ਚੰਡੀਗੜ੍ਹ: ਪੰਜਾਬ, ਜਿਸ ਨੂੰ ਮੁਹੱਬਤ ਦੀ ਸਰਜ਼ਮੀਨ ਹੋਣ ਦਾ ਖ਼ਿਤਾਬ ਹਾਸਲ ਹੈ, ਇੱਥੇ ਕਈਆਂ ਨੇ ਇਸ਼ਕ ਲਈ ਤੱਤੀ ਰੇਤ 'ਤੇ ਨੰਗੇ ਪੈਰ ਤੁਰਦਿਆਂ ਰੇਗਿਸਤਾਨ ਪਾਰ ਕੀਤਾ ਤੇ ਕਿਸੇ ਨੂੰ ਇਸ਼ਕ ਤੋਂ ਵਿਛੋੜਾ ਤੇ ਵਿਰਲਾਪ ਮਿਲਿਆ। ਮੁਹੱਬਤ ਲਈ ਅੱਗ ਦਾ ਦਰਿਆ ਪਾਰ ਕਰਨਾ ਤਾਂ ਆਸਾਨ ਸੀ, ਪਰ ਅਧੂਰੇ ਇਸ਼ਕ 'ਚ ਮਿਲੀ ਬਿਰਹਾ ਦੀ ਚੀਸ ਨੂੰ ਝੱਲਣਾ ਬੇਹਦ ਮੁਸ਼ਕਿਲ। ਇਹੀ ਚੀਸ ਸ਼ਾਇਦ ਸ਼ਿਵ ਕੁਮਾਰ ਬਟਾਲਵੀ ਦੇ ਮੱਥੇ ਦੀਆਂ ਲਕੀਰਾਂ 'ਚ ਸੀ, ਜਿਸ ਕਰਕੇ ਉਨ੍ਹਾਂ ਨੂੰ 'ਬਿਰਹੁ ਦਾ ਸੁਲਤਾਨ' ਕਿਹਾ ਜਾਣ ਲੱਗਾ।
ਬਿਰਹੋ ਦਾ ਕਵੀ- ਸ਼ਿਵ ਕੁਮਾਰ ਬਟਾਲਵੀ
ਅਕਸਰ ਕਿਹਾ ਜਾਂਦਾ ਹੈ ਕਿ ਸ਼ਾਇਰ ਹਾਲਾਤਾਂ ਤੋਂ ਬਣਦਾ ਹੈ, ਇਹੋ ਜਿਹਾ ਹੀ ਸ਼ਾਇਰ ਸੀ ਜਿਸ ਨੇ ਆਪਣੀ ਕਲਮ ਨਾਲ ਕੁੱਝ ਇਸ ਤਰ੍ਹਾਂ ਲਿਖਿਆ ਕਿ ਅੱਜ ਸਾਰੀ ਦੁਨੀਆਂ ਵੱਖ-ਵੱਖ ਭਾਸ਼ਾਵਾਂ 'ਚ ਉਸ ਦੀਆਂ ਕਵਿਤਾਵਾਂ ਪੜ੍ਹ ਰਹੀ ਹੈ। ਆਪਣੀ ਜ਼ਿੰਦਗੀ ਨੂੰ ਆਪਣੇ ਸ਼ਾਇਰੀ ਵਿੱਚ ਸਮ੍ਹੋਣ ਵਾਲਾ ਸ਼ਾਇਰ ਸੀ 'ਸ਼ਿਵ ਕੁਮਾਰ ਬਟਾਲਵੀ'।
ਇਨ੍ਹਾਂ ਹਾਲਾਤਾਂ ਕਾਰਨ ਬਣੇ ਸ਼ਾਇਰ!
ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ 'ਚ ਅਸਫ਼ਲ ਰਹੇ ਸ਼ਿਵ ਕੁਮਾਰ ਨੇ ਆਪਣੇ ਦਰਦ, ਵਿਛੋੜੇ ਅਤੇ ਜਜ਼ਬਾਤਾਂ ਨੂੰ ਆਪਣੀ ਕਲਮ ਨਾਲ ਬਿਆਨ ਕੀਤਾ। ਇਸ ਸਮੇਂ ਦੌਰਾਨ ਉਸ ਦੇ ਜੀਵਨ ਵਿੱਚ ਮੀਨਾ ਨਾਮ ਦੀ ਕੁੜੀ ਆਈ, ਜਿਸ ਨੂੰ ਬੈਜਨਾਥ ਦੇ ਮੇਲੇ ਵਿੱਚ ਵੇਖ ਕੇ ਉਸ ਨੂੰ ਲੱਗਿਆ ਕਿ ਉਸ ਨੂੰ ਉਸ ਦੇ ਸੁਪਨਿਆਂ ਦੀ ਰਾਣੀ ਮਿਲ ਗਈ ਹੈ। ਵਿਆਹ ਦਾ ਇਕਰਾਰਨਾਮਾ ਵੀ ਹੋ ਗਿਆ, ਪਰ ਅਚਨਚੇਤ ਮੀਨਾ ਦੀ ਮਿਆਦੀ ਬੁਖ਼ਾਰ ਨਾਲ ਮੌਤ ਹੋ ਗਈ ਜਿਸ ਦਾ ਸ਼ਿਵ 'ਤੇ ਡੂੰਘਾ ਅਸਰ ਪਿਆ। ਮੀਨਾ ਦੀ ਪੀੜ ਤਾਂ 14 ਦਿਨਾਂ ਦੀ ਸੀ, ਪਰ ਸ਼ਿਵ ਦੇ ਦਿਲ 'ਚ ਇਹ ਤਿੱਖੀ ਚੀਸ ਘਰ ਕਰ ਗਈ ਤੇ ਫੇਰ ਸਫ਼ੇਦ ਕਾਗਜ਼ਾਂ ਉੱਤੇ ਉਕਰੇ ਮੋਤੀਆਂ ਰਾਹੀਂ ਬਾਹਰ ਆਈ। ਸ਼ਿਵ ਨੇ ਉਸ ਵੇਲ੍ਹੇ ਲਿਖਿਆ ਪੀੜ੍ਹਾਂ ਦਾ ਪਰਾਗਾ-
ਅੱਜ ਮੈਂ ਤੇਰੀ ਮੜ੍ਹੀ 'ਤੇ ਹਾਣੀਆਂ,
ਪੂਰਾ ਕੋਤਰ-ਸੌ ਸੀ ਦੀਵਾ ਬਾਲਿਆ।ਪਰ ਵੇਖ ਲੈ ਹੁਣ ਤੀਕ ਬਸ ਇਕੋ ਬਲੇ,
ਬਾਕੀਆਂ ਨੂੰ ਹੈ ਹਵਾਵਾਂ ਖਾ ਲਿਆ।ਓਸ ਦੀ ਵੀ ਲਾਟ ਕੰਬਦੀ ਹੈ ਪਈ,
ਡਰਦਿਆਂ ਮੈਂ ਹੈ ਮੜ੍ਹੀ ਤੋਂ ਚਾ ਲਿਆ।ਵੇਲ਼ ਲੈ ਇਹ ਵੀ ਵਿਚਾਰਾ ਬੁਝ ਗਿਆ,
ਦੋਸ਼ ਕੀਹ ਕਿਸਮਤ ਦਾ ਕਰਮਾਂ ਵਾਲਿਆ।
ਇੱਕ ਵਾਰ ਫਿਰ ਆਇਆ ਇਸ਼ਕ ਦੀ ਕਹਾਣੀ 'ਚ ਤੂਫ਼ਾਨ
ਜਵਾਨੀ ਦੀ ਉਮਰ 'ਚ ਹੀ ਸ਼ਿਵ ਹਿੰਦੁਸਤਾਨ ਦਾ ਮਸ਼ਹੂਰ ਕਵੀ ਬਣ ਗਿਆ। ਪੰਜਾਬ ਦੀਆ ਮੁਟਿਆਰਾਂ ਸ਼ਿਵ ਕੁਮਾਰ ਦੀਆ ਕਵਿਤਾਵਾਂ ਨੂੰ ਆਪਣੇ ਦਿਲ ਦੇ ਕੋਰੇ ਕਾਗਜ਼ 'ਤੇ ਲਿਖਦੀਆਂ ਸਨ। ਇੱਕ ਕੁੜੀ ਸ਼ਿਵ ਕੋਲੋਂ ਉਸ ਦੀ ਕਵਿਤਾ ਲਿਖਵਾ ਲੈ ਗਈ ਅਤੇ ਕੁੱਝ ਦਿਨ ਮਗਰੋਂ ਉਹੀ ਕਵਿਤਾ ਨੂੰ ਰੰਗ ਬਿਰੰਗੇ ਧਾਗਿਆਂ ਨਾਲ ਕੱਪੜੇ ਤੇ ਸਜਾ ਸ਼ਿਵ ਕੋਲ ਲੈ ਗਈ। ਇਹ ਦੇਖ ਸ਼ਿਵ ਦੇ ਚਿਹਰੇ 'ਤੇ ਮਿੱਠੀ ਭੋਰ ਵਰਗਾ ਗੁਲਾਬੀ ਰੰਗ ਚਮਕਣ ਲੱਗਾ। ਫਿਰ ਹੋਲੀ-ਹੋਲੀ ਦੋ ਧੜਕਣਾਂ ਇਕ ਹੋਣ ਲੱਗੀਆ, ਅੱਖਾਂ ਰਾਹੀਂ ਵਿਚਾਰ ਹੁੰਦੇ ਤੇ ਸ਼ਿਵ ਨੂੰ ਮੀਨਾ ਦੀ ਰੂਹ ਮਿਲ ਗਈ। ਸ਼ਿਵ ਦੀ ਜ਼ਿੰਦਗੀ ਦੇ ਬੱਦਲ ਅਜੇ ਸਾਫ਼ ਹੋਏ ਹੀ ਸਨ ਕਿ ਮੁੜ ਸ਼ਿਵ ਦੀ ਜ਼ਿੰਦਗੀ 'ਚ ਤੂਫ਼ਾਨ ਆ ਗਿਆ। ਇੱਕ ਵਾਰ ਫਿਰ ਸ਼ਿਵ ਤੋਂ ਮੀਨਾ ਦੀ ਰੂਹ ਦੂਰ ਹੋ ਗਈ ਜਿਸ ਨੂੰ ਸ਼ਿਵ ਆਪਣੀ ਦੂਜੀ ਮੀਨਾ ਸਮਝਦਾ ਸੀ, ਉਹ ਸ਼ਿਵ ਨੂੰ ਇੱਕਲਿਆਂ ਛੱਡ ਵਿਦੇਸ਼ ਚਲੀ ਗਈ। ਫਿਰ ਤੋਂ ਸ਼ਿਵ ਦੇ ਨੈਣਾਂ 'ਚ ਉਦਾਸੀ ਘਰ ਕਰ ਗਈ ਤੇ ਉਨ੍ਹਾਂ ਲਿਖਿਆ-
"ਮਾਏ! ਨੀ ਮਾਏ
ਮੈਂ ਇਕ ਸ਼ਿਕਰਾ ਯਾਰ ਬਣਾਇਆ।
ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀਂ
ਉਹਨੂੰ ਦਿਲ ਦਾ ਮਾਂਸ ਖਵਾਇਆ।
ਇਕ ਉਡਾਰੀ ਉਸ ਐਸੀ ਮਾਰੀ
ਉਹ ਮੁੜ ਵਤਨੀ ਨਹੀਂ ਆਇਆ।
ਨੀ ਮੈਂ ਵਾਰੀ ਜਾਂ!"
ਜ਼ਿੰਦਗੀ ਤਾਂ ਇੱਕ 'ਸਲੋ ਸੁਸਾਈਡ' ਵਾਂਗ ਹੈ-ਸ਼ਿਵ ਕੁਮਾਰ
ਇੱਕ ਇੰਟਰਵਿਊ ਦੌਰਾਨ ਸ਼ਿਵ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਦੱਸਿਆ ਕਿ ਕਵਿਤਾ ਕਿਸੇ ਹਾਦਸੇ ਤੋ ਪੈਦਾ ਨਹੀ ਹੁੰਦੀ। ਕੁਝ ਲੋਕਾਂ ਦਾ ਖਿਆਲ ਹੈ ਕਿ ਸ਼ਾਇਦ ਕਵਿਤਾ ਮੁਹੱਬਤ ਤੋ ਪੈਦਾ ਹੁੰਦੀ ਹੈ ਜਾਂ ਉਦਾਸੀ ਤੋ ਬਣਦੀ ਹੈ, ਪਰ ਸ਼ਿਵ ਦਾ ਇਸ ਗੱਲ 'ਤੇ ਕਹਿਣਾ ਸੀ ਕਿ ਹਿੰਦੁਸਤਾਨੀ,ਵੱਖ-ਵੱਖ ਮਿਡਲ ਤੇ ਹਾਈ ਸ਼੍ਰੇਣੀਆਂ ਦਾ ਸਮਾਜ ਹੈ ਅਤੇ ਇਸ ਸਮਾਜ ਵਿੱਚ ਵਿਚਰਣ ਲਈ ਮਾਂ-ਬਾਪ ਜੂਏ ਦੀ ਤਰ੍ਹਾਂ ਬੱਚਿਆ ਨੂੰ ਪੜ੍ਹਾਉਂਦੇ ਹਨ, ਤਾਂ ਕਿ ਜਿਸ ਕਿੱਤੇ 'ਚ ਪਿਤਾ ਜੀ ਹਨ,ਉਹੀ ਅਗਿਉਂ ਬੇਟਾ ਵੀ ਅਪਣਾਏ। ਸਗੋਂ ਇਨ੍ਹਾਂ ਹਾਲਾਤ ਨੇ ਮੈਨੂੰ ਪਟਵਾਰੀ ਦੀ ਥਾਂ ਸ਼ਾਇਰ ਬਣਾ ਦਿੱਤਾ ਅਤੇ ਇਕ ਕਵਿਤਾ ਵਿੱਚ ਲਿਖਦੇ ਹਨ-
"ਮੈਂ ਬਨਵਾਸੀ,ਮੈਂ ਬਨਵਾਸੀ
ਆਇਆ ਭੋਗਣ ਜੂਨ ਚੁਰਾਸੀ
ਕੋਈ ਲਛੱਮਣ ਨਹੀ ਮੇਰਾ ਸਾਥੀ
ਨਾ ਮੈਂ ਰਾਮ ਅਯੁਧਿਆ ਵਾਸੀ
ਮੈਂ ਬਨਵਾਸੀ,ਮੈਂ ਬਨਵਾਸੀ।"
ਆਪਣੇ ਪਿਆਰ ਦੀ ਗੱਲ ਆਉਣ 'ਤੇ ਦੱਸਿਆ ਕਿ ਅਸਲ ਵਿੱਚ ਉਨ੍ਹਾਂ ਤੋਂ ਉਹ ਤਸਵੀਰ ਬਣੀ ਹੀ ਨਹੀ ਜਿਸ ਨਾਲ ਪਿਆਰ ਹੁੰਦਾ। ਜ਼ਿੰਦਗੀ ਬਾਰੇ ਉਹ ਮੰਨਦੇ ਸੀ ਕਿ ਲੋਕ ਸਲੋ ਸੁਸਾਈਡ ਵਾਲੀ ਜ਼ਿੰਦਗੀ ਜੀ ਰਹੇ ਹਨ, ਪਰ ਉਹ ਜਿਉਣਾ ਨਹੀ, ਅਸਲ ਵਿੱਚ ਪਲ ਪਲ ਮਰਨਾ ਹੈ-
"ਕੀ ਪੁਛਦਿਓ ਹਾਲ ਫਕੀਰਾਂ ਦਾ,
ਸਾਡਾ ਨਦੀਓ ਵਿਛੜੇ ਨੀਰਾਂ ਦਾ।"
ਹਾਲਾਤਾਂ ਨੇ ਸ਼ਿਵ ਕੁਮਾਰ ਤੋ ਬਹੁਤ ਕੁੱਝ ਲਿਖਵਾਇਆ। ਇਸ ਸ਼ਾਇਰ ਨੇ ਕਾਵਿ ਰਚਨਾ ਦੀ ਸ਼ੁਰੂਆਤ 1960 ਵਿੱਚ ਕੀਤੀ। ਸ਼ਿਵ ਕੁਮਾਰ ਨੂੰ ਉਸ ਸਮੇਂ ਦੇ ਹਾਲਾਤਾਂ ਨੇ ਬਿਰਹੋ ਦਾ ਕਵੀ ਬਣਾ ਦਿੱਤਾ। ਸ਼ਿਵ ਕੁਮਾਰ ਨਿੱਜੀ ਜਿੰਦਗੀ ਅਤੇ ਪਿਆਰ ਵਲੋਂ ਮਿਲੇ ਦੁੱਖਾਂ ਕਰਕੇ ਸ਼ਰਾਬ,ਸਿਗਰੇਟ ਆਦਿ ਦੇ ਨਸ਼ੇ 'ਚ ਇਨਾਂ ਡੁੱਬਾ ਕਿ ਉਹੀ ਉਨ੍ਹਾਂ ਦਾ ਮੌਤ ਦਾ ਕਾਰਨ ਬਣੀ। ਆਖ਼ੀਰ ਇਹ 'ਬਿਰਹੋ ਦਾ ਸੁਲਤਾਨ' ਆਪਣੇ ਸੋਹਰੇ ਘਰ ਪਠਾਨਕੋਟ ,ਵਿਖੇ 6 ਮਈ,1973 ਵਿੱਚ ਜਵਾਨ ਰੁੱਤੇ ਹੀ ਸਭ ਨੂੰ ਹਮੇਸ਼ਾ ਲਈ ਅਲਵਿਦਾ ਕਹਿੰਦੇ ਹੋਏ ਲਿੱਖ ਗਏ-
"ਜੋਬਨ ਰੁੱਤੇ ਜੋ ਵੀ ਮਰਦਾ,
ਫੁੱਲ ਬਣੇ ਜਾਂ ਤਾਰਾ।
ਜੋਬਨ ਰੁੱਤੇ ਆਸ਼ਿਕ ਮਰਦੇ,
ਜਾਂ ਕੋਈ ਕਰਮਾਂ ਵਾਲਾ।
ਜਾਂ ਉਹ ਮਰਨ,
ਕਿ ਜਿਨ੍ਹਾਂ ਲਿਖਾਏ।
ਹਿਜਰ ਧੁਰੋਂ ਵਿਚ ਕਰਮਾਂ,
ਹਿਜਰ ਤੁਹਾਡਾ ਅਸਾਂ ਮੁਬਾਰਕ।
ਨਾਲ ਬਹਿਸ਼ਤੀਂ ਖੜਨਾ,
ਅਸਾਂ ਤਾਂ ਜੋਬਨ ਰੁੱਤੇ ਮਰਨਾ।"