ਚੰਡੀਗੜ੍ਹ: ਆਮ ਆਦਮੀ ਪਾਰਟੀ ਦਾ ਅੰਦਰੂਨੀ ਪਾੜਾ ਸਮੇਂ- ਸਮੇਂ ਸਿਰ ਜੱਗ ਜ਼ਾਹਰ ਹੁੰਦਾ ਰਹਿੰਦਾ ਹੈ। ਹੁਣ ਇਹ ਪਾੜਾ ਉਸ ਵੇਲੇ ਜੱਗ ਜ਼ਾਹਰ ਹੋਇਆ ਜਦੋਂ ਵਿਧਾਇਕ ਅਮਨ ਅਰੋੜਾ ਨੇ ਬੇਅਦਬੀ ਮਾਮਲੇ 'ਤੇ ਆਪਣੀ ਪਾਰਟੀ ਦੇ ਲਏ ਸਟੈਂਡ 'ਤੇ ਸਵਾਲ ਚੁੱਕੇ।
ਜ਼ਿਕਰਯੋਗ ਹੈ ਕਿ ਪਾਰਟੀ ਦੇ ਕੁੱਝ ਆਗੂਆਂ ਨੇ ਬੇਅਦਬੀ ਮਾਮਲੇ 'ਤੇ ਬੋਲਦਿਆਂ ਇਸ ਮਾਮਲੇ ਵਿੱਚ ਨਿਆਂ ਮਿਲਣ ਬਾਰੇ ਨਾ ਉਮੀਦ ਪ੍ਰਗਟਾਈ ਸੀ। ਆਗੂਆਂ ਦੇ ਇਸੇ ਬਿਆਨ 'ਤੇ ਅਮਨ ਅਰੋੜਾ ਨੇ ਅਸਹਿਮਤੀ ਪ੍ਰਗਟਾਈ ਅਤੇ ਨਾਲ ਹੀ ਕਿਹਾ ਕਿ ਇੱਕ ਜ਼ਿੰਮੇਵਾਰ ਵਿਰੋਧੀ ਧਿਰ ਹੋਣ ਦੇ ਚਲਦਿਆਂ ਸਾਨੂੰ ਅਜਿਹੇ ਨਾ ਉਮੀਦੀ ਵਾਲੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਅਮਨ ਅਰੋੜਾ ਦੇ ਇਸ ਬਿਆਨ 'ਤੇ ਪਲਟ ਵਾਰ ਕਰਦਿਆਂ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਨੇ ਉਨ੍ਹਾਂ ਦੇ ਇਸ ਬਿਆਨ ਨੂੰ ਅਨੁਸਾਸ਼ਨਹੀਣਤਾ ਕਰਾਰ ਦੇ ਦਿੱਤਾ ਅਤੇ ਜਵਾਬ ਤਲਬ ਕਰਨ ਲਈ ਵੀ ਕਹਿ ਦਿੱਤਾ।
ਇਹ ਵੀ ਪੜੋ: ਪੀ. ਚਿਦੰਬਰਮ ਨੂੰ ਨਹੀਂ ਭੇਜਿਆ ਜਾਵੇਗਾ ਤਿਹਾੜ ਜੇਲ੍ਹ
ਇਸ 'ਤੇ ਸੋਮਵਾਰ ਸਵੇਰੇ ਫ਼ੋਨ 'ਤੇ ਹੋਈ ਕਾਨਫ਼ਰੰਸ ਕਾਲ ਦੌਰਾਨ ਸੂਬਾ ਪ੍ਰਧਾਨ ਤੇ ਸੰਸਦ ਭਗਵੰਤ ਮਾਨ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਬਾਕੀ ਮੈਂਬਰਾਂ ਨੇ ਅਮਨ ਅਰੋੜਾ ਬਾਰੇ ਖ਼ਬਰਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਜਸਬੀਰ ਸਿੰਘ ਬੀਰ ਨਾ ਤਾਂ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਨ ਤੇ ਨਾ ਹੀ ਪਿਛਲੇ ਲੰਮੇ ਸਮੇਂ ਤੋਂ ਪਾਰਟੀ 'ਚ ਸਰਗਰਮ ਹਨ। ਬੀਰ ਨੇ ਕਿਸ ਹੈਸੀਅਤ ਨਾਲ ਅਮਨ ਅਰੋੜਾ ਨੂੰ ਲੈ ਕੇ ਅਨੁਸ਼ਾਸਨੀ ਕਮੇਟੀ ਦੀ 6 ਸਤੰਬਰ ਨੂੰ ਬੈਠਕ ਬੁਲਾਉਣ ਦਾ ਫ਼ੈਸਲਾ ਕਰ ਲਿਆ, ਇਸ ਬਾਰੇ ਬੀਰ ਨੂੰ ਪਾਰਟੀ ਦੇ ਸਬੰਧਤ ਪਲੇਟਫ਼ਾਰਮ 'ਤੇ ਸਪੱਸ਼ਟੀਕਰਨ ਦੇਣਾ ਹੋਵੇਗਾ।