ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਸੂਬੇ ਦੀ ਜਨਤਕ ਬੱਸ ਸੇਵਾ ਵਿੱਚ ਗ਼ਲਤ ਪ੍ਰਵਿਰਤੀਆਂ ਨੂੰ ਨੱਥ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਦੋ ਵੱਖ-ਵੱਖ ਮਾਮਲਿਆਂ ਵਿੱਚ 35 ਲੀਟਰ ਡੀਜ਼ਲ ਚੋਰੀ ਕਰਨ ਵਾਲੇ ਦੋ ਡਰਾਈਵਰਾਂ ਨੂੰ ਕਾਬੂ ਕੀਤਾ ਗਿਆ ਹੈ।
ਮਨਿਸਟਰਜ਼ ਫ਼ਲਾਇੰਗ ਸਕੁਐਡ: ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਬੀਤੇ ਦਿਨੀਂ ਹਰਿਆਣਾ ਵਿਖੇ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਸਿਰਸਾ ਬੱਸ ਸਟੈਂਡ ਵਿਖੇ ਬੀਤੀ ਰਾਤ 10:30 ਵਜੇ ਕੀਤੀ ਗਈ ਚੈਕਿੰਗ ਦੌਰਾਨ ਪਨਬੱਸ ਡਿਪੂ ਰੂਪਨਗਰ ਦੀ ਬੱਸ ਨੰਬਰ ਪੀ.ਬੀ-12-ਵਾਈ 1540 ਦੇ ਡਰਾਈਵਰ ਰਾਜਪਾਲ ਸਿੰਘ ਨੂੰ ਕਰੀਬ 20 ਲੀਟਰ ਡੀਜ਼ਲ ਚੋਰੀ ਕਰਦਿਆਂ ਰੰਗੇ-ਹੱਥੀਂ ਕਾਬੂ ਕੀਤਾ ਗਿਆ । ਇਸੇ ਤਰ੍ਹਾਂ ਹਿਸਾਰ (ਹਰਿਆਣਾ) ਦੇ ਬੱਸ ਸਟੈਂਡ ਵਿਖੇ ਰਾਤ ਵੇਲੇ ਚੈਕਿੰਗ ਦੌਰਾਨ ਪਨਬੱਸ ਡਿਪੂ ਸ੍ਰੀ ਮੁਕਤਸਰ ਸਾਹਿਬ ਦੀ ਬੱਸ ਨੰਬਰ ਪੀ.ਬੀ-04-ਏ.ਏ. 7459 ਦੇ ਡਰਾਈਵਰ ਲਖਵਿੰਦਰ ਸਿੰਘ ਨੂੰ ਕਰੀਬ 15 ਲੀਟਰ ਡੀਜ਼ਲ ਚੋਰੀ ਦੇ ਮਾਮਲੇ ਵਿੱਚ ਰਿਪੋਰਟ ਕੀਤਾ ਗਿਆ ਹੈ।
ਅਣਅਧਿਕਾਰਤ ਰੂਟ 'ਤੇ ਚਲ ਰਹੀ ਬੱਸ: ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਅਣਅਧਿਕਾਰਤ ਰੂਟ 'ਤੇ ਚਲ ਰਹੀ ਇੱਕ ਬੱਸ ਨੂੰ ਵੀ ਰਿਪੋਰਟ ਕੀਤਾ ਹੈ। ਇਸ ਮਾਮਲੇ ਵਿੱਚ ਮੁੱਲਾਂਪੁਰ ਦਾਖਾ ਵਿਖੇ ਚੈਕਿੰਗ ਦੌਰਾਨ ਡਰਾਈਵਰ ਬਲਦੇਵ ਸਿੰਘ ਅਤੇ ਕੰਡਕਟਰ ਹਰਪਾਲ ਸਿੰਘ ਨੂੰ ਬੱਸ ਨੂੰ ਅਣਅਧਿਕਾਰਤ ਰੂਟ 'ਤੇ ਲਿਜਾਂਦਿਆਂ ਫੜਿਆ ਗਿਆ, ਜੋ ਅਸਲ ਰੂਟ 'ਤੇ ਸਵਾਰੀਆਂ ਨੂੰ ਛੱਡ ਕੇ ਵਿਭਾਗ ਨੂੰ ਵਿੱਤੀ ਨੁਕਸਾਨ ਪਹੁੰਚਾ ਰਹੇ ਸਨ। ਫ਼ਿਰੋਜ਼ਪੁਰ ਡਿਪੂ ਦੀ ਇਹ ਬੱਸ (ਨੰਬਰ ਪੀ.ਬੀ-05-ਏ.ਬੀ. 5350) ਮੁੱਲਾਂਪੁਰ ਬੱਸ ਸਟੈਂਡ ਦੀ ਬਜਾਏ ਪੁੱਲ ਤੋਂ ਲਿਜਾਈ ਜਾ ਰਹੀ ਸੀ।
- ਮੁੱਖ ਮੰਤਰੀ ਨੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਨੂੰ ਲਿਖਿਆ ਪੱਤਰ, ਮਨਰੇਗਾ ਤਹਿਤ ਉਜਰਤਾਂ 381.06 ਰੁਪਏ ਕਰਨ ਦੀ ਕੀਤੀ ਮੰਗ
- ਪੰਜਾਬ ਵਾਪਿਸ ਲਿਆਂਦੇ ਜਾਣਗੇ ਵਿਦੇਸ਼ਾਂ 'ਚ ਫਸੇ ਪੰਜਾਬੀ, ਠੱਗ ਟ੍ਰੈਵਲ ਏਜੰਟਾਂ ਤੇ ਹੋਵੇਗੀ ਸਖਤੀ, ਕੈਬਨਿਟ ਮੰਤਰੀ ਧਾਲੀਵਾਲ ਦਾ ਦਾਅਵਾ
- Triple murder in Ludhiana: ਲੁਧਿਆਣਾ ਦੇ ਸਲੇਮ ਟਾਬਰੀ 'ਚ ਟ੍ਰਿਪਲ ਮਰਡਰ, ਘਰ ਵਿੱਚੋਂ ਪਤੀ-ਪਤਨੀ ਅਤੇ ਮਾਂ ਦੀ ਲਾਸ਼ ਬਰਾਮਦ
ਨਾਮਜ਼ਦ ਡਰਾਈਵਰਾਂ ਤੇ ਕੰਡਕਟਰਾਂ ਵਿਰੁੱਧ ਕਾਰਵਾਈ: ਇਸੇ ਤਰ੍ਹਾਂ ਬਲਾਚੌਰ ਵਿਖੇ ਅੰਮ੍ਰਿਤਸਰ-2 ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਜੀ 9376 ਨੂੰ ਅਣਅਧਿਕਾਰਤ ਢਾਬੇ 'ਤੇ ਖੜ੍ਹਾ ਪਾਇਆ ਗਿਆ। ਇਸ ਮਾਮਲੇ ਵਿੱਚ ਡਰਾਈਵਰ ਰਣਜੀਤ ਸਿੰਘ ਅਤੇ ਕੰਡਕਟਰ ਜਗਜੀਤ ਸਿੰਘ ਨੂੰ ਰਿਪੋਰਟ ਕੀਤਾ ਗਿਆ ਹੈ। ਟਰਾਂਸਪੋਰਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਮਾਮਲਿਆਂ ਵਿੱਚ ਨਾਮਜ਼ਦ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਦੇ ਆਦੇਸ਼ ਦਿੱਤੇ ਹਨ।