ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਆਰਡੀਨੈਂਸ ਵਿਰੁੱਧ ਪੰਜਾਬ ਸਰਕਾਰ ਜਿੱਥੇ ਕਾਨੂੰਨੀ ਚੁਣੌਤੀ ਦੇਣ ਦੀਆਂ ਗੱਲਾਂ ਆਖ ਰਹੀ ਹੈ, ਉੱਥੇ ਹੀ ਸੁਖਬੀਰ ਸਿੰਘ ਬਾਦਲ ਤੇ ਭਾਜਪਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੱਕੜ ਜਾਲ ਵਿੱਚ ਫਸ ਚੁੱਕੇ ਹਨ। ਸਿਆਸਤ ਵਿੱਚ ਮੁੱਖ ਮੰਤਰੀ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਲਗਾਏ ਦਾਅ ਪੇਚ ਚੋਂ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ। ਸਰਬ ਪਾਰਟੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਸੂਬੇ ਭਰ ਦੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਮੁਲਾਕਾਤ ਕਰ ਕੇ ਇਸ ਕਿਸਾਨ ਮਾਰੂ ਆਰਡੀਨੈਂਸ ਵਿਰੁੱਧ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਦੀ ਗੱਲ ਆਖੀ। ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਨੇ ਵੀ ਕਿਸਾਨ ਜਥੇਬੰਦੀਆਂ ਦੀ ਬੈਠਕ ਵਿੱਚ ਮੁੱਖ ਮੰਤਰੀ ਨੂੰ ਕਿਹਾ ਕਿ ਜੇ ਤੁਸੀਂ ਕਿਸਾਨਾਂ ਦੀ ਬਾਂਹ ਨਾ ਫੜੀ ਤਾਂ ਪੁਸ਼ਤਾਂ ਤੱਕ ਕਲੰਕ ਨਹੀਂ ਲੱਥੇਗਾ।
ਕਿਸਾਨਾਂ ਦੇ ਮਾਮਲੇ ਵਿੱਚ ਮੱਕੜ ਜਾਲ ਵਿੱਚ ਫਸੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜਿੱਥੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਮੁਹਿੰਮ ਸ਼ੁਰੂ ਕਰਨ ਦੀ ਗੱਲ ਆਖ ਰਹੇ ਹਨ। ਉੱਥੇ ਹੀ ਈਟੀਵੀ ਭਾਰਤ ਵੱਲੋਂ ਜਦੋਂ ਸ਼ਰਮਾ ਨੂੰ ਪੁੱਛਿਆ ਗਿਆ ਕਿ ਉਹ ਵੀਹ ਤਾਰੀਖ਼ ਨੂੰ ਕਿਸਾਨਾਂ ਵੱਲੋਂ ਸੂਬੇ ਭਰ ਦੇ ਵਿੱਚ ਕੀਤੇ ਜਾ ਰਹੇ ਅੰਦੋਲਨ ਨੂੰ ਲੈ ਕੇ ਜਾਗਰੂਕ ਕਰਨਗੇ ਜਾਂ ਨਹੀਂ। ਇਸ ਸਵਾਲ ਤੋਂ ਅਸ਼ਵਨੀ ਸ਼ਰਮਾ ਭੱਜਦੇ ਨਜ਼ਰ ਆਏ ਤੇ ਇਹ ਜ਼ਰੂਰ ਆਖ ਗਏ ਕਿ ਕਿਸਾਨ ਆਪਣਾ ਕੰਮ ਕਰਨ, ਅਸੀਂ ਆਪਣਾ ਕੰਮ ਕਰਾਂਗੇ।
ਉੱਥੇ ਹੀ ਅਕਾਲੀ ਦਲ ਭਾਜਪਾ ਸਣੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਆਮ ਆਦਮੀ ਪਾਰਟੀ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਵਿਰੁੱਧ ਧਰਨੇ ਮੁਜ਼ਾਹਰੇ ਕਰ ਰਹੀ ਹੈ। ਕਿਸਾਨ ਹਿਤੈਸ਼ੀ ਅਖਾਉਣ ਵਾਲਾ ਅਕਾਲੀ ਦਲ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਕੇਂਦਰ ਦੀ ਕੁਰਸੀ ਬਚਾਉਣ ਖਾਤਰ ਚੁੱਪ ਬੈਠੇ ਹਨ।
ਹੁਣ ਦੇਖਣਾ ਹੋਵੇਗਾ ਕਿ ਬੀਜੇਪੀ ਜੋ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਦਾਅਵਾ ਕਰ ਰਹੀ ਹੈ ਕਿ ਉਸ ਮੁਹਿੰਮ ਦਾ ਕਿਸਾਨ ਅਕਾਲੀ ਦਲ ਸਣੇ ਕੇਂਦਰ ਦੀ ਸਰਕਾਰ ਨੂੰ ਕਿਵੇਂ ਜਵਾਬ ਦੇਣਗੇ।