ਚੰਡੀਗੜ੍ਹ: ਕੋਰੋਨਾ ਵਾਇਰਸ ਕਰਕੇ ਦੁਨੀਆਂ ਭਰ ਵਿੱਚ ਹਾਹਾਕਾਰ ਮਚੀ ਹੋਈ ਹੈ, ਜਿਸ ਦੇ ਬਚਾਅ ਵਿੱਚ ਪੰਜਾਬ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਵੱਲੋਂ ਪੁਖ਼ਤਾ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਚਲਦਿਆਂ ਚੰਡੀਗੜ੍ਹ ਵਿੱਚ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਸਾਰੇ ਜਨਤਕ ਥਾਵਾਂ ਜਿਵੇਂ ਮਾਲ, ਸਿਨੇਮਾ, ਕਾਲਜ ਆਦਿ ਨੂੰ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸਲਾਹਾਕਾਰ ਮਨੋਜ ਪਰੀਦਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬੱਚਣ ਲਈ ਕੁੱਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿੱਚ 100 ਤੋਂ ਵੱਧ ਲੋਕ ਇਕੱਠੇ ਨਹੀਂ ਖੜ੍ਹ ਸਕਣਗੇ ਤੇ ਫੇਸ ਮਾਸਕ ਅਤੇ ਸੈਨੇਟਾਈਜ਼ਰ ਨੂੰ ਸਾਰਿਆਂ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮਾਸਕ ਤੇ ਸੈਨੇਟਾਈਜ਼ਰ ਦੀ ਕਾਲਾ ਬਾਜ਼ਾਰੀ ਕਰਨ ਵਾਲੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ। ਜੇ ਲੋੜ ਪਈ ਤਾਂ ਇਨ੍ਹਾਂ ਚੀਜ਼ਾ ਦੇ ਸਧਾਰਨ ਰੇਟ ਵੀ ਐਲਾਨੇ ਜਾਣਗੇ ਤੇ ਬਾਅਦ ਵਿੱਚ ਦੁਕਾਨਦਾਰਾਂ ਨੂੰ ਉਸੇ ਰੇਟ 'ਤੇ ਮਾਸਕ ਤੇ ਸੈਨੇਟਾਈਜ਼ਰ ਵੇਚਣੇ ਪੈਣਗੇ। ਉਨ੍ਹਾਂ ਦੱਸਿਆ ਕਿ ਮਾਲ ਜਾ ਹੋਰ ਜਨਤਕ ਜਗਹ ਚਾਹੇ ਬੰਦ ਰਹਿਣਗੀਆਂ ਪਰ ਗਰੋਸਰੀ, ਖਾਣ ਪੀਣ ਦਾ ਸਮਾਨ ਵਾਲੀਆਂ ਦੁਕਾਨਾਂ, ਸਬਜ਼ੀਆਂ ਅਤੇ ਦਵਾਈਆਂ ਵਾਲੀਆਂ ਦੁਕਾਨਾ ਖੁੱਲ੍ਹੀਆਂ ਰਹਿਣਗੀਆਂ।