ਚੰਡੀਗੜ੍ਹ: 2024 ਦੀਆਂ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਅਗਾਉਂ ਤਿਆਰੀ ਖਿੱਚ ਲਈ ਹੈ। ਇਸੇ ਤਿਆਰੀ ਤਹਿਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 29 ਜਨਵਰੀ ਨੂੰ ਪਟਿਆਲਾ ਵਿੱਚ ਰੈਲੀ ਕਰਨ ਜਾ ਰਹੇ ਹਨ। ਪਟਿਆਲਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਹੈ ਤੇ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਇਹ ਵੀ ਕੈਪਟਨ ਲਈ ਤਾਕਤ ਦਾ ਪ੍ਰਦਰਸ਼ਨ ਹੋਵੇਗਾ।
ਇਸ ਤਰ੍ਹਾਂ ਰਹੇਗਾ ਪਲਾਨ: ਜਾਣਕਾਰੀ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 29 ਜਨਵਰੀ ਨੂੰ ਸਵੇਰੇ 10 ਵਜੇ ਪਟਿਆਲਾ ਪਹੁੰਚ ਜਾਣਗੇ। ਇਸ ਤੋਂ ਮਗਰੋਂ ਉਹ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿੱਚ ਨਤਮਸਤਕ ਹੋਣਗੇ ਤੇ ਫਿਰ ਉਹ ਮਾਤਾ ਕਾਲੀ ਦੇਵੀ ਮੰਦਿਰ ਵਿੱਚ ਵੀ ਮੱਥਾ ਟੇਕਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਮਗਰੋਂ ਸ਼ਾਹ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨਗੇ ਤੇ ਫਿਰ ਰੈਲੀ ਕਰਨਗੇ।
ਰਾਹੁਲ ਦੀ ਯਾਤਰਾ ਨਾਲ ਜੋੜਿਆ ਜਾ ਰਿਹੈ ਸ਼ਾਹ ਦਾ ਦੌਰਾ: ਕੇਂਦਰੀ ਗ੍ਰਹਿ ਮੰਤਰੀ ਸ਼ਾਹ ਦੀ ਰੈਲੀ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨਾਲ ਜੋੜਿਆ ਜਾ ਰਿਹਾ ਹੈ। ਦੱਸ ਦਈਏ ਕਿ ਰਾਹੁਲ ਗਾਂਧੀ ਆਪਣੀਆਂ ਰੈਲੀਆਂ ਵਿੱਚ ਭਾਜਪਾ ਉੱਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ। ਖਾਸ ਗੱਲ ਇਹ ਹੈ ਕਿ ਪੰਜਾਬ ਦੀ ਯਾਤਰਾ ਦੌਰਾਨ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਕੁਝ ਨਹੀਂ ਕਿਹਾ, ਬਲਕਿ ਕੇਂਦਰ ਸਰਕਾਰ ਉੱਤੇ ਲਗਾਤਾਰ ਨਿਸ਼ਾਨੇ ਸਾਧ ਰਹੇ ਹਨ। ਰਾਹੁਲ ਗਾਂਧੀ ਜੀਐਸਟੀ, ਨੋਟਬੰਦੀ ਤੇ ਮਹਿੰਗਾਈ ਵਰਗੇ ਮੁੱਦਿਆਂ ਉੱਤੇ ਲਗਾਤਾਰ ਕੇਂਦਰ ਸਰਕਾਰ ਨੂੰ ਘੇਰ ਰਹੇ ਹਨ ਤੇ ਹੁਣ ਮੰਤਰੀ ਅਮਿਤ ਸ਼ਾਹ ਰਾਹੁਲ ਨੂੰ ਇਸ ਦਾ ਜਵਾਬ ਰੈਲੀ ਰਾਹੀਂ ਦੇ ਸਕਦੇ ਹਨ।
ਕੈਪਟਨ ਦਾ ਪਰਿਵਾਰ ਟਿਕਟ ਦਾ ਦਾਅਵੇਦਾਰ: ਸ਼ਾਹੀ ਸ਼ਹਿਰ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਭਾਜਪਾ ਲੋਕ ਸਭਾ ਚੋਣਾਂ 2024 ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਹੀ ਇਸ ਟਿਕਟ ਦਾ ਮਜ਼ਬੂੂਤ ਦਾਅਵੇਦਾਰ ਹੈ। ਸੂਤਰਾਂ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਆਪਣੀ ਪੁੱਤਰੀ ਬੀਬਾ ਜੈਇੰਦਰ ਕੌਰ ਲਈ ਟਿਕਟ ਦੇ ਇਛੁੱਕ ਹਨ। ਦੱਸ ਦਈਏ ਕਿ ਮੌਜੂਦਾ ਸਮੇਂ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਕਾਂਗਰਸੀ ਪਾਰਟੀ ਵੱਲੋਂ ਸਾਂਸਦ ਹਨ।
ਹੁਣ 13 ਦੀਆਂ 13 ਸੀਟਾਂ ਉੱਤੇ ਚੋਣ ਲੜੇਗੀ ਭਾਜਪਾ: 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਵਾਰ ਭਾਜਪਾ ਹੁਣ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਇਕੱਲੇ ਹੀ ਚੋਣ ਲੜੇਗੀ, ਕਿਉਂਕਿ ਇਸ ਤੋਂ ਪਹਿਲਾਂ ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਸੀ, ਜੋ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਟੁੱਟ ਗਿਆ ਸੀ। ਪਹਿਲਾਂ ਨਾਲੋਂ ਇਸ ਵਾਰ ਭਾਜਪਾ ਲਈ ਪੰਜਾਬ ਦੀ ਸਥਿਤੀ ਗੰਭੀਰ ਬਣੀ ਹੋਈ ਹੈ, ਪਰ ਦੇਖਿਆ ਜਾਵੇ ਤਾਂ ਇਸ ਵਾਰ ਪੰਜਾਬ ਵਿੱਚ ਭਾਜਪਾ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਤੋਂ ਇਲਾਵਾ ਹਾਲ ਹੀ ਵਿੱਚ ਕਾਂਗਰਸ ਦੇ ਕਈ ਦਿੱਗਜ ਸਾਬਕਾ ਮੰਤਰੀਆਂ ਦੀ ਹਮਾਇਤ ਮਿਲੇਗੀ, ਜਿ ਕਿ ਭਾਜਪਾ ਦਾ ਪੱਲਾ ਫੜ੍ਹ ਚੁੱਕੇ ਹਨ।
ਇਹ ਵੀ ਪੜੋ: Weather Update: ਪੰਜਾਬ ਵਿੱਚ ਠੰਢ ਦਾ ਨਵਾਂ ਦੌਰ, ਸ਼ਿਮਲੇ ਵਾਂਗ ਪੈਣ ਲੱਗੀ ਬਰਫ਼ !