ਚੰਡੀਗੜ੍ਹ: ਪਿਛਲੇ 14 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿੱਚ ਲਗਾਤਰ ਇਜ਼ਾਫਾ ਹੋ ਰਿਹਾ ਹੈ। ਜਿਸ ਦੇ ਨਾਲ ਪੈਟਰੋਲ ਅਤੇ ਡੀਜ਼ਲ 9 ਤੋਂ 10 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਉੱਤੇ ਸਖ਼ਤ ਰਵੱਈਆ ਅਖ਼ਤਿਆਰ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕਰੂਡ ਆਇਲ ਸਸਤਾ ਹੋਣ ਕਰਕੇ ਸਰਕਾਰਾਂ ਕੱਚੇ ਤੇਲ ਦਾ ਰੇਟ ਘਟਾ ਰਹੀਆਂ ਹਨ।
ਉੱਥੇ ਹੀ ਭਾਰਤ ਸਰਕਾਰ ਕੋਰੋਨਾ ਮਹਾਂਮਾਰੀ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾ ਕੇ ਜਾਣ ਬੁੱਝ ਕੇ ਆਮ ਆਦਮੀ 'ਤੇ ਬੋਝ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਸਭ ਤੋਂ ਵੱਧ ਟੈਕਸ ਕੱਚੇ ਤੇਲ ਦੇ ਉੱਤੇ ਲੈ ਰਿਹਾ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਉਸ ਦੀਆਂ ਨੀਤੀਆਂ ਵੀ ਘੱਟ ਮਾਰੂ ਨਹੀਂ ਹਨ।
ਜਿੱਥੇ ਕੇਂਦਰ ਸਰਕਾਰ ਨੇ ਕੱਚੇ ਤੇਲ 'ਤੇ ਵੈਟ ਵਧਾਇਆ ਹੈ। ਉੱਥੇ ਹੀ ਪੰਜਾਬ ਸਰਕਾਰ ਨੇ ਆਪਣੇ ਗਵਾਂਢੀ ਸੂਬਿਆਂ ਤੋਂ ਵੱਧ ਵੈਟ ਲਗਾ ਕੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧਾ ਦਿੱਤੀ ਹੈ। ਜਿਸ ਦਾ ਸਿੱਧਾ ਅਸਰ ਪੰਜਾਬ ਦੇ ਕਿਸਾਨਾਂ 'ਤੇ ਪਿਆ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਦੇ ਸਖ਼ਤ ਵਿਰੋਧ ਦੇ ਵਿੱਚ ਹੈ ਤੇ ਉਨ੍ਹਾਂ ਦੇ ਵੱਲੋਂ ਇਕ ਪੱਤਰ ਪ੍ਰਧਾਨ ਮੰਤਰੀ ਨੂੰ ਵੀ ਇਸ ਬਾਰੇ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਲਗਾਮ ਨਹੀਂ ਲਗਾਉਦੀ ਤਾਂ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਲੈ ਕੇ ਬਹੁਤ ਜਲਦ ਵਿਦਰੋਹ ਕਰੇਗੀ। ਜਦੋਂ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਨਹੀਂ ਕੀਤੀਆਂ ਜਾਂਦੀਆਂ।