ਚੰਡੀਗੜ੍ਹ: ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਨੂੰ 9 ਸਾਲ ਦਾ ਸਮਾਂ ਪੂਰਾ ਹੋ ਗਿਆ ਹੈ ਜਿਸ ਨੂੰ ਲੈ ਕੇ ਭਾਜਪਾ ਪੂਰੀ ਤਰ੍ਹਾਂ ਪੱਬਾਂ ਭਾਰ ਹੈ। ਭਾਜਪਾ ਇਸੇ ਦਰਮਿਆਨ ਆਪਣਾ ਮਿਸ਼ਨ 2024 ਦਾ ਨਾਦ ਵਜਾ ਚੁੱਕੀ ਹੈ। ਜਿਸ ਦਾ ਸਭ ਤੋਂ ਵੱਡਾ ਕੇਂਦਰ ਪੰਜਾਬ ਬਣਦਾ ਜਾ ਰਿਹਾ ਹੈ। ਭਾਜਪਾ ਕੌਮੀ ਪ੍ਰਧਾਨ ਜੇਪੀ ਨੱਢਾ ਪੰਜਾਬ ਵਿੱਚ ਰੈਲੀਆਂ ਕਰ ਰਹੇ ਹਨ ਅਤੇ ਆਉਂਦੇ ਦਿਨਾਂ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੰਜਾਬ ਵਿੱਚ ਰੈਲੀਆਂ ਦਾ ਦੌਰ ਸ਼ੁਰੂ ਕਰਨਗੇ। ਇਸ ਸਭ ਦੇ ਵਿਚਾਲੇ ਇਕ ਚਰਚਾ ਹੋਰ ਵੀ ਛਿੜੀ ਹੈ ਕਿ ਭਾਜਪਾ ਆਪਣੇ ਪੁਰਾਣੇ ਭਾਈਵਾਲਾਂ ਨਾਲ ਮੁੜ ਤੋਂ ਗੱਠਜੋੜ ਕਰ ਸਕਦੀ ਹੈ। ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਮੁੜ ਤੋਂ ਅਕਾਲੀ ਭਾਜਪਾ ਗੱਠਜੋੜ ਦੀ ਨਵੀਂ ਕਵਾਇਦ ਚੱਲ ਸਕਦੀ ਹੈ ਜੋ ਕਿ ਪੰਜਾਬ ਦੀ ਸਿਆਸਤ ਵਿੱਚ ਕਈ ਨਵੇਂ ਸਮੀਕਰਨ ਬਣਾ ਸਕਦੀ ਹੈ।
ਤੱਕੜੀ 'ਤੇ ਕਮਲ ਦਾ ਬਟਨ ਹੋ ਸਕਦਾ ਸਾਂਝਾ: ਜਲੰਧਰ ਜ਼ਿਮਨੀ ਚੋਣਾਂ ਤੋਂ ਬਾਅਦ ਇੱਕ ਤਸਵੀਰ ਬਿਲਕੁਲ ਸਾਫ਼ ਹੈ। ਜ਼ਿਮਨੀ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਦਾ ਮਨੋਬਲ ਕੁੱਝ ਹੱਦ ਤੱਕ ਡਿੱਗਿਆ ਜ਼ਰੂਰ ਹੈ। ਭਾਜਪਾ ਨੇ ਜਿਸ ਤਰੀਕੇ ਨਾਲ ਜ਼ਿਮਨੀ ਚੋਣਾਂ 'ਚ ਆਪਣੀ ਤਾਕਤ ਲਗਾਈ, ਕੇਂਦਰੀ ਮੰਤਰੀ ਤੱਕ ਇੱਥੇ ਪ੍ਰਚਾਰ ਕਰਨ ਆਏ ਅਤੇ ਪਿੰਡਾਂ ਤੱਕ ਜਾ ਕੇ ਪ੍ਰਚਾਰ ਕੀਤਾ ਸੀ। ਉਸ ਉਮੀਦ ਮੁਤਾਬਿਕ ਭਾਜਪਾ ਨੂੰ ਨਤੀਜਿਆਂ ਵਿਚ ਸਫ਼ਲਤਾ ਨਹੀਂ ਮਿਲੀ। ਭਾਜਪਾ ਦਾ ਸਥਾਨ ਅਕਾਲੀ ਦਲ ਤੋਂ ਵੀ ਬਾਅਦ ਰਿਹਾ। ਪੇਂਡੂ ਖੇਤਰਾਂ ਵਿੱਚ ਤਾਂ ਭਾਜਪਾ ਬਿਲਕੁਲ ਹੀ ਪੱਛੜੀ ਰਹੀ। ਇਸ ਤੋਂ ਪਹਿਲਾਂ ਜਦੋਂ ਅਕਾਲੀ ਭਾਜਪਾ ਗੱਠਜੋੜ ਵੱਲੋਂ ਚੋਣ ਲੜੀ ਗਈ ਸੀ ਤਾਂ ਭਾਜਪਾ ਨੂੰ ਜਲੰਧਰ 31 ਪ੍ਰਤੀਸ਼ਤ ਵੋਟਾਂ ਮਿਲੀਆਂ। ਜਿਸ ਕਰਕੇ ਭਾਜਪਾ ਨੂੰ ਕਿਤੇ ਨਾ ਕਿਤੇ ਅਕਾਲੀ ਭਾਜਪਾ ਗੱਠਜੋੜ ਟੁੱਟਣ ਦਾ ਨੁਕਸਾਨ ਮਹਿਸੂਸ ਹੋ ਰਿਹਾ।
ਭਾਜਪਾ ਦਾ ਇਕ ਧੜਾ ਗੱਠਜੋੜ ਦੇ ਹੱਕ 'ਚ: ਅਜਿਹੀ ਸਥਿਤੀ ਵਿੱਚ ਭਾਜਪਾ ਦਾ ਇਕ ਧੜਾ ਗੱਠਜੋੜ ਦੀ ਹਮਾਇਤ ਕਰ ਰਿਹਾ ਹੈ ਤਾਂ ਕਿ ਪੇਂਡੂ ਅਤੇ ਸ਼ਹਿਰੀ ਸੀਟਾਂ 'ਤੇ ਆਪਣਾ ਦਬਦਬਾ ਕਾਇਮ ਰੱਖਿਆ ਜਾ ਸਕੇ। ਜਦਕਿ ਦੂਜਾ ਧੜਾ ਕਹਿੰਦਾ ਹੈ ਕਿ ਗੱਠਜੋੜ ਨਾਲ ਪਾਰਟੀ ਦਾ ਨੁਕਸਾਨ ਹੋ ਸਕਦਾ ਹੈ ਅਤੇ ਪਾਰਟੀ ਨੂੰ ਇਕੱਲਿਆਂ ਹੀ ਚੋਣ ਲੜਨੀ ਚਾਹੀਦੀ ਹੈ। ਭਾਜਪਾ ਦੀ ਲੀਡਰਸ਼ਿਪ ਅੰਦਰ ਵੀ ਇਹ ਮੰਥਨ ਚੱਲ ਰਿਹਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਮੋਲ ਤੋਲ ਕਰਕੇ ਮੁੜ ਤੋਂ ਅਕਾਲੀ ਦਲ ਨਾਲ ਗੱਠਜੋੜ ਕੀਤਾ ਜਾ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਗੱਠਜੋੜ ਵਿੱਚ ਸੀਟਾਂ ਦੀ ਰਣਨੀਤੀ ਬਦਲ ਜਾਵੇ ਕਿਉਂਕਿ ਅਕਾਲੀ ਦਲ ਦੀ ਹਾਲਤ ਪਹਿਲਾਂ ਨਾਲੋਂ ਕੁਝ ਕਮਜ਼ੋਰ ਹੋਈ ਹੈ।
ਦਸੰਬਰ ਵਿੱਚ ਹੋ ਸਕਦੀਆਂ ਲੋਕ ਸਭਾ ਚੋਣਾਂ: ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਮਾਹੌਲ ਪੈਦਾ ਹੋ ਰਿਹਾ ਜਿਸ ਕਰਕੇ ਭਾਜਪਾ ਇਸੇ ਸਾਲ ਦਸੰਬਰ 'ਚ ਲੋਕ ਸਭਾ ਚੋਣਾਂ ਕਰਵਾ ਸਕਦੀ ਹੈ। ਇਸ ਤੋਂ ਪਹਿਲਾਂ 2004 'ਚ ਇੰਡੀਆ ਸ਼ਾਈਨ ਅੰਦੋਲਨ ਦੌਰਾਨ ਬਾਜਪਾਈ ਸਰਕਾਰ ਨੇ ਵੀ ਸਮੇਂ ਤੋਂ ਪਹਿਲਾਂ ਲੋਕ ਸਭਾ ਚੋਣਾਂ ਕਰਵਾਈਆਂ ਸਨ, ਜਿਸ ਦਾ ਭਾਜਪਾ ਨੂੰ ਨੁਕਸਾਨ ਹੋਇਆ ਸੀ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਸੀ। ਇਸ ਸਮੇਂ ਭਾਜਪਾ ਜਿਸ ਹਿੰਦੂ ਏਜੰਡੇ ਉੱਤੇ ਕੰਮ ਕਰ ਰਹੀ ਹੈ ਉਸ ਵਿੱਚ ਵਿਰੋਧੀ ਧਿਰਾਂ ਨੂੰ ਕੋਈ ਮੌਕਾ ਨਹੀਂ ਦੇਣਾ ਚਾਹੁੰਦੀ। ਇਸ ਲਈ ਇਹ ਵੀ ਹੋ ਸਕਦਾ ਹੈ ਕਿ ਸਮੇਂ ਤੋਂ ਪਹਿਲਾਂ ਲੋਕ ਸਭਾ ਚੋਣਾਂ ਹੋ ਜਾਣ।
ਭਾਜਪਾ ਵੱਲੋਂ ਗੱਠਜੋੜ ਦੀਆਂ ਚਰਚਾਵਾਂ ਨੂੰ ਦਰਕਿਨਾਰ ਕਰਨ ਪਿੱਛੇ ਸੱਚ ਕੀ ?: ਹਾਲਾਂਕਿ ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਨੂੰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਕਈ ਵਾਰ ਦਰਕਿਨਾਰ ਕਰ ਚੁੱਕੀ ਹੈ, ਪਰ ਸੱਚਾਈ ਤਾਂ ਇਹ ਹੈ ਕਿ ਭਾਜਪਾ ਤੋਲ ਮੋਲ ਵਾਲੀ ਰਣਨੀਤੀ 'ਤੇ ਕੰਮ ਕਰ ਰਹੀ ਹੈ। ਹਰਦੀਪ ਪੁਰੀ ਜਾਂ ਹੋਰ ਕਈ ਲੀਡਰ ਜੋ ਵੀ ਇਸ ਗੱਠਜੋੜ ਬਾਰੇ ਬਿਆਨ ਦਿੰਦੇ ਹਨ। ਉਹਨਾਂ ਨਾਲੋਂ ਜ਼ਿਆਦਾ ਅਮਿਤ ਸ਼ਾਹ ਅਤੇ ਪੀਐੱਮ ਮੋਦੀ ਦੀ ਬਿਆਨਬਾਜ਼ੀ ਅਹਿਮ ਹੈ। ਉਸ ਪੱਧਰ ਤੋਂ ਅਜੇ ਅਜਿਹਾ ਕੁਝ ਵੀ ਸੁਣਨ ਨੂੰ ਨਹੀਂ ਮਿਲਿਆ। ਇਸ ਲਈ ਚੋਣਾਂ ਤੋਂ ਪਹਿਲਾਂ ਕੁਝ ਵੀ ਹੋ ਸਕਦਾ ਹੈ ਗੱਠਜੋੜ ਹੋ ਵੀ ਸਕਦਾ ਅਤੇ ਨਹੀਂ ਵੀ।
ਅਕਾਲੀ ਦਲ ਤੋਂ ਬਾਹਰ ਗਏ ਆਗੂ ਵੀ ਭਾਜਪਾ ਨਾਲ ਗੱਠਜੋੜ ਕਰਨ ਨੂੰ ਤਿਆਰ: ਸੀਨੀਅਰ ਪੱਤਕਰਾਰ ਅਤੇ ਸਿਆਸੀ ਮਾਹਿਰ ਹਮੀਰ ਸਿੰਘ ਦਾ ਕਹਿਣਾ ਹੈ ਕਿ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਕਈ ਤਰ੍ਹਾਂ ਦੇ ਸਮੀਕਰਨ ਬਣ ਸਕਦੇ ਹਨ। ਇੱਕ ਪੱਖ ਇਹ ਵੀ ਹੈ ਕਿ ਅਕਾਲੀ ਦਲ ਤੋਂ ਇਲਾਵਾ ਅਕਾਲੀ ਦਲ ਤੋਂ ਵੱਖ ਹੋਏ ਆਗੂ ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ ਨੇ ਆਪਣੀ ਪਾਰਟੀ ਬਣਾਈ ਹੈ। ਇਹ ਵੀ ਭਾਜਪਾ ਨਾਲ ਗੱਠਜੋੜ ਕਰਨਾ ਚਾਹੁੰਦੇ ਹਨ ਅਤੇ ਸਮਰਥਨ ਦੇਣਾ ਚਾਹੁੰਦੇ ਹਨ। ਅਕਾਲੀ ਭਾਜਪਾ ਗੱਠਜੋੜ ਦੇ ਚਰਚੇ ਤੇਜ਼ ਹਨ, ਰੌਲਾ ਗੱਠਜੋੜ ਦਾ ਨਹੀਂ ਬਲਕਿ ਸੀਟਾਂ ਦੀ ਵੰਡ ਦਾ ਹੈ, ਕਿਉਂਕਿ ਭਾਜਪਾ ਆਪਣਾ ਕਿਲ੍ਹਾ ਮਜ਼ਬੂਤ ਰੱਖਣਾ ਚਾਹੁੰਦੀ ਹੈ। ਭਾਜਪਾ ਆਪਣੇ ਦਾਮਨ ਉੱਤੋਂ ਲੱਗਾ ਘੱਟ ਗਿਣਤੀ ਵਿਰੋਧੀ ਦਾ ਦਾਗ ਵੀ ਲਾਹੁਣਾ ਚਾਹੁੰਦੀ ਹੈ, ਜਿਸ ਕਰਕੇ ਉਹ ਅਕਾਲੀ ਦਲ ਜਾਂ ਉਸ ਦੇ ਨਾਲ ਮਿਲਦੀ-ਜੁਲਦੀ ਪਾਰਟੀ ਨਾਲ ਗੱਠਜੋੜ ਕਰ ਸਕਦੀ ਹੈ। ਜੇਪੀ ਨੱਢਾ ਦਾ ਹੁਸ਼ਿਆਰਪੁਰ 'ਚ ਦਿੱਤਾ ਗਿਆ ਭਾਸ਼ਣ ਵੀ ਸਿੱਖਾਂ 'ਤੇ ਕੇਂਦਰਿਤ ਰਿਹਾ।
- SGPC ਦੀ ਮੀਟਿੰਗ ਦੌਰਾਨ ਬੋਲੇ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ- "ਸਿਰਫ਼ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੋਣਾ ਚਾਹੀਦਾ ਜਥੇਦਾਰ ਬਣਾਉਣ ਦਾ ਅਧਿਕਾਰ"
- Harjinder Singh Dhami: "ਪੰਥ ਦੀ ਮੰਗ 'ਤੇ ਗਿਆਨੀ ਹਰਪ੍ਰੀਤ ਸਿੰਘ ਦੀ ਸਵੈਇੱਛਾ ਅਨੁਸਾਰ ਗਿਆਨੀ ਰਘਬੀਰ ਸਿੰਘ ਨੂੰ ਥਾਪਿਆ ਜਥੇਦਾਰ"
- 9th Yoga Day: 21 ਜੂਨ ਨੂੰ ਸੰਯੁਕਤ ਰਾਸ਼ਟਰ ਮਹਾਸਭਾ 'ਚ ਯੋਗਾ ਸੈਸ਼ਨ ਦੀ ਅਗਵਾਈ ਕਰਨਗੇ ਪ੍ਰਧਾਨ ਮੰਤਰੀ ਮੋਦੀ
2019 ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੀ ਸਥਿਤੀ: 2019 ਲੋਕ ਸਭਾ ਦੀਆਂ ਚੋਣਾਂ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਨੇ ਸਾਂਝੇ ਤੌਰ 'ਤੇ ਲੜੀਆਂ ਜਿਸ ਵਿੱਚ ਅਕਾਲੀ ਦਲ ਦੀ ਵੋਟ ਫੀਸਦ 27.76 ਪ੍ਰਤੀਸ਼ਤ ਰਹੀ ਜਦਕਿ ਭਾਜਪਾ ਨੂੰ 9.63 ਪ੍ਰਤੀਸ਼ਤ ਵੋਟਾਂ ਪਈਆਂ। ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੋ ਲੋਕ ਸਭਾ ਹਲਕਿਆਂ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ। ਗੁਰਦਾਸਪੁਰ ਤੋਂ ਸੰਨੀ ਦਿਓਲ ਅਤੇ ਹੁਸ਼ਿਆਰਪੁਰ ਤੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਮੈਂਬਰ ਪਾਰਲੀਮੈਂਟ ਹਨ। ਉਸ ਵੇਲੇ ਅਕਾਲੀ ਦਲ ਦੇ ਵੀ ਦੋ ਹੀ ਉਮੀਦਵਾਰ ਜਿੱਤ ਕੇ ਲੋਕ ਸਭਾ ਮੈਂਬਰ ਬਣੇ। ਫ਼ਿਰੋਜ਼ਪੁਰ ਤੋਂ ਸੁਖਬੀਰ ਬਾਦਲ ਅਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ।