ਨਵੀਂ ਦਿੱਲੀ: ਪਾਕਿਸਤਾਨ ਤੋਂ ਆਏ ਪੰਜਾਬ ਦੇ ਸ਼ਹਿਰ ਖੰਨੇ ਵਿੱਚ ਰਹਿ ਰਹੇ ਬਲਦੇਵ ਕੁਮਾਰ ਦੇ ਮਾਮਲੇ ਵਿੱਚ ਵੱਡਾ ਖ਼ੁਲਾਸਾ ਹੋਇਆ ਹੈ। ਬਲਦੇਵ ਕੁਮਾਰ ਤੇ ਇਲਜ਼ਾਮ ਹੈ ਕਿ ਉਹ ਪਾਕਿਸਤਾਨ ਵਿੱਚ ਕਤਲ ਦੀ ਸਜ਼ਾ ਤੋਂ ਬਚਣ ਲਈ ਫ਼ਰਾਰ ਹੋ ਕੇ ਭਾਰਤ ਪੁੱਜਿਆ ਹੈ ਅਤੇ ਇੱਥੇ ਸ਼ਰਨ ਮੰਗ ਰਿਹਾ ਹੈ। ਬਲਦੇਵ ਕੁਮਾਰ 'ਤੇ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਦੇ ਵਿਧਾਇਕ ਨੂੰ ਕਤਲ ਕਰਨ ਦਾ ਮਾਮਲਾ ਦਰਜ ਹੈ।
ਮਿਲੀ ਜਾਣਕਾਰੀ ਮੁਤਾਬਕ ਬਲਦੇਵ ਕੁਮਾਰ ਤੇ ਡਾ. ਸੋਰਨ ਸਿੰਘ(52) ਦੇ ਕਤਲ ਦਾ ਇਲਜ਼ਾਮ ਹੈ। ਡਾ,ਸੋਰਨ ਸਿੰਘ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਬੁਨੇਰ ਹਲਕੇ ਦਾ ਅਸੈਂਬਲੀ ਦਾ ਮੈਂਬਰ ਸੀ। ਡਾ. ਸੋਰਨ ਸਿੰਘ ਦੇ ਪੁੱਤਰ ਅਜੇ ਕੁਮਾਰ ਦਾ ਇਲਜ਼ਾਮ ਹੈ ਕਿ ਬਲਦੇਵ ਉਸ ਦੇ ਪਿਤਾ ਦੇ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਹੈ।
ਅਜੇ ਸਿੰਘ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨੀ ਅਦਾਲਤ ’ਚ ਕਤਲ ਦੇ ਮਾਮਲੇ ਦੀ ਸੁਣਵਾਈ 'ਤੇ ਸੰਭਾਵੀ ਸਜ਼ਾ ਤੋਂ ਬਚਣ ਲਈ ਬਲਦੇਵ ਕੁਮਾਰ ਦੇਸ਼ ਤੋਂ ਫ਼ਰਾਰ ਹੋ ਗਏ ਹਨ।
ਅਜੇ ਸਿੰਘ ਨੇ ਦੋਸ਼ ਲਾਇਆ, "ਬਲਦੇਵ ਕੁਮਾਰ ਬੁਨੇਰ ਹਲਕੇ ’ਚ ਮੇਰੇ ਪਿਤਾ ਦੇ ਸਿਆਸੀ ਵਿਰੋਧੀ ਰਹੇ ਹਨ ਤੇ ਉਨ੍ਹਾਂ ਹੀ ਮੇਰੇ ਪਿਤਾ ਨੂੰ ਆਪਣੇ ਰਸਤੇ ’ਚੋਂ ਹਟਾਉਣ ਲਈ ਕਤਲ ਦੀ ਸਾਜ਼ਸ਼ ਰਚੀ ਸੀ। ਮੇਰੇ ਪਿਤਾ ਦੇ ਕਤਲ ਲਈ ਕਿਰਾਏ ਦੇ ਪੰਜ ਗੁੰਡਿਆਂ ਦੀ ਮਦਦ ਲਈ ਗਈ ਸੀ। ਬਲਦੇਵ ਕੁਮਾਰ ਨੇ ਭਾੜੇ ਦੇ ਕਾਤਲਾਂ ਨੂੰ 10 ਲੱਖ ਰੁਪਏ ਵੀ ਦਿੱਤੇ ਸਨ। ਬਲਦੇਵ ਮੇਰੇ ਪਿਤਾ ਦੇ ਮਾਮਲੇ ਵਿੱਚ 2 ਸਾਲ ਦੀ ਸਜ਼ਾ ਵੀ ਕੱਟ ਚੁੱਕਿਆ ਹੈ"
ਦੱਸ ਦੇਈਏ ਕਿ ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਇਸ ਵੇਲੇ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਖੰਨਾ ’ਚ ਰਹਿ ਰਹੇ ਹਨ। ਉਨ੍ਹਾਂ ਨੇ ਦੋ ਕੁ ਦਿਨ ਪਹਿਲਾਂ ਭਾਰਤ ਆ ਕੇ ਇੱਥੋਂ ਦੀ ਨਾਗਰਿਕਤਾ ਲੈਣ ਦੀ ਗੱਲ ਕੀਤੀ ਸੀ ਤੇ ਉੱਥੇ ਉਨ੍ਹਾਂ ਸਿੱਖਾਂ ਉੱਤੇ ਭਾਰੀ ਤਸ਼ੱਦਦ ਢਾਹੇ ਜਾਣ ਦੀ ਗੱਲ ਵੀ ਕੀਤੀ ਸੀ।