ਚੰਡੀਗੜ੍ਹ: ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਉਪਰੰਤ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਅਤੇ ਸੂਬੇ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਅਜਨਾਲਾ ਅੱਜ ਭਾਜਪਾ ਵਿੱਚ ਸ਼ਾਮਿਲ ਹੋਏ। ਭਾਜਪਾ ਦੇ ਮੁੱਖ ਦਫ਼ਤਰ ਦਿੱਲੀ ਵਿਖੇ ਅੱਜ ਭਾਜਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਅਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਸਮੇਤ ਹੋਰਨਾਂ ਨੂੰ ਜੀ ਆਇਆਂ ਨੂੰ ਆਖਿਆ।
ਗਾਇਕਾ ਸਤਵਿੰਦਰ ਬਿੱਟੀ: ਜੇਕਰ ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਚੁੱਕੀ ਪੰਜਾਬ ਦੀ ਨਾਮਵਰ ਲੋਕ ਗਾਇਕਾ ਸਤਵਿੰਦਰ ਬਿੱਟੀ ਵੀ ਅੱਜ ਭਾਜਪਾ ਵਿਚ ਸ਼ਾਮਿਲ ਹੋਣਗੇ ਅਤੇ ਅਕਾਲੀ ਦਲ ਨਾਲ ਸਬੰਧਿਤ ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਸਮੇਤ ਹੋਰ ਕਈ ਸਾਬਕਾ ਵਿਧਾਇਕ ਵੀ ਭਾਜਪਾ ਵਿਚ ਸ਼ਾਮਿਲ ਹੋਣਗੇ। ਦੱਸ ਦਈਏ ਬੀਤੇ ਕਈ ਮਹੀਨਿਆਂ ਤੋਂ ਭਾਜਪਾ ਪੰਜਾਬ ਅੰਦਰ ਆਪਣੇ ਪੈਰ ਮਜ਼ਬੂਤ ਕਰ ਰਹੀ ਹੈ। ਭਾਜਪਾ ਵਿੱਚ ਸ਼ਾਮਿਲ ਹੋਣ ਜਾ ਰਹੇ ਅਮਰਪਾਲ ਸਿੰਘ ਬੋਨੀ ਅਜਨਾਲਾ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਿਲ ਹੋ ਚੁੱਕੇ ਸਨ ਜਿਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਹਨ। ਇਸ ਤੋਂ ਮਗਰੋਂ ਬੋਨੀ ਅਜਨਾਲਾ ਨੇ ਮੁੜ ਤੋਂ ਸਹਿਮਤੀਆਂ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕੀਤੀ ਅਤੇ ਫਿਰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦਿੱਤਾ।
ਭਾਜਪਾ ਵਿੱਚ ਸ਼ਾਮਿਲ ਹੋਣ ਵਾਲਿਆਂ ਦੀ ਲੰਬੀ ਲਿਸਟ: ਦੱਸ ਦਈਏ ਭਾਜਪਾ ਦਾ ਮਿਸ਼ਨ ਲੋਟਸ ਇਸ ਸਮੇਂ ਪੂਰੇ ਦੇਸ਼ ਅੰਦਰ ਪੈਰ ਪਸਾਰ ਰਿਹਾ ਅਤੇ ਇਸੇ ਤਰ੍ਹਾਂ ਭਾਜਪਾ ਨੇ ਬਹੁਤ ਸਾਰੀਆਂ ਖੇਤਰੀ ਅਤੇ ਨੈਸ਼ਨਲ ਪਾਰਟੀਆਂ ਦੇ ਵੱਡੇ ਲੀਡਰਾਂ ਨੂੰ ਆਪਣੇ ਕਲੇਵੇ ਵਿੱਚ ਸਮੇਟਿਆ ਹੈ। ਮੁੱਖ ਤੌਰ ਉੱਤੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦਾ ਪੱਲਾ ਫੜ੍ਹ ਚੁੱਕੇ ਨੇ ਉਨ੍ਹਾਂ ਤੋਂ ਬਾਅਦ ਦਿੱਗਜ ਕਾਂਗਰਸੀ ਆਗੂ ਸੁਨੀਲ ਜਾਖੜ, ਸਾਬਕਾ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸੋਢੀ, ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ, ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹੁਣ ਸਾਬਕਾ ਸੀਨੀਅਰ ਆਕਾਲੀ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਪੰਜਾਬ ਦੀ ਮਸ਼ਹੂਰ ਗਾਇਕਾ ਅਤੇ ਕਾਂਗਰਸੀ ਆਗੂ ਸਤਵਿੰਦਰ ਬਿੱਟੂ ਭਾਜਪਾ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਹਨ।