ਚੰਡੀਗੜ : ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਗੁਰੂ ਰਾਮਦਾਸ ਹਵਾਈ ਅੱਡੇ ਅੰਮ੍ਰਿਤਸਰ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕ ਲਿਆ। ਕਿਰਨਦੀਪ ਕੌਰ ਦੀ ਡੇਢ ਵਜੇ ਲੰਡਨ ਦੀ ਫਲਾਈਟ ਸੀ ਤਾਂ ਇਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਉਸਤੋਂ ਪੁੱਛਗਿੱਛ ਸ਼ੁਰੂ ਕਰਕੇ ਉਸਦੀ ਯਾਤਰਾ ਕੈਂਸਲ ਕਰਾ ਦਿੱਤੀ ਗਈ। ਉਸਨੂੰ ਵਾਪਸ ਘਰ ਭੇਜ ਦਿੱਤਾ ਗਿਆ ਹੈ। ਉਹ ਆਪਣੇ ਸਹੁਰਾ ਘਰ ਜਲੂਪੁਰ ਖੇੜਾ ਚਲੀ ਗਈ ਹੈ। ਸੂਤਰਾਂ ਅਨੁਸਾਰ ਕਿਰਨਦੀਪ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਮਾਪਿਆਂ ਨੂੰ ਮਿਲਣ ਜਾ ਰਹੀ ਹੈ। ਭਾਰਤ ਵਿੱਚ ਉਸ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਹੈ। ਉਹ ਬ੍ਰਿਟੇਨ ਦੀ ਨਾਗਰਿਕ ਹੈ ਅਤੇ ਭਾਰਤ ਵਿਚ 180 ਦਿਨ ਕਾਨੂੰਨੀ ਤੌਰ 'ਤੇ ਰਹਿ ਸਕਦੀ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਉਸਨੂੰ ਲੰਡਨ ਜਾਣ ਤੋਂ ਰੋਕਣ ਤੇ ਵੀ ਕਈ ਸਵਾਲ ਪੈਦਾ ਹੋ ਰਹੇ ਹਨ। ਸੀਨੀਅਰ ਵਕੀਲ ਨਵਕਿਰਨ ਸਿੰਘ ਅਤੇ ਸਰਬਜੀਤ ਸਿੰਘ ਵੇਰਕਾ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਇਸ ਵਰਤਾਰੇ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ।
ਕਿਰਨਦੀਪ ਨੂੰ ਰੋਕਣਾ ਗੈਰ ਕਾਨੂੰਨੀ : ਈਟੀਵੀ ਭਾਰਤ ਨਾਲ ਗੱਲ ਕਰਦਿਆਂ ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਅਤੇ ਉਸਦੇ ਖਿਲਾਫ਼ ਕੋਈ ਵੀ ਮਾਮਲਾ ਦਰਜ ਨਹੀਂ। ਜੇਕਰ ਕਿਸੇ ਤੇ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਤਾਂ ਰਾਈਟ ਟੂ ਅਬਰੋਡ ਅਤੇ ਰਾਈਟ ਟੂ ਮੂਮੈਂਟ ਸਭ ਦਾ ਕਾਨੂੰਨੀ ਅਧਿਕਾਰ ਹੈ। ਜੇਕਰ ਕਿਰਨਦੀਪ ਦਾ ਪਤੀ ਅੰਮ੍ਰਿਤਪਾਲ ਵਾਂਟੇਡ ਹੈ ਤਾਂ ਵੀ ਕਿਰਨਦੀਪ ਕੌਰ ਨੂੰ ਬਿਨ੍ਹਾਂ ਕਿਸੇ ਐਫਆਈਆਰ ਅਤੇ ਅਪਰਾਧ ਦੇ ਵਿਦੇਸ਼ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ। ਨਾ ਹੀ ਅਜਿਹਾ ਕਰਨਾ ਕਿਸੇ ਕਾਨੂੰਨੀ ਦਾਇਰੇ ਵਿਚ ਆਉਂਦਾ ਹੈ।
ਬ੍ਰਿਟਿਸ਼ ਅੰਬੈਸੀ ਭਾਰਤ ਸਰਕਾਰ ਤੋਂ ਮੰਗ ਸਕਦੀ ਹੈ ਜਵਾਬ : ਅਜਿਹੇ ਹਾਲਾਤਾਂ ਵਿਚ ਬ੍ਰਿਟਿਸ਼ ਅੰਬੈਸੀ ਭਾਰਤ ਸਰਕਾਰ ਤੋਂ ਜਵਾਬ ਮੰਗ ਸਕਦੀ ਹੈ ਕਿ ਉਹਨਾਂ ਦੇ ਨਾਗਰਿਕ ਨੂੰ ਕਿਉਂ ਰੋਕਿਆ ਗਿਆ। ਭਾਰਤ ਸਰਕਾਰ ਵੱਲੋਂ ਬ੍ਰਿਟਿਸ਼ ਸਰਕਾਰ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਉਣੀ ਵੀ ਜ਼ਰੂਰੀ ਹੈ ਕਿ ਕਿਰਨਦੀਪ ਕੌਰ ਨੂੰ ਭਾਰਤ ਰੋਕਿਆ ਗਿਆ ਹੈ। ਅਜਿਹੇ ਹਾਲਾਤਾਂ ਵਿਚ ਭਾਰਤ ਸਰਕਾਰ ਉਸਦਾ ਵੀਜ਼ਾ ਵਧਾ ਸਕਦੀ ਹੈ ਜੋ ਕਿ ਕਾਨੂੰਨੀ ਹੈ ਵੀਜ਼ਾ ਖ਼ਤਮ ਹੋਣ 'ਤੇ ਬਿਨ੍ਹਾਂ ਕੋਈ ਜੁਰਮ ਕੀਤੇ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਭਾਰਤ ਵਿਚ ਨਹੀਂ ਰੋਕਿਆ ਜਾ ਸਕਦਾ। ਜੇਕਰ ਬ੍ਰਿਿਟਸ਼ ਸਰਕਾਰ ਨੂੰ ਕਿਰਨਦੀਪ ਜਾਂ ਉਸਦੇ ਪਰਿਵਾਰ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਭਾਰਤ ਸਰਕਾਰ ਤੋਂ ਬਿਟ੍ਰੇਨ ਸਰਕਾਰ ਵੱਲੋਂ ਜਵਾਬ ਮੰਗਿਆ ਜਾਵੇਗਾ।
ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕੀਤੀ ਗਈ ਪੁੱਛਗਿੱਛ : ਦੱਸ ਦਈਏ ਕਿ ਕਿਰਨਦੀਪ 'ਤੇ ਬਰਤਾਨੀਆ ਵਿਚ ਬੱਬਰ ਖਾਲਸਾ ਨਾਲ ਸਬੰਧ ਰੱਖਣ ਅਤੇ ਫੰਡਿੰਗ ਕਰਨ ਦਾ ਵੀ ਦੋਸ਼ ਹੈ। ਕਿਰਨਦੀਪ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹਨਾਂ ਦੋਸ਼ਾਂ ਤਹਿਤ ਹੀ ਉਸਨੂੰ ਲੰਡਨ ਜਾਣ ਤੋਂ ਰੋਕਿਆ ਗਿਆ ਅਤੇ ਪੁੱਛਗਿੱਛ ਕੀਤੀ ਗਈ। ਜਿਹਨਾਂ ਬੱਬਰ ਖਾਲਸਾ ਨਾਲ ਸਬੰਧਾਂ ਨੂੰ ਆਧਾਰ ਬਣਾਇਆ ਜਾ ਰਿਹਾ ਹੈ ਉਹਨਾਂ ਅਨੁਸਾਰ ਤਾਂ ਉਹ ਬ੍ਰਿਟੇਨ ਤੋਂ ਭਾਰਤ ਆ ਹੀ ਨਹੀਂ ਸਕਦੀ ਸੀ। ਬ੍ਰਿਟਿਸ਼ ਨੈਸ਼ਨਲ ਨੇ ਏਅਰਪੋਰਟ ਤੋਂ ਹੀ ਉਸਨੂੰ ਵਾਪਸ ਭੇਜ ਦੇਣਾ ਸੀ। ਅਜਿਹੇ ਕੇਸ ਵਿਚ ਰੈਡ ਕਾਰਨਰ ਅਤੇ ਐਲਓਸੀ ਪਹਿਲਾਂ ਹੀ ਜਾਰੀ ਹੁੰਦੀ ਹੈ। ਅੰਮ੍ਰਿਤਪਾਲ ਨਾਲ ਵਿਆਹ ਕਰਵਾਉਣ ਤੋਂ ਬਾਅਦ ਹੀ ਸਾਰੀਆਂ ਕੜੀਆਂ ਜੋੜੀਆਂ ਗਈਆਂ।
ਇਹ ਵੀ ਪੜ੍ਹੋ: ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਸੀਐੱਮ ਮਾਨ ਅਤੇ ਕੇਜਰੀਵਾਲ ਵੱਲੋਂ ਚੋਣ ਪ੍ਰਚਾਰ, ਕਿਹਾ-ਮੌਕਾ ਮਿਲਿਆ ਤਾਂ ਬਦਲਾਂਗੇ ਜਲੰਧਰ ਦੀ ਨੁਹਾਰ
ਬ੍ਰਿਟੇਨ ਸਰਕਾਰ ਸਰਕਾਰ ਮੁੱਦਾ ਬਣਾ ਸਕਦੀ ਹੈ: ਕਾਨੂੰਨੀ ਮਾਹਿਰ ਕਹਿੰਦੇ ਹਨ ਕਿ ਇਮੀਗ੍ਰੇਸ਼ਨ ਵਿਭਾਗ ਸਵਾਲ ਕਿਸੇ ਨੂੰ ਵੀ ਕਰ ਸਕਦੀ ਹੈ ਪਰ ਬਿਨ੍ਹਾਂ ਕਿਸੇ ਜੁਰਮ ਦੇ ਕਿਸੇ ਨੂੰ ਵਿਦੇਸ਼ ਜਾਣ ਤੋਂ ਨਹੀਂ ਰੋਕ ਸਕਦੀ ਉਹ ਵੀ ਵਿਦੇਸ਼ੀ ਨਾਗਰਿਕ ਨੂੰ। ਬ੍ਰਿਟਿਸ਼ ਅੰਬੈਸੀ ਇਸਤੇ ਸਵਾਲ ਖੜ੍ਹੇ ਸਕਦੀ ਹੈ ਅਤੇ ਇਹ ਵੱਡਾ ਮੁੱਦਾ ਬਣ ਸਕਦਾ ਹੈ। ਭਾਰਤ ਦੀ ਅੰਤਰਰਾਸ਼ਟਰੀ ਪੱਧਰ 'ਤੇ ਬਦਨਾਮੀ ਵੀ ਹੋ ਸਕਦੀ ਹੈ। ਭਾਰਤ ਸਰਕਾਰ ਦਾ ਮੁੱਢਲਾ ਫ਼ਰਜ਼ ਬ੍ਰਿਟਿਸ਼ ਅੰਬੈਸੀ ਨੂੰ ਇਸ ਵਰਤਾਰੇ ਤੋਂ ਜਾਣੂੰ ਕਰਵਾਉਣਾ ਹੈ ਜੇਕਰ ਜਾਣੂੰ ਕਰਵਾਇਆ ਵੀ ਗਿਆ ਹੈ ਤਾਂ 180 ਦਿਨ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਕਿਰਨਦੀਪ ਨੂੰ ਰੋਕਿਆ ਨਹੀਂ ਜਾ ਸਕਦਾ।