ਫਤਹਿਗੜ੍ਹ ਸਾਹਿਬ: ਲੱਦਾਖ 'ਚ ਫੌਜ ਦਾ ਟਰੱਕ ਨਦੀ 'ਚ ਡਿੱਗਣ ਕਾਰਨ ਦੇਸ਼ ਦੇ 9 ਜਵਾਨ ਸ਼ਹੀਦ ਹੋ ਗਏ। ਜਾਣਕਾਰੀ ਮੁਤਾਬਿਕ ਇਨ੍ਹਾਂ 9 ਸ਼ਹੀਦਾਂ ਵਿੱਚ ਪੰਜਾਬ ਦੇ ਫਰੀਦਕੋਟ ਅਤੇ ਬੱਸੀ ਪਠਾਣਾ ਦਾ ਫੌਜੀ ਜਵਾਨ ਵੀ ਸ਼ਾਮਿਲ ਹੈ। ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਪਣੇ ਵਾਅਦੇ ਮੁਤਾਬਿਕ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ।
ਇਸ ਮੌਕੇ ਗਲਬਾਤ ਕਰਦੇ ਹੋਏ ਸ਼ਹੀਦ ਤਰਨਦੀਪ ਸਿੰਘ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਆਪਣੇ ਸਾਥੀਆਂ ਦੇ ਕਿਸੇ ਖੇਡ ਟੂਰਨਾਮੈਂਟ ਵਿੱਚ ਜਾ ਰਿਹਾ ਸੀ ਕਿ ਉਹਨਾਂ ਦੀ ਗੱਡੀ ਖੱਡ ਵਿੱਚ ਡਿੱਗ ਗਈ। ਇਸ ਨਾਲ ਉਹਨਾਂ ਦਾ ਬੇਟਾ ਸ਼ਹੀਦ ਹੋ ਗਿਆ। ਉਹਨਾਂ ਨੇ ਦੱਸਿਆ ਕਿ ਇਸ ਘਟਨਾ ਬਾਰੇ ਸ਼ਹੀਦ ਤਰਨਦੀਪ ਸਿੰਘ ਦੇ ਮਾਸੜ ਜੀ ਤੋਂ ਪਤਾ ਲੱਗਾ ਸੀ ਜੋ ਪਹਿਲਾ ਇਸ ਯੁਨਿਟ ਦੇ ਸਨ, ਜਿਹਨਾਂ ਨੂੰ ਉਹਨਾਂ ਦੇ ਸਾਥੀਆ ਨੇ ਦਸਿਆ ਸੀ।
ਦਸੰਬਰ ਵਿੱਚ ਆਉਣਾ ਸੀ ਛੁੱਟੀ : ਉਹਨਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਉਮਰ ਹਾਲੇ 23 ਸਾਲ ਦੀ ਸੀ ਜੋ ਨਵੰਬਰ ਮਹੀਨੇ ਵਿੱਚ 24 ਸਾਲ ਦਾ ਹੋਣਾ ਸੀ। ਪਿਤਾ ਨੇ ਦੱਸਿਆ ਕਿ ਸ਼ਹੀਦ ਤਰਨਦੀਪ ਸਿੰਘ ਦਾ ਅਜੇ ਵਿਆਹ ਨਹੀਂ ਸੀ ਹੋਇਆ। ਉਹ ਉਹਨਾਂ ਦਾ ਇਲਾਜ ਬੇਟਾ ਸੀ, ਤੇ ਇਕ ਉਹਨਾਂ ਦੀ ਬੇਟੀ ਹੈ। ਉਨ੍ਹਾਂ ਨੇ ਦੱਸਿਆ ਕਿ ਬੇਟੇ ਦੇ ਨਾਲ ਤਿੰਨ-ਚਾਰ ਦਿਨ ਪਹਿਲਾਂ ਹੀ ਗੱਲ ਹੋਈ ਸੀ। ਉੱਥੇ ਹੀ ਉਹਨਾਂ ਨੇ ਕਿਹਾ ਕਿ ਤਰਨਦੀਪ ਸਿੰਘ ਨੇ ਦਸੰਬਰ ਮਹੀਨੇ ਦੇ ਵਿਚ ਛੁੱਟੀ ਤੇ ਆਉਣਾ ਸੀ। ਸਾਨੂੰ ਵੀ ਸੀ ਕਿ ਉਹ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੇਖ ਆਵੇਗਾ। ਉਹਨਾਂ ਕਿਹਾ ਕਿ ਤਰਨਦੀਪ ਸਿੰਘ ਕਹਿੰਦਾ ਸੀ ਕਿ ਪਹਿਲਾ ਆਪਣੀ ਭੈਣ ਦਾ ਵਿਆਹ ਕਰਨਾ ਹੈ, ਫਿਰ ਆਪਣੇ ਵਿਆਹ ਬਾਰੇ ਸੋਚੇਗਾ। ਉੱਥੇ ਇਸ ਮੌਕੇ ਸ਼ਹੀਦ ਤਰਨਦੀਪ ਸਿੰਘ ਦੇ ਘਰ ਪਹੁੰਚੇ ਬੀਜੇਪੀ ਦੇ ਹਲਕਾ ਇੰਚਾਰਜ ਦੀਪਕ ਜੋਤੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਅਤੇ ਰਾਜ ਨਾਥ ਨੇ ਦਿੱਤੀ ਸ਼ਰਧਾਂਜਲੀ: ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਵੇਰੇ ਜਦੋ ਇਹ ਖਬਰ ਸਾਹਮਣੇ ਆਈ ਸੀ ਤਾਂ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਜ਼ਾਹਰ ਕੀਤੀ । ਰਾਜਨਾਥ ਨੇ ਐਕਸ 'ਤੇ ਲਿਖਿਆ: "ਲਦਾਖ ਦੇ ਲੇਹ ਨੇੜੇ ਇੱਕ ਦੁਰਘਟਨਾ ਕਾਰਨ ਭਾਰਤੀ ਫੌਜ ਦੇ ਜਵਾਨਾਂ ਦੇ ਨੁਕਸਾਨ ਤੋਂ ਦੁਖੀ ਹਾਂ। ਅਸੀਂ ਆਪਣੇ ਦੇਸ਼ ਲਈ ਉਨ੍ਹਾਂ ਦੀ ਮਿਸਾਲੀ ਸੇਵਾ ਨੂੰ ਕਦੇ ਨਹੀਂ ਭੁੱਲਾਂਗੇ। ਮੇਰੇ ਵਿਚਾਰ ਦੁਖੀ ਪਰਿਵਾਰਾਂ ਦੇ ਨਾਲ ਹਨ। ਜ਼ਖਮੀ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦੇ ਹਾਂ।"