲ ਸੱਚ ਸਮਝ ਚੁੱਕੇ ਹਨ। (ਪ੍ਰੈਸ ਨੋਟ)