ਚੰਡੀਗੜ੍ਹ: ਬਠਿੰਡਾ ਜੇਲ੍ਹ ਵਿੱਚ ਬੈਠੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬ ਦੀ ਸਿਆਸਤ ਵਿੱਚ ਤਰਥਲੀ ਮਚਾ ਦਿੱਤੀ ਹੈ। ਜੇਲ੍ਹ ਵਿਚ ਬੈਠੇ ਲਾਰੈਂਸ ਬਿਸ਼ਨੋਈ ਦਾ ਇਕ ਨਿੱਜੀ ਚੈਨਲ ਵੱਲੋਂ ਇੰਟਰਵਿਊ ਕੀਤਾ ਗਿਆ। ਜਿਸ ਤੋਂ ਬਾਅਦ ਅਜਿਹੀ ਸਿਆਸੀ ਹਨੇਰੀ ਝੁੱਲੀ ਕਿ ਸੱਤਾ ਧਿਰ ਨੂੰ ਹਿਲਾਉਣ ਦਾ ਪੂਰਾ ਜ਼ੋਰ ਲਗਾ ਰੱਖਿਆ ਹੈ। ਇਸ ਇੰਟਰਵਿਊ ਤੋਂ ਬਾਅਦ ਰਾਜਸਥਾਨ ਅਤੇ ਬਠਿੰਡਾ ਪੁਲਿਸ ਵੀ ਆਹਮਣੇ- ਸਾਹਮਣੇ ਹੋ ਗਈਆਂ ਹਨ। ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖਿਰਕਾਰ ਜੇਲ੍ਹ ਵਿੱਚੋਂ ਉਸ ਦੀ ਇੰਟਰਵਿਊ ਵੀਡੀਓ ਕਾਲ ਜ਼ਰੀਏ ਕਿਵੇਂ ਕਰਵਾਈ ਗਈ।
ਇੰਟਰਵਿਊ ਦੀ ਇਜਾਜ਼ਤ ਕਿਵੇਂ ਮਿਲੀ ? ਭਾਜਪਾ ਆਗੂ ਹਰਜੀਤ ਗਰੇਵਾਲ ਨੇ ਸਰਕਾਰ ਨੂੰ ਰੱਜ ਕੇ ਕੋਸਿਆ ਹੈ। ਗਰੇਵਾਲ ਨੇ ਤੰਜ਼ ਭਰੇ ਲਹਿਜੇ ਨਾਲ ਕਿਹਾ ਕਿ ਬਿਸ਼ਨੋਈ ਮਾਣ ਨਾਲ ਇੰਟਰਵਿਊ ‘ਚ ਦੱਸ ਰਿਹਾ ਹੈ ਕਿ ਮੂਸੇਵਾਲਾ ਨੂੰ ਮਾਰ ਕੇ ਉਹਨਾਂ ਨੇ ਬਦਲਾ ਲਿਆ। ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਬਿਸ਼ਨੋਈ ਨੂੰ ਕਿਸੇ ਜ਼ਿਲ੍ਹੇ ਦਾ ਐੱਸਐੱਸਪੀ ਲਗਾ ਦੇਵੇ ਤਾਂ ਜੋ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਸੁਧਰ ਜਾਵੇ ਕਿਉਂਕਿ ਬਿਸ਼ਨੋਈ ਕੋਲ ਕੰਮ ਕਰਨ ਦੇ ਸਾਰੇ ਤਰੀਕੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਨੇ ਮੁੱਖ ਮੰਤਰੀ ਤੋਂ ਤੁਰੰਤ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ੇ ਦੀ ਮੰਗ ਕੀਤੀ ਕਿਉਂਕਿ ਜੇਲ੍ਹ ਵਿਭਾਗ ਖੁਦ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਅਤੇ ਬਠਿੰਡਾ ਜੇਲ੍ਹ ਵਿਚੋਂ ਲਾਰੈਂਸ ਬਿਸ਼ਨੋਈ ਨੇ ਇੰਟਰਵਿਊ ਦਿੱਤੀ ਹੈ। ਅਰਸ਼ਦੀਪ ਕਲੇਰ ਨੇ ਇਹ ਵੀ ਕਿਹਾ ਕਿ ਲਾਰੈਂਸ ਦੀ ਇੰਟਰਵਿਊ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਇਸ ਸਮੇਂ ਗੋਡਿਆਂ ਉੱਤੇ ਆ ਗਈ ਹੈ।
ਵਿਰੋਧੀਆਂ ਨੇ ਕੀਤੇ ਟਵੀਟ ਵਾਰ: ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਮਾਨ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਗਿਆ ਹੈ ਅਤੇ ਇਕ ਟਵੀਟ ਜ਼ਰੀਏ ਸਰਕਾਰ ਤੋਂ ਜਵਾਬ ਮੰਗਿਆ ਕਿ ਸਰਕਾਰ ਇਸ ਉੱਤੇ ਸਪੱਸ਼ਟੀਕਰਨ ਦੇਵੇ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਸਿੰਘ ਸਿਰਸਾ ਨੇ ਇਕ ਟਵੀਟ ਦੇ ਜ਼ਰੀਏ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲੀਆ ਨਿਸ਼ਾਨ ਲਗਾਇਆ ਹੈ ਅਤੇ ਕਿਹਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਗੈਂਗਸਟਰ ਮਸਤੀਆਂ ਕਰ ਰਹੇ ਹਨ ਅਤੇ ਮੂਸੇਵਾਲਾ ਦੇ ਮਾਤਾ ਪਿਤਾ ਇਨਸਾਫ਼ ਲਈ ਸੜਕਾਂ ਉੱਤੇ ਰੁਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਇਕ ਟਵੀਟ ਦੇ ਜ਼ਰੀਏ ਮੁੱਖ ਮੰਤਰੀ ਨੂੰ ਅਹੁੱਦੇ ਤੋਂ ਪਾਸੇ ਕਰਨ ਦੀ ਮੰਗ ਕੀਤੀ ਹੈ। ਟਵੀਟ ਰਾਹੀਂ ਉਹਨਾਂ ਲਿਖਿਆ ਕਿ ਮੂਸੇਵਾਲਾ ਦੇ ਕਾਤਲਾਂ ਨੂੰ ਸਰਕਾਰ ਸਹੂਲਤਾਂ ਦੇ ਰਹੀ ਹੈ। ਦੱਸ ਦਈਏ ਇਕ ਨਿੱਜੀ ਚੈਨਲ ਵੱਲੋਂ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ੍ਹ ਵਿਚੋਂ ਇੰਟਰਵਿਊ ਕੀਤੀ ਗਈ ਹੈ ਜਿਸ ਵਿਚ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਗੱਲਾਂ ਹੋਈਆਂ। ਇਸ ਇੰਟਰਵਿਊ ਤੋਂ ਬਾਅਦ ਪੰਜਾਬ ਦੀ ਸਿਆਸਤ ਨੇ ਗਰਮੀ ਫੜ ਲਈ ਹੈ।
ਇਹ ਵੀ ਪੜ੍ਹੋ: Planning Killing Of Punjabi singers: ਬੰਬੀਹਾਂ ਗਰੁੱਪ ਦੇ ਨਿਸ਼ਾਨੇ ਉੱਤੇ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ਼, ਜਾਣੋ ਕੀ ਹੈ ਸੱਚ