ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸੂਬੇ ਦੇ ਲੋਕਾਂ ਦਾ ਬੇਹੱਦ ਮਹਿੰਗੀ ਬਿਜਲੀ ਤੋਂ ਖਹਿੜਾ ਛੁਡਾਉਣ ਲਈ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੀ ਤੁਰੰਤ ਦਖ਼ਲਅੰਦਾਜ਼ੀ ਮੰਗੀ ਹੈ।
ਇੱਕ ਪੱਤਰ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਸੂਬੇ 'ਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦਾ ਵਿਧਾਇਕ ਹੋਣ ਦੇ ਨਾਤੇ ਉਹ ਕਾਂਗਰਸ ਦਾ ਧਿਆਨ ਪੰਜਾਬ ਦੇ ਲੋਕਾਂ ਨੂੰ ਮਿਲ ਰਹੀ ਹੱਦੋਂ ਵੱਧ ਮਹਿੰਗੀ ਬਿਜਲੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਹੋਏ ਬਿਜਲੀ ਖ਼ਰੀਦ ਸਮਝੌਤਿਆਂ ਬਾਰੇ 2017 ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਾਅਦੇ ਵੱਲ ਦਿਵਾਉਣਾ ਚਾਹੁੰਦੇ ਹਨ।
ਅਮਨ ਅਰੋੜਾ ਨੇ ਦੱਸਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ 3 ਨਿੱਜੀ ਥਰਮਲ ਪਲਾਂਟਾਂ ਨਾਲ ਬੇਹੱਦ ਮਹਿੰਗੇ, ਮਾਰੂ ਅਤੇ ਇੱਕ ਪੱਖੀ ਪੀਪੀਏਜ਼ ਸਹੀ ਬੱਧ ਹੋਏ, ਜਿਸ ਕਾਰਨ ਅੱਜ ਪੰਜਾਬ ਦੇ ਹਰੇਕ ਬਿਜਲੀ ਖਪਤਕਾਰ ਨੂੰ ਹੱਦੋਂ ਵੱਧ ਮਹਿੰਗੀ ਬਿਜਲੀ ਮਿਲ ਰਹੀ ਹੈ।
ਅਮਨ ਅਰੋੜਾ ਨੇ ਪੀਪੀਏਜ਼ ਦੀਆਂ ਮਾਰੂ ਸ਼ਰਤਾਂ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਸੁਪਰੀਮੋ ਨੂੰ ਦੱਸਿਆ ਕਿ ਜੇਕਰ ਸਰਕਾਰ ਇਨ੍ਹਾਂ ਥਰਮਲ ਪਲਾਂਟਾਂ ਕੋਲੋਂ ਸਾਲ ਭਰ ਇੱਕ ਵੀ ਯੂਨਿਟ ਬਿਜਲੀ ਖ਼ਰੀਦ ਨਹੀਂ ਕਰਦੀ ਤਾਂ ਵੀ ਸੂਬੇ ਦੇ ਲੋਕਾਂ ਅਤੇ ਸਰਕਾਰੀ ਖ਼ਜ਼ਾਨੇ ਦੇ ਹਜ਼ਾਰਾਂ ਕਰੋੜ ਰੁਪਏ ਇਨ੍ਹਾਂ ਨਿੱਜੀ ਥਰਮਲ ਕੰਪਨੀਆਂ ਨੂੰ ਅਦਾ ਕਰਨੇ ਪੈ ਰਹੇ ਹਨ।