ਚੰਡੀਗੜ੍ਹ: ਕੇਂਦਰ ਵੱਲੋਂ ਖੇਤੀ ਸਬੰਧੀ ਲਿਆਂਦੇ ਤਿੰਨ ਆਰਡੀਨੈਂਸਾਂ ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਨੇ 20 ਜੁਲਾਈ ਨੂੰ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਰਾਜੇਵਾਲ ਨੇ ਦਿੱਤੀ ਹੈ।
ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਬਲਬੀਰ ਰਾਜੇਵਾਲ ਨੇ ਕਿਹਾ ਕਿ 20 ਜੁਲਾਈ ਨੂੰ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਦੇ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨ ਟਰੈਕਟਰ ਲੈ ਕੇ ਸੜਕਾਂ 'ਤੇ ਉਤਰਨਗੇ। ਰਾਜੇਵਾਲ ਨੇ ਦੱਸਿਆ ਕਿ ਇਹ ਆਰਡੀਨੈਂਸ ਲਾਗੂ ਹੋਣ ਤੋਂ ਬਾਅਦ ਮੰਡੀ ਸਿਸਟਮ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਮੰਡੀਆਂ ਦਾ ਸਿਸਟਮ ਸਭ ਤੋਂ ਜ਼ਿਆਦਾ ਵਧੀਆ ਹੈ। ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਦੇ ਕੇ ਮੰਡੀਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਆਰਡੀਨੈਂਸਾਂ ਦੇ ਤਹਿਤ ਕਾਰਪੋਰੇਟ ਘਰਾਣਿਆਂ ਨੂੰ ਟੈਕਸ ਦੇਣ ਦੀ ਛੋਟ ਦੇ ਦਿੱਤੀ ਗਈ ਹੈ ਤੇ ਉਹ ਆਧਾਰ ਕਾਰਡ 'ਤੇ ਖਰੀਦ ਕਰ ਸਕਣਗੇ।
ਇਹ ਵੀ ਪੜੋ: ਵਿਕਾਸ ਦੂਬੇ ਨੂੰ ਪੁਲਿਸ ਅਦਾਲਤ ਵਿੱਚ ਕਰੇਗੀ ਪੇਸ਼, ਟਰਾਂਜਿਟ ਰਿਮਾਂਡ ‘ਤੇ ਭੇਜਿਆ ਜਾਵੇਗਾ ਯੂਪੀ
ਬਲਬੀਰ ਰਾਜੇਵਾਲ ਨੇ ਵੀ ਖਦਸ਼ਾ ਜਤਾਇਆ ਕਿ ਜੇਕਰ ਕਿਸੇ ਕਿਸਾਨ ਦੀ ਫਸਲ ਚੁੱਕਣ 'ਤੇ ਉਸ ਦਾ ਵਪਾਰੀ ਨਾਲ ਕੋਈ ਝਗੜਾ ਹੁੰਦਾ ਤਾਂ ਉਹ ਕਿਸਾਨ ਅਦਾਲਤ ਵਿੱਚ ਵੀ ਨਹੀਂ ਜਾ ਸਕਦਾ ਅਤੇ ਕਿਹਾ ਕਿ ਇਹ ਕੇਂਦਰ ਸਰਕਾਰ ਵੱਲੋਂ ਤਿੰਨ ਲਿਆਂਦੇ ਗਏ ਆਰਡੀਨੈਂਸ ਕਿਸਾਨਾਂ ਦੇ ਹੱਕਾਂ 'ਤੇ ਡਾਕਾ ਹੈ।