ਚੰਡੀਗੜ੍ਹ: ਰਾਜਧਾਨੀ ਚੰਡੀਗੜ੍ਹ 'ਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਪ੍ਰਸ਼ਾਨ ਨੇ ਖੁਸ਼ੀ ਦਾ ਮੌਕਾ ਦਿੱਤਾ ਹੈ। ਹੁਣ ਸ਼ਹਿਰ ਵਿੱਚ ਸਿੱਖ ਰੀਤੀ-ਰਿਵਾਜਾਂ ਮੁਤਾਬਿਕ ਹੋਣ ਵਾਲੇ ਸਾਰੇ ਵਿਆਹ ਅਨੰਦ ਮੈਰਿਜ ਐਕਟ 1909 ਤਹਿਤ ਰਜਿਸਟਰਡ ਹੋ ਸਕਦੇ ਹਨ। ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਆਨੰਦ ਮੈਰਿਜ ਐਕਟ ਨੂੰ ਮਨਜ਼ੂਰੀ ਦਿੰਦਿਆਂ ਲਾਗੂ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਦਫ਼ਤਰ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਿਕ ਚੰਡੀਗੜ੍ਹ ਨੇ ਅਨੰਦ ਮੈਰਿਜ ਐਕਟ 1909 ਦੇ ਤਹਿਤ ਵਿਆਹ ਦੀ ਰਜਿਸਟ੍ਰੇਸ਼ਨ ਲਈ ਚੰਡੀਗੜ੍ਹ ਅਨੰਦ ਮੈਰਿਜ ਰਜਿਸਟ੍ਰੇਸ਼ਨ ਨਿਯਮ 2018 ਨੂੰ ਲਾਗੂ ਕੀਤਾ ਹੈ। ਦੱਸ ਦਈਏ 1909 ਦਾ ਅਨੰਦ ਮੈਰਿਜ ਐਕਟ ਬ੍ਰਿਟਿਸ਼ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਦੁਆਰਾ "ਅਨੰਦ ਕਾਰਜ ਕਹੇ ਜਾਣ ਵਾਲੇ ਸਿੱਖਾਂ ਵਿੱਚ ਸਾਂਝੇ ਵਿਆਹ ਦੀ ਰਸਮ ਦੀ ਵੈਧਤਾ" ਸਥਾਪਤ ਕਰਨ ਲਈ ਪਾਸ ਕੀਤਾ ਗਿਆ ਸੀ।
ਇੰਝ ਕਰ ਸਕਦੇ ਹੋ ਅਪਲਾਈ: ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫਿਲਹਾਲ ਆਫਲਾਈਨ ਮੋਡ ਨਾਲ ਐਕਟ ਤਹਿਤ ਵਿਆਹ ਰਜਿਸਟਰਡ ਕਰਵਾਉਣ ਲਈ ਅਪਲਾਈ ਕੀਤਾ ਜਾ ਸਕਦਾ ਹੈ। ਸੈਕਟਰ-17 ਸਥਿਤ ਡੀ. ਸੀ. ਦਫਤਰ ਦੀ ਮੈਰਿਜ ਬ੍ਰਾਂਚ ਵਿੱਚ ਹੋਰ ਜ਼ਰੂਰੀ ਦਸਤਾਵੇਜ਼ਾਂ ਨਾਲ ਅਪਲਾਈ ਕਰ ਸਕੋਗੇ। ਇਸ ਵਿੱਚ ਲਾੜੇ-ਲਾੜੀ ਦਾ ਆਈ. ਡੀ. ਅਤੇ ਉਮਰ ਦਾ ਪਰੂਫ਼, ਗੁਰਦੁਆਰਾ ਸਾਹਿਬ ਵੱਲੋਂ ਜਾਰੀ ਵਿਆਹ ਸਰਟੀਫਿਕੇਟ, ਦੋ ਗਵਾਹਾਂ ਦੇ ਆਈ. ਡੀ. ਪਰੂਫ਼ ਅਤੇ ਵਿਆਹ ਸਮਾਰੋਹ ਅਤੇ ਉਸ ਵਿਚ ਸ਼ਾਮਲ ਹੋਣ ਵਾਲੇ ਗਵਾਹਾਂ ਦੀਆਂ ਤਸਵੀਰਾਂ ਜਮ੍ਹਾ ਕਰਵਾਉਣੀਆਂ ਪੈਣਗੀਆਂ। ਵਿਆਹ ਦੇ 90 ਦਿਨਾਂ ਬਾਅਦ ਰਜਿਸਟ੍ਰੇਸ਼ਨ ਦੇ ਮਾਮਲਿਆਂ ਵਿੱਚ ਦੇਰੀ ਸਬੰਧੀ ਸਹੁੰ ਪੱਤਰ ਅਤੇ ਵਿਆਹੇ ਜੋੜਿਆਂ ਦੇ ਨਾਲ ਪਾਸਪੋਰਟ ਸਾਈਜ਼ ਫੋਟੋ ਆਦਿ ਦੇਣੀ ਪਵੇਗੀ। ਚੰਡੀਗੜ੍ਹ ਲਾਜ਼ਮੀ ਵਿਆਹ ਰਜਿਸਟ੍ਰੇਸ਼ਨ ਨਿਯਮ-2012 ਤਹਿਤ ਅਪਲਾਈ ਕਰਨ ਵਾਲੇ ਨੂੰ ਵਿਆਹ ਸਰਟੀਫਿਕੇਟ ਦੇਣ ਲਈ ਪਹਿਲਾਂ ਤੋਂ ਹੀ ਲਾਗੂ ਆਨਲਾਈਨ ਪੋਰਟਲ ਨੂੰ ਸੋਧਿਆ ਜਾਵੇਗਾ ਤਾਂਕਿ ਅਨੰਦ ਮੈਰਿਜ ਐਕਟ ਤਹਿਤ ਅਪਲਾਈ ਕਰਨ ਵਾਲੇ ਨੂੰ ਆਨਲਾਈਨ ਸੇਵਾਵਾਂ ਦਾ ਲਾਭ ਮਿਲ ਸਕੇ।
ਕੀ ਹੈ ਅਨੰਦ ਮੈਰਿਜ ਐਕਟ: ਅਨੰਦ ਕਾਰਜ ਜਾਂ ਅਨੰਦ ਮੈਰਿਜ ਐਕਟ ਇੱਕ ਸਿੱਖ ਵਿਆਹ ਦੀ ਰਸਮ ਹੈ, ਜਿਸਦਾ ਅਰਥ ਹੈ "ਖੁਸ਼ੀ ਵੱਲ ਕੰਮ" ਜਾਂ "ਖੁਸ਼ਹਾਲ ਜੀਵਨ ਵੱਲ ਕੰਮ", ਜੋ ਗੁਰੂ ਅਮਰਦਾਸ ਜੀ ਦੁਆਰਾ ਪੇਸ਼ ਕੀਤਾ ਗਿਆ ਸੀ। ਚਾਰ ਲਾਵਾਂ (ਭਜਨ ਜੋ ਸਮਾਰੋਹ ਦੌਰਾਨ ਪੇਸ਼ ਕੀਤੇ ਜਾਂਦੇ ਹਨ) ਉਹਨਾਂ ਦੇ ਉੱਤਰਾਧਿਕਾਰੀ, ਗੁਰੂ ਰਾਮਦਾਸ ਦੁਆਰਾ ਰਚੇ ਗਏ ਸਨ। ਹਰਿਆਣਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ, ਰਾਜਸਥਾਨ ਅਤੇ ਦਿੱਲੀ ਸਮੇਤ 22 ਸੂਬਿਆਂ ਨੇ ਇਹ ਐਕਟ ਲਾਗੂ ਕੀਤਾ ਹੈ।