ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਦੀ ਸੁਰੱਖਿਆ ਵਿੱਚ 2 ਵਾਰ ਲਾਪਰਵਾਹੀ ਹੋਈ ਹੈ। ਹੁਸ਼ਿਆਰਪੁਰ ਵਿੱਚ ਪਹਿਲਾਂ ਤਾਂ ਇੱਕ ਨੌਜਵਾਨ ਭੱਜਦਾ ਹੋਇਆ ਯਾਤਰਾ ਵਿੱਚ ਆ ਵੜਿਆ ਅਤੇ ਰਾਹੁਲ ਗਾਂਧੀ ਨੂੰ ਗਲ ਲਾ ਲਿਆ। ਇਸ ਤੋਂ ਬਾਅਦ ਵੀ ਇਕ ਸ਼ੱਕੀ ਨੌਜਵਾਨ ਰਾਹੁਲ ਗਾਂਧੀ ਦੇ ਕਾਫੀ ਨੇੜੇ ਆ ਗਿਆ। ਹਾਲਾਂਕਿ ਜਦੋਂ ਉਕਤ ਨੌਜਵਾਨ ਨੇ ਰਾਹੁਲ ਨੂੰ ਗਲ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਉਸ ਨੌਜਵਾਨ ਨੂੰ ਦੂਰ ਹਟਾ ਦਿੱਤਾ।
ਇਸ ਤੋਂ ਬਾਅਦ ਬਸੀ ਪਿੰਡ ਵਿੱਚ ਟੀ-ਬ੍ਰੇਕ ਦੌਰਾਨ ਵੀ ਸਿਰ ਉੱਤੇ ਕੇਸਰੀ ਦਸਤਾਰ ਸਜਾਈ ਨੌਜਵਾਨ ਰਾਹੁਲ ਦੇ ਨੇੜੇ ਪਹੁੰਚਿਆ ਹੈ। ਹਾਂਲਾਕਿ ਸੁਰੱਖਿਆ ਕਰਮਚਾਰੀਆਂ ਨੇ ਇਸ ਨੌਜਵਾਨ ਨੂੰ ਫੜ ਲਿਆ ਹੈ। ਇਹ ਦੋਵੇਂ ਘਟਨਾਵਾਂ 35 ਮਿੰਟ ਅੰਦਰ ਵਾਪਰੀਆਂ ਹਨ। ਫਿਲਹਾਲ ਪੰਜਾਬ ਵਿੱਚ ਰਾਹੁਲ ਗਾਂਧੀ ਨੂੰ ਵੱਧ ਸੁਰੱਖਿਆ ਦਿੱਤੀ ਗਈ ਹੈ। ਇੱਥੇ ਉਹ ਥ੍ਰੀ ਲੈਅਰ ਸੁਰੱਖਿਆ ਵਿੱਚ ਚੱਲ ਰਹੇ ਹਨ। ਸਭ ਤੋਂ ਬਾਹਰ ਪੰਜਾਬ ਪੁਲਿਸ ਦਾ ਘੇਰਾ। ਉਸਦੇ ਬਾਅਦ ਪੰਜਾਬ ਪੁਲਿਸ ਅਤੇ ਸੀਆਈਡੀ ਦੀ ਰੱਸੀ ਦੇ ਨਾਲ ਘੇਰੇ ਦੀ ਸੁਰੱਖਿਆ ਅਤੇ ਅੰਤ ਵਿੱਚ ਰਾਹੁਲ ਦੀ ਸੁਰੱਖਿਆ ਹੈ।
ਇਹ ਵੀ ਪੜ੍ਹੋ: ਆ ਗਏ ਲੋਹੜੀ ਬੰਪਰ ਦੇ ਨਤੀਜੇ, ਪੜ੍ਹੋ ਕੌਣ ਬਣਿਆ 5 ਕਰੋੜ ਰੁਪਏ ਦਾ ਦਾਅਵੇਦਾਰ
ਲੋਕਾਂ ਨੂੰ ਬੁਲਾਉਂਦੇ ਨੇ ਰਾਹੁਲ ਗਾਂਧੀ: ਭਾਰਤ ਜੋੜੋ ਯਾਤਰਾ ਦੌਰਾਨ ਹੁੰਦੀਆਂ ਲਾਪਰਵਾਹੀਆਂ ਦਾ ਇਲਜਾਮ ਪੁਲਿਸ ਰਾਹੁਲ ਗਾਂਧੀ ਉੱਤੇ ਮੜ੍ਹ ਰਹੀ ਹੈ। ਯਾਤਰਾ ਦੀ ਸੁਰੱਖਿਆ ਲਈ ਇੰਚਾਰਜ ਆਈਜੀ ਜੀਐੱਸ ਢਿੱਲੋ ਨੇ ਕਿਹਾ ਕਿ ਉਨ੍ਹਾਂ ਆਪ ਕਈ ਵਾਰ ਸੁਰੱਖਿਆ ਪ੍ਰਬੰਧ ਦੇਖੇ ਹਨ। ਰਾਹੁਲ ਨੇ ਖੁਦ ਉਸ ਲੜਕੇ ਨੂੰ ਯਾਤਰਾ ਵਿੱਚ ਆਪਣੇ ਕੋਲ ਬੁਲਾਇਆ ਤੇ ਉਸ ਲੜਕੇ ਨੇ ਰਾਹੁਲ ਗਾਂਧੀ ਨੂੰ ਗਲ ਲਾਇਆ ਹੈ। ਰਾਜਾ ਵੜਿੰਗ ਨੇ ਲੜਕੇ ਨੂੰ ਪਿੱਛੇ ਕੀਤਾ ਹੈ। ਇਸ ਨਾਲ ਯਾਤਰਾ ਹੌਲੀ ਹੁੰਦੀ ਹੈ।
ਗ੍ਰਹਿ ਮੰਤਰਾਲੇ ਨੂੰ ਮਿਲੀ ਸੀ ਸ਼ਿਕਾਇਤ: ਇਹ ਵੀ ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਦਿੱਲੀ ਵਿੱਚ ਸੁਰੱਖਿਆ ਵਿੱਚ ਹੋਈ ਲਾਪਰਵਾਹੀ ਨੂੰ ਲੈ ਕੇ ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਸੀਆਰਪੀਐੱਫ ਨੇ ਰਾਹੁਲ ਗਾਂਧੀ ਦੀ ਸੁਰੱਖਿਆ ਲਾਪਰਵਾਹੀ ਮਾਮਲੇ ਵਿੱਚ ਗ੍ਰਹਿ ਮੰਤਰੀ ਨੂੰ ਜਵਾਬ ਵੀ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਰਾਹੁਲ ਨੇ 2020 ਤੋਂ ਹੁਣ ਤੱਕ 113 ਬਾਰ ਸੁਰੱਖਿਆ ਦੇ ਨਿਯਮ ਤੋੜੇ ਹਨ। ਕਈ ਬਾਰ ਤਾਂ ਉਨ੍ਹਾਂ ਨੇ ਭਾਰਤ ਜੋੜੋ ਯਾਤਰਾ ਦੌਰਾਨ ਸੁਰੱਖਿਆ ਦੇ ਨਿਰਦੇਸ਼ਾਂ ਦਾ ਵੀ ਉਲੰਘਣ ਕੀਤਾ ਹੈ। ਇਸ ਬਾਰੇ ਉਨ੍ਹਾਂ ਨੂੰ ਦੱਸਿਆ ਵੀ ਜਾ ਚੁੱਕਾ ਹੈ।