ਚੰਡੀਗੜ੍ਹ: ਭਗੌੜੇ ਅੰਮ੍ਰਿਤਪਾਲ ਦੇ ਸਭ ਤੋਂ ਵੱਡੇ ਰਾਜ਼ਦਾਰ ਅਤੇ ਕਰੀਬੀ ਪਪਲਪ੍ਰੀਤ ਸਿੰਘ ਨੂੰ ਆਖਿਰਕਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜੱਦੋ ਜਹਿਦ ਮਗਰੋਂ ਕੱਥੂ ਨੰਗਲ ਦੇ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪਪਲਪ੍ਰੀਤ ਸਿੰਘ ਉੱਤੇ 6 ਮਾਮਲੇ ਦਰਜ ਹਨ ਅਤੇ ਉਸ ਦੀ ਗ੍ਰਿਫ਼ਤਾਰੀ ਐੱਨਐੱਸਏ ਐਕਟ ਤਹਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਪਲਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਜੱਦੋ-ਜਹਿਦ ਜਾਰੀ ਸੀ ਅਤੇ ਹੁਣ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸ਼ਲਾਘਾਯੋਗ ਕੰਮ ਕਰਦਿਆਂ ਪਪਲਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਜੁਆਇੰਟ ਸੀਪੀ ਨੇ ਨਿੱਜੀ ਚੈਨਲ ਉੱਤੇ ਪੰਜਾਬ ਪੁਲਿਸ ਨਾਲ ਕਿਸੇ ਵੀ ਤਰ੍ਹਾਂ ਦੇ ਜੁਆਇੰਟ ਆਪ੍ਰੇਸ਼ਨ ਨੂੰ ਅੰਜਾਮ ਦੇਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਸੀ।
ਦੱਸ ਦਈਏ ਕਿ 18 ਮਾਰਚ ਨੂੰ ਅੰਮ੍ਰਿਤਪਾਲ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਐਕਸ਼ਨ ਤੋਂ ਬਾਅਦ ਪਪਲਪ੍ਰੀਤ ਸਿੰਘ ਆਪਣੇ ਸਾਥੀ ਅੰਮ੍ਰਿਤਪਾਲ ਸਿੰਘ ਦੇ ਨਾਲ ਫਰਾਰ ਚੱਲ ਰਿਹਾ ਸੀ ਅਤੇ ਕਥਿਤ ਤਸਵੀਰਾਂ ਵਿੱਚ ਹਰ ਥਾਂ ਉਹ ਅੰਮ੍ਰਿਤਪਾਲ ਦੇ ਨਾਲ ਨਜ਼ਰ ਆ ਰਿਹਾ ਸੀ। ਅੰਮ੍ਰਿਤਪਾਲ ਜਦੋਂ ਤੋਂ ਫਰਾਰ ਹੋਇਆ ਸੀ ਉਦੋਂ ਤੋਂ ਪਪਲਪ੍ਰੀਤ ਪਰਛਾਵੇਂ ਵਾਂਗ ਦਿਨ-ਰਾਤ ਉਸ ਦੇ ਨਾਲ ਸੀ ਅਤੇ ਹੁਣ ਅੰਮ੍ਰਿਤਸਰ ਰੂਰਲ ਪੁਲਿਸ ਨੇ ਪਪਲਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪਪਲਪ੍ਰੀਤ ਦੀ ਇਸ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਦੀਆਂ ਕਿਆਸਰਾਈਆਂ ਵੀ ਤੇਜ਼ ਹੋ ਗਈਆਂ ਹਨ। ਅੰਮ੍ਰਿਤਪਾਲ ਦੀ ਜਲਦ ਗ੍ਰਿਫ਼ਤਾਰੀ ਇਸ ਲਈ ਸੰਭਵ ਦੱਸੀ ਜਾ ਰਹੀ ਹੈ ਕਿਉਂਕਿ ਅੰਮ੍ਰਿਤਪਾਲ ਦਾ ਹਰ ਰਾਜ਼ ਪਪਲਪ੍ਰੀਤ ਸਿੰਘ ਜਾਣਦਾ ਹੈ।
ਵੱਖ-ਵੱਖ ਥਾਵਾਂ ਉੱਤੇ ਨਾਲ ਦਿੱਤਾ ਦਿਖਾਈ: ਦੱਸ ਦਈਏ 18 ਮਾਰਚ ਨੂੰ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਐਕਸ਼ਨ ਵਿੱਢਿਆ ਗਿਆ ਤਾਂ ਅੰਮ੍ਰਿਤਪਾਲ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ, ਪਰ ਉਸ ਦੇ ਸੈਂਕੜੇ ਸਾਥੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਹਾਲਾਂਕਿ ਬਹੁਤ ਸਾਰੇ ਬੇਕਸੂਰ ਨੌਜਵਾਨ ਨੂੰ ਪੁਲਿਸ ਅਤੇ ਅਦਾਲਤ ਵੱਲੋਂ ਰਿਹਾਅ ਕੀਤਾ ਗਿਆ। ਇਸ ਸਾਰੇ ਵਰਤਾਰੇ ਦੌਰਾਨ ਇਹ ਖ਼ਬਰ ਸਾਹਮਣੇ ਆਈ ਸੀ ਕਿ ਅੰਮ੍ਰਿਤਪਾਲ ਆਪਣੇ ਸਭ ਤੋਂ ਕਰੀਬੀ ਸਾਥੀ ਪਪਲਪ੍ਰੀਤ ਨਾਲ ਫਰਾਰ ਹੋਇਆ ਹੈ ਅਤੇ ਪਪਲਪ੍ਰੀਤ ਨੇ ਹਰ ਥਾਂ ਉੱਤੇ ਉਸ ਦੀ ਮਦਦ ਕੀਤੀ ਹੈ। ਮਾਰਚ ਮਹੀਨੇ ਤੋਂ ਪੰਜਾਬ ਅਤੇ ਹੋਰ ਸੂਬਿਆਂ ਸਮੇਤ ਰਾਜਧਾਨੀ ਦਿੱਲੀ ਤੋਂ ਆਈਆਂ ਸ਼ੱਕੀ ਤਸਵੀਰਾਂ ਵਿੱਚ ਅੰਮ੍ਰਿਤਪਾਲ ਦੇ ਨਾਲ ਪਪਲਪ੍ਰੀਤ ਪਰਛਾਵੇਂ ਵਾਂਗ ਹਰ ਥਾਂ ਦੇਖਿਆ ਗਿਆ ਸੀ। ਜਿਸ ਕਾਰਣ ਉਹ ਪੰਜਾਬ ਪੁਲਿਸ ਦੀ ਰਡਾਰ ਉੱਤੇ ਸੀ।
ਪਪਲਪ੍ਰੀਤ ਉੱਤੇ ਲੱਗੀ ਹੈ ਐੱਨਐੱਸਏ: ਦੱਸ ਦਈਏ ਅੰਮ੍ਰਿਤਪਾਲ ਦੇ ਤਮਾਮ ਐਕਸ਼ਨਾਂ ਵਿੱਚ ਪਪਲਪ੍ਰੀਤ ਨੇ ਡਟਵਾਂ ਸਾਥ ਦਿੱਤਾ ਹੈ ਅਤੇ ਅੰਮ੍ਰਿਤਪਾਲ ਦੇ ਐਕਸ਼ਨਾਂ ਉੱਤੇ ਕਾਬੂ ਪਾਉਣ ਲਈ ਪੁਲਿਸ ਵੱਲੋਂ ਨੈਸ਼ਨਲ ਸੁਰੱਖਿਆ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਇਸ ਦੌਰਾਨ ਪੁਲਿਸ ਨੇ ਐੱਨਐੱਸਏ ਪਪਲਪ੍ਰੀਤ ਸਿੰਘ ਖ਼ਿਲਾਫ਼ ਵੀ ਲਗਾਇਆ ਗਿਆ ਹੈ। ਇਸ ਗੰਭੀਰ ਐਕਟ ਤਹਿਤ ਮਾਮਲਾ ਦਰਜ ਹੋਣ ਤੋਂ ਬਾਅਦ ਪਪਲਪ੍ਰੀਤ ਦੀ ਜੰਗੀ ਪੱਧਰ ਉੱਤੇ ਭਾਲ ਜਾਰੀ ਸੀ। ਹੁਣ ਆਖਿਰਕਾਰ ਪਪਲਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Punjab Cabinet Meeting: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅਹਿਮ ਫੈਸਲੇ, 13 ਅਪ੍ਰੈਲ ਨੂੰ ਕਿਸਾਨਾਂ ਨੂੰ ਚੈੱਕ ਵੰਡਣਗੇ ਸੀਐੱਮ ਮਾਨ