ਚੰਡੀਗੜ੍ਹ: ਬਾਲੀਵੁੱਡ ਤੇ ਪੰਜਾਬੀ ਅਦਾਕਾਰ ਅਨੁਪਮ ਖੇਰ ਵੱਲੋਂ ਕੀਤੇ ਟਵੀਟ ਨੂੰ ਲੈ ਕੇ ਸਿੱਖ ਭਾਈਚਾਰੇ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਦਰਅਸਲ ਅਨੁਪਮ ਖੇਰ ਵੱਲੋਂ ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਲ ਕਰ ਦਿੱਤੀ, ਜਿਸ ਤੋਂ ਬਾਅਦ ਅਨੁਪਮ ਖੇਰ ਵੱਲੋਂ ਕੀਤੇ ਇਸ ਟਵੀਟ ਕਰਕੇ ਕਾਫ਼ੀ ਵਿਵਾਦ ਪੈਦਾ ਹੋ ਗਿਆ। ਵਿਵਾਦ ਤੋਂ ਬਾਅਦ ਅਦਾਕਾਰ ਨੇ ਟਵੀਟ ਕਰ ਮੁਆਫ਼ੀ ਵੀ ਮੰਗੀ।
ਇਸ ਮੌਕੇ ਭਾਜਪਾ ਦੇ ਭਾਈਵਾਲ ਪਾਰਟੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਕਿ ਅਨੁਪਮ ਖੇਰ ਨੇ ਮੁਆਫ਼ੀ ਮੰਗ ਲਈ ਹੈ ਪਰ ਉਨ੍ਹਾਂ ਨੂੰ ਅਜਿਹੇ ਸ਼ਬਦ ਲਿਖਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ।
ਕੀ ਸੀ ਪੂਰਾ ਮਾਮਲਾ?
ਅਦਾਕਾਰ ਅਨੁਪਮ ਖੇਰ ਨੇ ਟਵੀਟ ਕਰ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਦੀਆਂ ਉਚੇਰੀਆਂ ਤੁਕਾਂ ਦਾ ਗ਼ਲਤ ਇਸਤੇਮਾਲ ਕੀਤਾ। ਉਨ੍ਹਾਂ ਲਿਖਿਆ,"ਸਵਾ ਲਾਖ ਸੇ ਏਕ ਭਿੜਾ ਦੂ।" ਅਦਾਕਾਰ ਨੇ ਇਹ ਟਵੀਟ ਕਰਨ ਤੋਂ ਬਾਅਦ ਉਹ ਆਪ ਹੀ ਇਸ ਟਵੀਟ 'ਚ ਉਲਝ ਗਏ ਸਨ।
ਸਿੱਖਾਂ ਵੱਲੋਂ ਅਦਾਕਾਰ ਦੇ ਇਸ ਟਵੀਟ ਉੱਤੇ ਕਾਫ਼ੀ ਇਤਰਾਜ਼ ਜਤਾਇਆ ਜਾ ਰਿਹਾ ਸੀ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਤੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਇਸ ਮਾਮਲੇ ਵਿੱਚ ਅਨੁਪਮ ਖੇਰ ਨੂੰ ਮੁਆਫ਼ੀ ਮੰਗਣ ਲਈ ਕਿਹਾ ਸੀ, ਜਿਸ ਤੋਂ ਬਾਅਦ ਅਦਾਕਾਰ ਨੇ ਆਪਣੇ ਇਸ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਮੁਆਫ਼ੀ ਮੰਗੀ ਹੈ।