ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੰਵਿਧਾਨ ਦਿਵਸ ਮਨਾਉਣ ਲਈ ਸੱਦੇ ਵਿਸ਼ੇਸ਼ ਇਜਲਾਸ ਦੌਰਾਨ ਇਸ ਗੱਲ ਉੱਤੇ ਬਹਿਸ ਕਰਵਾਉਣ ਦੀ ਮੰਗ ਕੀਤੀ ਹੈ ਕਿ ਸਾਡੇ ਸੰਵਿਧਾਨ ਦੀ ਭਾਰਤ ਨੂੰ ਇੱਕ ਸੁਤੰਤਰ, ਸਮਾਜਵਾਦੀ, ਧਰਮਨਿਰਪੱਖ, ਲੋਕਤੰਤਰੀ ਰਿਪਬਲਿਕ ਬਣਾਉਣ ਦੀ ਵਚਨਬੱਧਤਾ ਨੂੰ ਕਾਂਗਰਸ ਸਰਕਾਰ ਦੁਆਰਾ ਕਿਉਂ ਅਮਲ ਵਿਚ ਨਹੀਂ ਲਿਆਂਦਾ ਜਾ ਰਿਹਾ ਹੈ? ਪਾਰਟੀ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਇਸ ਨਾਕਾਮੀ ਉੱਤੇ ਸਵੈਚਿੰਤਨ ਕਰਨ ਦਾ ਸੱਦਾ ਦਿੱਤਾ ਹੈ।
ਅਕਾਲੀ ਦਲ ਦੇ ਵਿਧਾਇਕਾਂ ਪਰਮਿੰਦਰ ਸਿੰਘ ਢੀਂਡਸਾ ਅਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਮਿਲੇ ਵਫ਼ਦ ਨੇ ਕਿਹਾ ਕਿ ਅਜਿਹੀ ਬਹਿਸ ਕਰਵਾਉਣਾ ਉਨ੍ਹਾਂ ਸੰਵਿਧਾਨ ਨਿਰਮਾਤਾਵਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਜਿਨ੍ਹਾਂ ਨੇ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਨਾਗਰਿਕਾਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਦਾ ਜ਼ਿਕਰ ਕਰਕੇ ਦੇਸ਼ ਦੇ ਹਰ ਨਾਗਰਿਕ ਨੂੰ ਇਨਸਾਫ, ਆਜ਼ਾਦੀ ਅਤੇ ਸਮਾਨਤਾ ਦਿਵਾਉਣ ਦਾ ਸੁਫਨਾ ਲਿਆ ਸੀ।
ਉਨ੍ਹਾਂ ਕਿਹਾ ਕਿ ਸਾਨੂੰ ਸਾਡੀ ਨਾਕਾਮੀਆਂ ਦੀ ਪੜਚੋਲ ਕਰਨੀ ਚਾਹੀਦੀ ਹੈ ਅਤੇ ਭਾਰਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਵਧੀਆ ਥਾਂ ਬਣਾਉਣ ਵਾਸਤੇ ਗਲਤੀਆਂ ਨੂੰ ਸੁਧਾਰਨ ਲਈ ਇਕ ਨਵਾਂ ਅਹਿਦ ਕਰਨਾ ਚਾਹੀਦਾ ਹੈ। ਅਕਾਲੀ ਦਲ ਨੇ ਸਪੀਕਰ ਨੂੰ ਇਸ ਗੱਲ ਉੱਤੇ ਬਹਿਸ ਕਰਵਾਉਣ ਦੀ ਅਪੀਲ ਕੀਤੀ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਵੱਲੋਂ ਭਾਰਤ ਨੂੰ ਇੱਕ ਬਰਾਬਰੀ ਵਾਲਾ ਸਮਾਜ ਬਣਾਉਣ ਦਾ ਸੁਫਨਾ ਸੰਵਿਧਾਨ ਲਾਗੂ ਹੋਣ ਦੇ 70 ਸਾਲ ਬਾਅਦ ਵੀ ਕਿਉਂ ਪੂਰਾ ਨਹੀਂ ਹੋਇਆ?
ਪਾਰਟੀ ਨੇ ਕਿਹਾ ਕਿ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਕਿ ਜਿਨ੍ਹਾਂ ਗੂਆਂ ਨੂੰ ਸੰਵਿਧਾਨ ਲਾਗੂ ਕਰਨ ਦੀਆਂ ਅਥਾਹ ਸ਼ਕਤੀਆਂ ਦਿੱਤੀਆਂ ਗਈਆਂ ਸਨ, ਉਨ੍ਹਾਂ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕੀਤਾ। ਪਾਰਟੀ ਨੇ ਕਿਹਾ ਕਿ ਉਹ ਆਗੂ ਗਰੀਬੀ ਖ਼ਤਮ ਕਰਨ ਦੇ ਸਿਰਫ ਨਾਅਰੇ ਲਗਾਉਂਦੇ ਰਹੇ ਪਰ ਗਰੀਬੀ ਨੂੰ ਮਿਟਾਉਣ ਲਈ ਉਹਨਾਂ ਕੁੱਝ ਨਹੀਂ ਕੀਤਾ। ਉਲਟਾ ਉਨ੍ਹਾਂ ਅਜਿਹੀਆਂ ਨੀਤੀਆਂ ਬਣਾਈਆਂ, ਜਿਹਨਾਂ ਨਾਲ ਅਮੀਰ-ਗਰੀਬ ਵਿਚਲਾ ਪਾੜਾ ਹੋਰ ਵਧ ਗਿਆ।