ਚੰਡੀਗੜ੍ਹ: ਪਾਣੀ ਦੇ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਚੰਡੀਗੜ੍ਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਬ-ਪਾਰਟੀ ਮੀਟਿੰਗ ਸੱਦੀ। ਮੀਟਿੰਗ ਦੌਰਾਨ ਪੰਜਾਬ ਵਿੱਚ ਪਾਣੀ ਦੇ ਸੰਕਟ ਦੇ ਮਾਮਲੇ ਉੱਤੇ ਸਾਰੀਆਂ ਪਾਰਟੀਆਂ ਨੇ ਪੂਰੀ ਇੱਕਜੁਟਤਾ ਵਿਖਾਈ ਤੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵੀ ਵਾਧੂ ਨਹੀਂ ਹੈ ਤੇ ਇਹ ਮਾਮਲਾ ਬੇਹੱਦ ਨਿਆਂਪੂਰਨ ਤਰੀਕੇ ਹੱਲ ਕੀਤਾ ਜਾਣਾ ਚਾਹੀਦਾ ਹੈ। ਮੀਟਿੰਗ ਤੋਂ ਬਾਅਦ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਹਾਲ 'ਚ ਪੰਜਾਬ ਦੇ ਪਾਣੀ ਨੂੰ ਦੂਜੇ ਰਾਜਾਂ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ।
ਪੰਜਾਬ ਵਿੱਚ ਪਾਣੀ ਦਾ ਗੰਭੀਰ ਸੰਕਟ
ਭੂੰਦੜ ਨੇ ਕਿਹਾ ਕਿ ਪੰਜਾਬ 'ਚ ਇਸ ਵੇਲੇ ਪਾਣੀ ਦਾ ਗੰਭੀਰ ਸੰਕਟ ਚੱਲ ਰਿਹਾ ਹੈ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਨਿੱਤ ਨੀਵਾਂ ਹੁੰਦਾ ਜਾ ਰਿਹਾ ਹੈ ਅਤੇ ਸੂਬੇ ਦੇ ਤਿੰਨ ਦਰਿਆਵਾਂ ਸਤਲੁਜ, ਰਾਵੀ ਤੇ ਬਿਆਸ ਵਿੱਚ ਪਾਣੀ ਘੱਟਦਾ ਜਾ ਰਿਹਾ ਹੈ। ਉੱਥੇ ਹੀ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪਾਣੀ ਦੇ ਮੁੱਦੇ 'ਤੇ ਭੁਪਿੰਦਰ ਹੁੱਡਾ ਨੇ ਕੀ ਕਿਹਾ ਜਾਂ ਕੀ ਨਹੀਂ ਉਸ ਦਾ ਉਹ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ।
ਪੰਜਾਬ ਵਿੱਚ ਬੀਜੇਪੀ ਦੇ ਇਕੱਲੇ ਚੋਣ ਲੜਨ ਨੂੰ ਲੈ ਕੇ ਭੂੰਦੜ ਨੇ ਦਿੱਤਾ ਜਵਾਬ
ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਬਾਰੇ ਬਲਵਿੰਦਰ ਭੂੰਦੜ ਨੇ ਕਿਹਾ ਕਿ ਜੋ ਸਾਨੂੰ ਪਾਰਟੀ ਦੀ ਰਾਏ ਆਏਗੀ ਉਸ ਮੁਤਾਬਕ ਫ਼ੈਸਲਾ ਲਵਾਂਗੇ। ਇਸ ਦੇ ਨਾਲ ਹੀ ਭੂੰਦੜ ਨੇ ਅਕਾਲੀ ਦਲ ਵੱਲੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਬੀਜੇਪੀ ਨੂੰ ਭੇਜੇ ਜਾਣ ਨੂੰ ਲੈ ਕੇ ਕਿਹਾ ਕਿ ਉਹ ਮੱਤਭੇਦ ਹੋਣ ਤੋਂ ਪਹਿਲਾਂ ਭੇਜੀ ਗਈ ਸੀ। ਜਦੋਂ ਬਲਵਿੰਦਰ ਭੂੰਦੜ ਤੋਂ ਬੀਜੇਪੀ ਦੇ ਪੰਜਾਬ ਵਿੱਚ ਇਕੱਲਿਆਂ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਸਮਾਂ ਆਏਗਾ ਉਦੋਂ ਦੇਖਾਂਗੇ।
ਹਰਸਿਮਰਤ ਬਾਦਲ ਵੀ ਦੇ ਦਵੇਗੀ ਅਸਤੀਫ਼ਾ
ਵਿਰੋਧੀਆਂ ਵੱਲੋਂ ਹਰਸਿਮਰਤ ਬਾਦਲ ਦੇ ਅਸਤੀਫ਼ੇ ਮੰਗਣ 'ਤੇ ਭੂੰਦੜ ਨੇ ਕਿਹਾ ਕਿ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਸੀਏਏ ਵਿੱਚ ਸੋਧ ਦੀ ਆਵਾਜ਼ ਚੁੱਕੀ ਸੀ ਕਿ ਉਸ ਵਿੱਚ ਮੁਸਲਿਮ ਭਾਈਚਾਰੇ ਨੂੰ ਵੀ ਸ਼ਾਮਲ ਕੀਤਾ ਜਾਵੇ। ਬਲਵਿੰਦਰ ਭੂੰਦੜ ਨੇ ਕਿਹਾ ਕਿ ਜੇ ਸੂਬੇ 'ਤੇ ਕੋਈ ਗੱਲ ਆਵੇਗੀ ਤਾਂ ਹਰਸਿਮਰਤ ਬਾਦਲ ਵੀ ਅਸਤੀਫ਼ਾ ਦੇ ਦਵੇਗੀ।