ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਸੀ ਮੁਲਜ਼ਮਾਂ ਵਿੱਚ ਪਰਕਾਸ਼ ਸਿੰਘ ਦਾ ਨਾਂ ਉਚੇਚਾ ਸ਼ਾਮਿਲ ਸੀ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਹੁਣ ਇਹ ਕੇਸ ਵੀ ਨਵਾਂ ਮੋੜ ਲੈ ਸਕਦਾ ਹੈ। ਇਹ ਵੀ ਯਾਦ ਰਹੇ ਕਿ ਪਰਕਾਸ਼ ਸਿੰਘ ਬਾਦਲ ਆਪਣੇ ਅਖੀਰਲੇ ਦਿਨਾਂ ਵਿੱਚ ਫਰੀਦਕੋਟ ਵਿੱਚ ਆਖਰੀ ਵਾਰ ਜਨਤਕ ਤੌਰ 'ਤੇ ਦੇਖੇ ਗਏ ਸਨ। ਉਹ ਪੇਸ਼ੀ ਭੁਗਤਣ ਆਏ ਸਨ। 23 ਮਾਰਚ ਨੂੰ ਲੜਕੇ ਸੁਖਬੀਰ ਸਿੰਘ ਬਾਦਲ ਨਾਲ ਕੋਟਕਪੂਰਾ ਗੋਲੀ ਕਾਂਡ ਵਿੱਚ ਬਰਗਾੜੀ ਬੇਅਦਬੀ ਕਾਂਡ ਦੇ ਸਬੰਧ ਵਿੱਚ ਅਦਾਲਤ ਵਿੱਚ ਹਾਜਿਰ ਹੋਏ ਸਨ। ਇਹ ਵੀ ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਐਸਆਈਟੀ ਨੇ 2 ਦਿਨ ਪਹਿਲਾਂ ਹੀ ਸਵੇਰ ਵੇਲੇ ਅਦਾਲਤ ਵਿੱਚ ਸਪਲੀਮੈਂਟਰੀ ਚਲਾਨ ਵੀ ਪੇਸ਼ ਕੀਤਾ ਸੀ।
ਹਾਲਾਂਕਿ ਜਦੋਂ ਵੀ ਅਦਾਲਤੀ ਹੁਕਮ ਹੋਏ ਹਨ ਤਾਂ ਪਰਕਾਸ਼ ਸਿੰਘ ਬਾਦਲ ਵਲੋਂ ਪੇਸ਼ੀ ਭੁਗਤੀ ਗਈ ਹੈ। ਅਦਾਲਤ ਦੇ ਹੁਕਮਾਂ 'ਤੇ 23 ਮਾਰਚ ਨੂੰ ਲੰਬੇ ਸਮੇਂ ਬਾਅਦ ਸਾਬਕਾ ਮੁੱਖ ਮੰਤਰੀ ਬਾਦਲ ਘਰੋਂ ਬਾਹਰ ਆਏ ਸਨ। ਇਸਦੇ ਨਾਲ ਹੀ ਅਦਾਲਤ 'ਚ ਪਹੁੰਚਣ ਦੀ ਸੂਚਨਾ ਪਾ ਕੇ ਉਨ੍ਹਾਂ ਦੇ ਸਮਰਥਕਾਂ ਨੇ ਵੀ ਵੱਡਾ ਇਕੱਠ ਕਰਕੇ ਉਨ੍ਹਾਂ ਦਾ ਸਮਰਥਨ ਕੀਤਾ ਸੀ। ਇਹ ਵੀ ਹੈ ਕਿ ਉਨ੍ਹਾਂ ਦੀ ਸਿਹਤ ਲਗਾਤਾਰ ਖਰਾਬ ਰਹਿੰਦੀ ਸੀ ਪਰ ਫਿਰ ਵੀ ਅਦਾਲਤੀ ਹੁਕਮਾਂ ਦੀ ਪਾਲਣਾ ਕਰਦੇ ਕੋਰਟ ਆਉਂਦੇ ਸਨ। ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਕਾਨੂੰਨੀ ਕਾਰਵਾਈ ਤਾਂ ਅੱਗੇ ਤੁਰੇਗੀ, ਪਰ ਇਸ ਵਿਚ ਕਈ ਤਰ੍ਹਾਂ ਦੇ ਫੇਰਬਦਲ ਵੀ ਹੋ ਸਕਦੇ ਹਨ। ਹਾਲਾਂਕਿ ਉਸ ਵੇਲੇ ਦੀ ਸਰਕਾਰ ਦੇ ਮੰਤਰੀ ਰਹੇ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੀ ਵਧ ਸਕਦੀਆਂ ਹਨ।
ਇਹ ਵੀ ਪੜ੍ਹੋ: ਫਾਰਮਾ ਕੰਪਨੀਆਂ ਖ਼ਿਲਾਫ਼ ਮੈਡੀਕਲ ਪ੍ਰਤੀਨਿਧਾਂ ਨੇ ਖੋਲ੍ਹਿਆ ਮੋਰਚਾ, ਕੰਪਨੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਦਿੱਤਾ ਅਲਟੀਮੇਟਮ, ਜਾਣੋ ਮਾਮਲਾ
ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਬਾਰੀ ਮਾਮਲੇ ਵਿੱਚ ਐਸਆਈਟੀ ਨੇ 24 ਫਰਵਰੀ 2022 ਨੂੰ ਫਰੀਦਕੋਟ ਅਦਾਲਤ ਵਿੱਚ 7,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਏਡੀਜੀਪੀ ਐਲਕੇ ਯਾਦਵ ਅਤੇ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਾਲੀ ਟੀਮ ਵੱਲੋਂ 24 ਫਰਵਰੀ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਸ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਤਤਕਾਲੀ ਆਈਜੀ ਪਰਮਰਾਜ ਉਮਰਾਨੰਗਲ, ਐਸਐਸਪੀ ਮੋਗਾ ਚਰਨਜੀਤ ਸ਼ਰਮਾ, ਐਸਐਸਪੀ ਫਰੀਦਕੋਟ ਸੁਖਮੰਦਰ ਮਾਨ, ਡੀਆਈਜੀ ਫ਼ਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਤਤਕਾਲੀ ਐਸਐਚਓ ਸਿਟੀ ਕੋਟਕਪੂਰਾ ਗੁਰਦੀਪ ਸਿੰਘ ਦੇ ਨਾਮ ਸ਼ਾਮਲ ਹਨ। ਉਪਰੋਕਤ ਦੋਸ਼ੀਆਂ ਵਿੱਚੋਂ ਹੁਣ ਸਾਬਕਾ ਮੁੱਖ ਮੰਤਰੀ ਬਾਦਲ ਦੀ ਮੌਤ ਹੋ ਚੁੱਕੀ ਹੈ।