ਚੰਡੀਗੜ੍ਹ: ਆਪ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਦਾ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਹੈ। ਮੰਗਲਵਾਰ ਨੂੰ ਮਾਨ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਨਾਲ ਉਲਝ ਗਏ। ਜਿਸ ਪੱਤਰਕਾਰ ਨਾਲ ਮਾਨ ਉਲਝੇ ਸਨ, ਉਸ ਨੇ ਕਿਹਾ ਕਿ ਮਾਨ ਦੇ ਹਾਵ ਭਾਵ ਵੇਖ ਕੇ ਲੱਗ ਰਿਹਾ ਸੀ, ਜਿਵੇਂ ਉਨ੍ਹਾਂ ਨੇ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਹੁੰਦਾ ਹੈ।
ਦਰਅਸਲ ਦਿੱਲੀ ਦੇ ਵਿੱਚ ਚੋਣਾਂ ਜਲਦ ਹੋਣ ਵਾਲੀਆਂ ਨੇ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚੋਂ ਵੀ ਇੱਕ ਸਪੈਸ਼ਲ ਟੀਮ ਚੋਣਾਂ ਦੇ ਵਿੱਚ ਆਦਮੀ ਪਾਰਟੀ ਦਾ ਸਹਿਯੋਗ ਕਰਨ ਦਿੱਲੀ ਜਾਣ ਵਾਲੀ ਸੀ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਚੀਮਾ ਦੀ ਕੋਠੀ ਤੇ ਵਰਕਰਾਂ ਦੇ ਨਾਲ ਭਗਵੰਤ ਮਾਨ ਦੀ ਮੀਟਿੰਗ ਰੱਖੀ ਗਈ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਵੀ ਮੌਜੂਦ ਸਨ। ਇਸ ਮੌਕੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਭਗਵੰਤ ਮਾਨ ਗੱਲ ਕਰ ਰਹੇ ਸੀ ਕਿ ਇੱਕ ਨਿੱਜੀ ਅਦਾਰੇ ਵੱਲੋਂ ਆਏ ਪੱਤਰਕਾਰ ਦੇ ਸਵਾਲ ਪੁੱਛਣ ਤੇ ਭਗਵੰਤ ਮਾਨ ਭੜਕ ਗਏ। ਹਾਲਾਂਕਿ ਪੱਤਰਕਾਰ ਵੱਲੋਂ ਕੋਈ ਵੀ ਅਜਿਹਾ ਸਵਾਲ ਨਹੀਂ ਪੁੱਛਿਆ ਗਿਆ ਸੀ, ਜਿਸ ਤੇ ਭੜਕਿਆ ਜਾਵੇ ਉਨ੍ਹਾਂ ਦੇ ਵੱਲੋਂ ਸੁਖਬੀਰ ਬਾਦਲ ਸਬੰਧੀ ਸਵਾਲ ਪੁੱਛਿਆ ਗਿਆ ਸੀ।
ਜਿਸ ਨੂੰ ਲੈ ਕੇ ਭਗਵੰਤ ਮਾਨ ਭੜਕ ਗਏ ਅਤੇ ਪਹਿਲਾਂ ਤੂੰ ਤੜਾਕ ਕੀਤੀ, ਫਿਰ ਹੱਥੋਪਾਈ ਤੱਕ ਨੌਬਤ ਆ ਗਈ। ਪਾਰਟੀ ਦੇ ਮੀਡੀਆ ਐਡਵਾਈਜ਼ਰ ਮਨਜੀਤ ਸਿੱਧੂ ਵੱਲੋਂ ਵਿੱਚ ਆਕੇ ਬਚਾਅ ਕੀਤਾ ਗਿਆ ਪਰ ਪੱਤਰਕਾਰਾਂ ਨਾਲ ਕੀਤੀ ਗਈ ਬਦਸਲੂਕੀ ਨਾਲ ਪੱਤਰਕਾਰ ਭਾਈਚਾਰੇ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ ਪੱਤਰਕਾਰਾਂ ਵੱਲੋਂ ਲਿਖਤੀ ਰੂਪ ਦੇ ਵਿੱਚ ਭਗਵੰਤ ਮਾਨ ਤੋਂ ਮੁਆਫ਼ੀ ਮੰਗਣ ਦੀ ਗੱਲ ਵੀ ਕਹੀ ਗਈ ਹੈ।
ਇਸ ਬਾਰੇ ਗੱਲ ਕਰਦੇ ਹੋਏ ਪੀੜਤ ਪੱਤਰਕਾਰ ਨੇ ਦੱਸਿਆ ਕਿ ਉਹ ਪੱਤਰਕਾਰ ਹੋਣ ਦੇ ਨਾਤੇ ਭਗਵੰਤ ਮਾਨ ਤੋਂ ਸਵਾਲ ਕਰ ਰਹੇ ਸੀ। ਜਿਸ ਨੂੰ ਲੈ ਕੇ ਭਗਵੰਤ ਮਾਨ ਉਨ੍ਹਾਂ ਤੇ ਭੜਕ ਗਏ ਅਤੇ ਉਨ੍ਹਾਂ ਦੇ ਹੱਥ ਤੇ ਹੱਥ ਮਾਰਿਆ ਅਤੇ ਬਾਅਦ ਦੇ ਵਿੱਚ ਤੂੰ ਤੜਾਕ ਕਰਨ ਲੱਗ ਪਏ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਏ ਹੋਏ ਵਰਕਰਾਂ ਨੇ ਵੀ ਮੀਡੀਆ ਦੀ ਉੱਤੇ ਵਿਕਾਊ ਹੋਣ ਦਾ ਇਲਜ਼ਾਮ ਲਾਇਆ। ਗੌਰਤਲਬ ਹੈ ਕਿ ਕੁਝ ਦੇਰ ਪਹਿਲਾਂ ਹੀ ਜਦੋਂ ਦਿੱਲੀ ਚੋਣਾਂ ਦੀ ਮੀਟਿੰਗ ਹੋ ਰਹੀ ਸੀ ਉਸ ਨੂੰ ਕਵਰ ਕਰਨ ਦੇ ਲਈ ਅਤੇ ਉਨ੍ਹਾਂ ਦੀ ਆਵਾਜ਼ ਸਾਰੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਭਗਵੰਤ ਮਾਨ ਵੱਲੋਂ ਆਏ ਹੋਏ ਮੀਡੀਆ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਪਰ ਜਦੋਂ ਗੱਲ ਉਨ੍ਹਾਂ ਦੇ ਪੱਖ ਦੀ ਨਹੀਂ ਕੀਤੀ ਅਤੇ ਪੰਜਾਬ ਨਾਲ ਸਬੰਧਿਤ ਸਵਾਲ ਪੁੱਛਿਆ ਤਾਂ ਭਗਵੰਤ ਮਾਨ ਭੜਕ ਗਏ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅਗਰ ਮੀਡੀਆ ਉਨ੍ਹਾਂ ਦੇ ਪੱਖ ਦੀ ਗੱਲ ਕਰੇ ਤਾਂ ਠੀਕ ਹੈ ਨਹੀਂ ਤਾਂ ਮੀਡੀਆ ਨੂੰ ਵਿਕਾਊ ਕਹਿ ਦਿੱਤਾ ਜਾਂਦਾ ਹੈ ।