ਚੰਡੀਗੜ੍ਹ ਡੈਸਕ : ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੁਪਾਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਈ ਮੁੱਦਿਆਂ 'ਤੇ ਬੇਬਾਕੀ ਨਾਲ ਗੱਲ ਕੀਤੀ ਹੈ। ਇਸ ਦੌਰਾਨ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਰੁਪਾਨੀ ਨੇ ਕਿਹਾ ਕਿ ਗੁਜਰਾਤ ਦੀ ਤਰਜ਼ 'ਤੇ ਪੰਜਾਬ ਨੂੰ ਵੀ ਆਪਣਾ ਗੁਆਚਿਆ ਵੱਕਾਰ ਵਾਪਸ ਹਾਸਲ ਕਰਨ ਲਈ ਵੋਟ ਬੈਂਕ ਦੀ ਸਿਆਸਤ ਤੋਂ ਵਿਕਾਸ ਦੀ ਸਿਆਸਤ ਵਿੱਚ ਬਦਲਣ ਦੀ ਲੋੜ ਹੈ।
ਪੰਜਾਬ ਵਿੱਚ ਭਾਜਪਾ ਦਾ ਵੱਡਾ ਚਿਹਰਾ ਕਰਾਂਗੇ ਪੇਸ਼ : ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਨੀਲ ਕੁਮਾਰ ਜਾਖੜ ਨੂੰ ਪੰਜਾਬ ਭਾਜਪਾ ਦਾ ਇੰਚਾਰਜ ਲਾਏ ਜਾਣ ਉਤੇ ਰੁਪਾਨੀ ਨੇ ਕਿਹਾ ਕਿ ਪਹਿਲੀ ਗੱਲ, ਸਾਡੀ ਪਾਰਟੀ ਵਿੱਚ ਲੀਡਰਸ਼ਿਪ ਤਬਦੀਲੀ ਇੱਕ ਕੁਦਰਤੀ ਪ੍ਰਕਿਰਿਆ ਹੈ। ਨੰਬਰ ਦੋ, ਭਾਜਪਾ ਪੰਜਾਬ ਵਿੱਚ ਰਣਨੀਤਕ ਤੌਰ 'ਤੇ ਵਿਸਥਾਰ ਅਤੇ ਅੱਗੇ ਵਧਣ ਦੀ ਯੋਜਨਾ ਬਣਾ ਰਹੀ ਹੈ। ਲੋਕ (ਸੱਤਾਧਾਰੀ) 'ਆਪ' ਤੋਂ ਨਾਰਾਜ਼ ਅਤੇ ਨਿਰਾਸ਼ ਹਨ। ਲੋਕ ਸੂਬੇ ਵਿੱਚ ਬਦਲਾਅ (ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ) ਕਰਕੇ ਪਛਤਾ ਰਹੇ ਹਨ। ਭਾਜਪਾ ਦਾ ਇੱਕ ਵੱਡਾ ਚਿਹਰਾ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾਣਾ ਹੈ।
ਸੁਨੀਲ ਜਾਖੜ ਇਕ ਮਜ਼ਬੂਤ ਆਗੂ : ਰੁਪਾਨੀ ਨੇ ਕਿਹਾ ਕਿ ਜਾਖੜ ਕਰੀਬ ਇੱਕ ਸਾਲ ਪਹਿਲਾਂ ਭਾਜਪਾ ਵਿੱਚ ਆਏ ਸਨ। ਜਾਖੜ ਨੇ ਖੁਦ ਅਤੇ ਉਨ੍ਹਾਂ ਪਿਤਾ ਨੇ ਪੰਜਾਬ ਅਤੇ ਦੇਸ਼ ਦੀ ਸੇਵਾ ਕੀਤੀ ਹੈ। ਉਨ੍ਹਾਂ ਦਾ ਸਾਫ ਅਕਸ ਹੈ ਅਤੇ ਉਹ ਮਜ਼ਬੂਤ ਆਗੂ ਹਨ। ਇਸੇ ਕਰਕੇ ਉਨ੍ਹਾਂ ਨੂੰ ਪੰਜਾਬ ਵਿੱਚ ਪਾਰਟੀ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਭਾਜਪਾ ਨੇ ਉਨ੍ਹਾਂ ਨੂੰ ਸੂਬੇ ਵਿੱਚ ਪਾਰਟੀ ਦਾ ਵਿਸਥਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਉਹ ਇੱਕ ਤਜਰਬੇਕਾਰ ਸਿਆਸਤਦਾਨ ਹਨ, ਜਿਨ੍ਹਾਂ ਨੇ ਐਮਐਲਏ ਅਤੇ ਐਮਪੀ ਵਜੋਂ ਸੇਵਾਵਾਂ ਦਿੱਤੀਆਂ ਹਨ ਅਤੇ ਪੰਜਾਬ ਵਿੱਚ ਬਹੁਤ ਕੰਮ ਕੀਤੇ ਹਨ। ਉਨ੍ਹਾਂ ਦੇ ਤਜਰਬੇ ਦਾ ਪਾਰਟੀ ਨੂੰ ਫਾਇਦਾ ਹੋਵੇਗਾ।
ਸਿਆਸਤ ਵਿੱਚ ਸਮਾਂ ਬਲਵਾਨ ਹੁੰਦਾ ਹੈ : ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਬਾਰੇ ਬੋਲਦਿਆਂ ਰੁਪਾਨੀ ਨੇ ਕਿਹਾ ਕਿ ਜਦੋਂ ਮੈਂ ਹਾਲ ਹੀ 'ਚ ਪੰਜਾਬ 'ਚ ਸੀ ਤਾਂ ਮੈਂ ਦੋ ਵਾਰ ਖੁੱਲ੍ਹ ਕੇ ਕਿਹਾ ਸੀ ਕਿ ਭਾਜਪਾ ਇਕੱਲਿਆਂ ਹੀ ਚੋਣਾਂ ਲੜੇਗੀ। ਨਾਲ ਹੀ ਮੈਂ ਇਸ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਹਾਲਾਂਕਿ ਇਸ ਮੁੱਦੇ ਨੂੰ ਲੈ ਕੇ ਸੁਨੀਲ ਜਾਖੜ ਨੇ ਇਕ ਬਿਆਨ ਦਿੱਤਾ ਸੀ ਕਿ ਪੰਜਾਬ ਭਾਜਪਾ ਨੂੰ 'ਛੋਟੇ ਭਰਾ' ਵਾਲੀ ਮਾਨਸਿਕਤਾ 'ਚੋਂ ਬਾਹਰ ਨਿਕਲਣਾ ਹੋਵੇਗਾ। ਅਜਿਹੇ ਬਿਆਨਾਂ ਤੋਂ ਇਹ ਸੰਕੇਤ ਨਹੀਂ ਮਿਲਦਾ ਕਿ ਭਾਜਪਾ ਅਕਾਲੀ ਦਲ ਨਾਲ ਮੁੜ ਗਠਜੋੜ ਕਰਨ ਦੀ ਵਿਰੋਧੀ ਨਹੀਂ ਹੈ, ਪਰ ਸੀਟਾਂ ਦੀ ਵੰਡ ਵਿਚ ਵੱਡਾ ਹਿੱਸਾ ਚਾਹੁੰਦੀ ਹੈ। ਇਸ ਉਤੇ ਵਿਜੇ ਰੁਪਾਨੀ ਨੇ ਕਿਹਾ ਕਿ ਫਿਲਹਾਲ ਅਕਾਲੀ ਦਲ ਨਾਲ ਕਿਸੇ ਵੀ ਪੱਧਰ 'ਤੇ ਗਠਜੋੜ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਸਮਾਂ ਬਲਵਾਨ ਹੁੰਦਾ ਹੈ, ਪਰ ਅੱਜ ਤੱਕ ਪਾਰਟੀ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ।