ਚੰਡੀਗੜ੍ਹ: ਨਾਗਰਿਕਤਾ ਸੋਧ ਕਾਨੂੰਨ ਤੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹਨ ਅਤੇ ਬਜਟ ਸੈਸ਼ਨ ਤੋਂ ਪਹਿਲਾਂ ਆਲ ਪਾਰਟੀ ਮੀਟ ਅਤੇ ਐੱਨਡੀਏ ਦੀ ਬੈਠਕ ਵਿੱਚ ਵੀ ਇਹ ਮੁੱਦਾ ਉੱਠਿਆ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਇਹ ਮੁੱਦਾ ਪ੍ਰਧਾਨ ਮੰਤਰੀ ਕੋਲ ਚੁੱਕਿਆ ਕਿ ਮੁਸਲਮਾਨ ਇਸ ਬਿੱਲ ਦਾ ਹਿੱਸਾ ਕਿਉਂ ਨਹੀਂ ਹਨ। ਉਨ੍ਹਾਂ ਨੇ ਸੰਸਦ ਵਿਚ ਵੀ ਮੁਸਲਮਾਨਾਂ ਨੂੰ ਇਸ ਬਿੱਲ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ ਸੀ।
ਭੂੰਦੜ ਦਾ ਕਹਿਣਾ ਹੈ ਇਸ ਸਵਾਲ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਬਾਰੇ ਦੱਸਣ ਲਈ ਕਿਹਾ। ਅਮਿਤ ਸ਼ਾਹ ਨੇ ਭੂੰਦੜ ਨੂੰ ਦੱਸਿਆ ਕਿ ਇਸ ਬਿੱਲ ਵਿੱਚ ਤਿੰਨ ਮੁਸਲਿਮ ਦੇਸ਼ ਹਨ, ਜਿਸ ਵਿੱਚ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ ਸ਼ਾਮਿਲ ਹਨ। ਕਾਨੂੰਨੀ ਦਾਅ ਪੇਚ ਹੋਣ ਕਰਕੇ ਉਹ ਮੁਸਲਮਾਨਾਂ ਨੂੰ ਇਸ ਵਿੱਚ ਸ਼ਾਮਲ ਨਹੀਂ ਕਰ ਸਕੇ ਪਰ ਇਹ ਕਾਨੂੰਨ ਮੁਸਲਮਾਨ ਜਾਂ ਕਿਸੇ ਵੀ ਘੱਟ ਗਿਣਤੀ ਦੇ ਵਿਰੋਧ ਵਿੱਚ ਨਹੀਂ ਹੈ। ਇਹ ਕਾਨੂੰਨ ਨਾਗਰਿਕਤਾ ਦੇਣ ਲਈ ਹੈ ਖੋਹਣ ਲਈ ਨਹੀਂ ਹੈ।
ਬਲਵਿੰਦਰ ਸਿੰਘ ਭੂੰਦੜ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇਹ ਵੀ ਦੱਸਿਆ ਕੇ ਮੀਟਿੰਗ ਵਿੱਚ ਉਨ੍ਹਾਂ ਨੇ ਕਾਂਗਰਸ ਦੇ ਆਗੂ ਗੁਲਾਮ ਨਬੀ ਆਜ਼ਾਦ ਨੂੰ ਵੀ ਕਿਹਾ ਕਿ ਕਾਂਗਰਸ ਹਮੇਸ਼ਾਂ ਧੱਕਾ ਕਰਦੀ ਆਈ ਹੈ। ਸੱਤਰ ਦੇ ਦਹਾਕੇ ਵਿੱਚ ਜਦੋਂ ਪੰਜਾਬੀ ਆਪਣੇ ਹੱਕਾਂ ਲਈ ਅਤੇ ਪਾਣੀਆਂ ਲਈ ਡਟੇ ਸਨ ਤਾਂ ਉਨ੍ਹਾਂ ਨੂੰ ਖਾਲਿਸਤਾਨੀ ਕਿਹਾ ਜਾਂਦਾ ਸੀ। ਅੱਜ ਕਾਂਗਰਸ ਵਿਰੋਧੀ ਧਿਰ ਵਿੱਚ ਆ ਕੇ ਉਹੋ ਜਿਹੇ ਮੁੱਦਿਆਂ 'ਤੇ ਹੀ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਅਕਾਲੀ ਦਲ ਉਦੋਂ ਵੀ ਘੱਟ ਗਿਣਤੀਆਂ ਦੇ ਨਾਲ ਸੀ ਅਤੇ ਅੱਜ ਵੀ ਉਨ੍ਹਾਂ ਨੂੰ ਸਪੋਰਟ ਕਰਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਹਰਿਆਣਾ ਲਈ ਅਲੱਗ ਗੁਰਦੁਆਰਾ ਕਮੇਟੀ ਦੇ ਐਫੀਡੈਵਿਟ 'ਤੇ ਭੂੰਦੜ ਨੇ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਸਭ ਨੂੰ ਵੰਡਦੀ ਰਹੀ ਹੈ ਅਤੇ ਹੁਣ ਵੀ ਉਨ੍ਹਾਂ ਦੀ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ੇ ਦੀ ਹੈ। ਉਹ ਇਸ ਦਾ ਵਿਰੋਧ ਕਰਦੇ ਹਨ।
ਇਹ ਵੀ ਪੜੋ: ਆਰਥਿਕ ਚੁਣੌਤੀਆਂ ਤੇ ਉਮੀਦਾਂ ਵਿਚਾਲੇ ਦੂਜੀ ਪਾਰੀ ਦੂਜਾ ਬਜਟ ਅੱਜ
ਸੰਸਦ ਵਿੱਚ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚੌਥੀ ਜਨਮ ਸ਼ਤਾਬਦੀ ਨੂੰ ਧੂਮਧਾਮ ਨਾਲ ਮਨਾਉਣ ਦੀ ਗੱਲ 'ਤੇ ਭੂੰਦੜ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ।