ਚੰਡੀਗੜ੍ਹ ਡੈਸਕ: ਪਹਾੜਾਂ ਵਿੱਚ ਹੋਈ ਭਾਰੀ ਬਰਸਾਤ ਤੋਂ ਬਾਅਦ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਵੱਧ ਗਿਆ ਕਿ ਪ੍ਰਬੰਧਕਾਂ ਨੂੰ ਬੀਤੇ ਦਿਨ ਮੰਗਲਵਾਰ ਨੂੰ 35 ਸਾਲਾਂ ਬਾਅਦ ਭਾਖੜਾ ਡੈਮ ਦੇ ਫਲੱਡ ਗੇਟ 10-10 ਫੁੱਟ ਤੱਕ ਖੋਲ੍ਹਣੇ ਪਏ। ਇਸ ਦੇ ਨਾਲ ਹੀ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਣ ਪੰਜਾਬ ਦੇ ਵਿਗੜਦੇ ਹਾਲਾਤ ਨੂੰ ਵੇਖਦਿਆ ਸੂਬਾ ਸਰਕਾਰ ਚੌਕਸ ਹੋ ਗਈ ਹੈ। ਦੱਸ ਦਈਏ ਕਿ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਤੋਂ ਬਾਅਦ ਸਭ ਤੋਂ ਜ਼ਿਆਦਾ ਮਾਰ ਰੋਪੜ ਦੇ ਕੰਢੀ ਇਲਾਕਿਆਂ ਨੂੰ ਪੈ ਰਹੀ ਹੈ ਅਤੇ ਸੈਂਕੜੇ ਪਿੰਡ ਦੇ ਲੋਕਾਂ ਘਰ ਛੱਡ ਕੇ ਜਾਣ ਲਈ ਮਜ਼ਬੂਰ ਹਨ।
ਐਕਸ਼ਨ ਮੋਡ 'ਚ ਸੀਐੱਮ ਮਾਨ: ਹਾਲਾਤਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਵਿੱਚ ਆ ਗਏ ਹਨ। ਸੀਐੱਮ ਮਾਨ ਨੇ ਸਾਰੇ ਮੰਤਰੀਆਂ ਨੂੰ ਫੀਲਡ ਵਿੱਚ ਜਾਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ NDRF ਦੀ ਟੀਮ ਅਤੇ ਅਧਿਕਾਰੀਆਂ ਨੂੰ ਤਾਇਨਾਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੂੰ ਬਚਾਅ ਅਤੇ ਰਾਹਤ ਕਾਰਜ ਕਰਨ ਲਈ ਕਿਹਾ ਗਿਆ ਹੈ। ਇਸ ਦੇ ਲਈ ਰੋਪੜ ਵਿੱਚ ਹੈਲੀਪੈਡ ਵੀ ਬਣਾਇਆ ਗਿਆ ਹੈ। NDRF ਪਹਿਲਾਂ ਹੀ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਹਨ।
ਲੋਕਾਂ ਨੂੰ ਸੀਐੱਮ ਮਾਨ ਨੇ ਦਿੱਤਾ ਭਰੋਸਾ: ਮੁੱਖ ਮੰਤਰੀ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਸੂਬਾ ਸਰਕਾਰ ਲੋਕਾਂ ਦੀ ਮਦਦ ਕਰਨ ਲਈ ਵਚਨਬੱਧ ਹੈ ਅਤੇ ਇਸ ਕੰਮ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਬੈਠੇ ਹਰੇਕ ਵਿਅਕਤੀ ਤੱਕ ਰਾਹਤ ਪਹੁੰਚਾਈ ਜਾ ਰਹੀ ਹੈ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਯਕੀਨੀ ਬਣਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਇਹ ਵੀ ਕਿਹਾ ਹੈ ਕਿ ਭਾਵੇਂ ਹਾਲਾਤ ਕਾਬੂ ਹੇਠ ਹਨ ਪਰ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਤੇ ਬਚਾਅ ਕਾਰਜਾਂ ਨੂੰ ਹਾਲੇ ਵੀ ਤਰਜੀਹ ਦਿੱਤੀ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਉਹ ਹਾਲਾਤ ਉੱਤੇ ਨਿੱਜੀ ਤੌਰ ਉੱਤੇ ਨਜ਼ਰ ਰੱਖ ਰਹੇ ਹਨ ਅਤੇ ਲੋਕਾਂ ਦੀਆਂ ਤਕਲੀਫ਼ਾਂ ਨੂੰ ਘਟਾਉਣ ਲਈ ਹਰੇਕ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁਸ਼ਕਿਲ ਹਾਲਾਤ ਵਿੱਚੋਂ ਦ੍ਰਿੜ੍ਹਤਾ ਨਾਲ ਨਿਕਲਣ ਲਈ ਜਾਣਿਆ ਜਾਂਦਾ ਹੈ ਅਤੇ ਕੁਦਰਤ ਦੀ ਇਸ ਆਫ਼ਤ ਕਾਰਨ ਬਣੀ ਚੁਣੌਤੀ ਉੱਤੇ ਵੀ ਅਸੀਂ ਫਤਹਿ ਹਾਸਿਲ ਕਰਾਂਗੇ।