ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਯੁਕਤ ਕੀਤੇ ਗਏ ਸਿਆਸੀ ਐਡਵਾਈਜ਼ਰਾਂ ਨੂੰ ਸਕੱਤਰੇਤ 'ਚ ਦਫ਼ਤਰ ਦੇ ਦਿੱਤੇ ਗਏ ਹਨ। ਪਿਛਲੇ ਦਿਨੀਂ ਕੈਬਿਨੇਟ ਰੈਂਕ ਦਾ ਦਰਜਾ ਲੈਣ ਵਾਲੇ ਵਿਧਾਇਕਾਂ ਨੇ ਕੈਬਿਨੇਟ ਮੰਤਰੀਆਂ ਨੂੰ ਮਿਲਣ ਵਾਲੀ ਸੁੱਖ ਸੁਵਿਧਾਵਾਂ ਲੈਣ ਤੋਂ ਇਨਕਾਰ ਕਰ ਦਿਤਾ ਸੀ। ਜਿਸ ਤੋਂ ਬਾਅਦ ਹੁਣ ਸਕੱਤਰੇਤ ਦੇ ਵਿੱਚ ਚੌਥੇ, ਅੱਠਵੇਂ ਅਤੇ ਸੱਤਵੇਂ ਫਲੋਰ 'ਤੇ ਉਨ੍ਹਾਂ ਲਈ ਕਮਰੇ ਅਲਾਟ ਕਰ ਦਿਤੇ ਗਏ ਹਨ।
ਸਰਕਾਰ ਵੱਲੋਂ ਛੇ ਵਿਧਾਇਕਾਂ ਨੂੰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰਾਂ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਨ੍ਹਾਂ ਨੂੰ ਕੈਪਟਨ ਸਰਕਾਰ ਵੱਲੋਂ ਕੈਬਿਨੇਟ ਦੇ ਰੈਂਕ ਨਾਲ ਨਿਵਾਜਿਆ ਗਿਆ ਸੀ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਸੈਕਟਰੀਏਟ ਦੇ ਚੌਥੇ ਫਲੋਰ 'ਤੇ 33 ਨੰਬਰ ਕਮਰਾ, ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿੰਨੀ ਸੈਕਟਰੀਏਟ ਸੈਕਟਰ 9 ਵਿੱਚ ਸ਼ਿਫਟ ਕੀਤਾ ਗਿਆ ਹੈ। ਉੱਥੇ ਹੀ ਫਲੋਰ 'ਤੇ ਤੀਸਰੇ ਸਿਆਸੀ ਸਲਾਹਕਾਰ ਤਰਸੇਮ ਸਿੰਘ ਡੀਸੀ ਬੈਠਣਗੇ। ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਸੈਕਟਰੀਏਟ ਦੇ ਸੱਤਵੇਂ ਫਲੋਰ 'ਤੇ ਮੌਜੂਦ ਰਹਿਣਗੇ। ਟਾਂਡਾ ਦੇ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੂੰ ਉਸੇ ਹੀ ਫਲੋਰ 'ਤੇ ਕਮਰਾ ਨੰਬਰ 28 ਦਿੱਤਾ ਗਿਆ ਹੈ। ਉੱਥੇ ਹੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਅੱਠਵੇਂ ਫਲੋਰ 'ਤੇ ਕਮਰਾ ਨੰਬਰ 11 ਵਿੱਚ ਬੈਠਣਗੇ।
ਜ਼ਿਕਰਯੋਗ ਹੈ ਕਿ ਐਡਵਾਈਜ਼ਰਾਂ ਦੀ ਨਿਯੁਕਤੀ ਤੋਂ ਬਾਅਦ ਸਰਕਾਰ ਵੱਲੋਂ ਸਟਾਫ ਵੀ ਦਿੱਤਾ ਗਿਆ ਸੀ ਪਰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਐਡਵਾਈਜ਼ਰਾਂ ਦੀ ਨਿਯੁਕਤੀ ਖਿਲਾਫ ਪਾਈ ਗਈ ਪਟੀਸ਼ਨ ਤੋਂ ਬਾਅਦ ਸਰਕਾਰ ਨੇ ਸਟਾਫ ਨੂੰ ਵਾਪਸ ਲੈ ਲਿਆ ਸੀ। ਪਰ ਹੁਣ ਮੁੜ ਤੋਂ ਪੰਜਾਬ ਸਰਕਾਰ ਵੱਲੋਂ ਸਟਾਫ ਦੇ ਦਫ਼ਤਰ ਸਾਰੇ ਐਡਵਾਈਜ਼ਰਾਂ ਨੂੰ ਸਕਤਰੇਤ 'ਚ ਦੇ ਦਿੱਤੇ ਗਏ ਹਨ। ਜਿਸ ਦਾ ਸਿੱਧਾ ਬੋਝ ਸਰਕਾਰ ਦੇ ਖਜ਼ਾਨੇ 'ਤੇ ਪਵੇਗਾ ਜੋ ਕਿ ਸਰਕਾਰ ਦੇ ਹਿਸਾਬ ਨਾਲ ਖਾਲੀ ਹੈ।