ਚੰਡੀਗੜ੍ਹ: ਪੰਜਾਬ ਪੁਲਿਸ ਨੇ ਲਸ਼ਕਰ-ਏ-ਤੋਇਬਾ ਅੱਤਵਾਦੀਆਂ ਦੇ ਤੀਜੇ ਸਾਥੀ ਨੂੰ ਫੜ੍ਹਨ ਦਾ ਦਾਅਵਾ ਕੀਤਾ ਹੈ। ਡੀਜੀਪੀ ਦਿਨਕਰ ਗੁਪਤਾ ਨੇ ਜਾਣਕਾਰੀ ਦਿੱਤੀ ਹੈ ਕਿ ਪਠਾਨਕੋਟ ਵਿੱਚ ਹਥਿਆਰਾਂ ਸਮੇਤ ਜੰਮੂ-ਕਸ਼ਮੀਰ ਦੇ ਜਿਹੜੇ 2 ਅੱਤਵਾਦੀ ਫੜੇ ਗਏ ਸਨ, ਗ੍ਰਿਫ਼ਤਾਰ ਕੀਤਾ ਵਿਅਕਤੀ ਉਨ੍ਹਾਂ ਦੇ ਨੈਟਵਰਕ ਦਾ ਸਾਥੀ ਹੈ।
ਡੀਜੀਪੀ ਮੁਤਾਬਕ ਤੀਜੇ ਅੱਤਵਾਦੀ ਦੀ ਪਛਾਣ 29 ਸਾਲਾ ਸ਼ੋਪੀਆਂ ਵਾਸੀ ਜਾਵੇਦ ਅਹਿਮਦ ਭੱਟ ਵਜੋਂ ਹੋਈ ਹੈ। ਜਿਹੜਾ ਆਪਣੇ ਸਾਥੀਆਂ ਦੀ ਗ੍ਰਿਫ਼ਤਾਰੀ ਮਗਰੋਂ ਕਸ਼ਮੀਰ ਭੱਜਣ ਦੀ ਫਿਰਾਕ ਵਿੱਚ ਸੀ।
ਲੰਘੇ ਦਿਨੀਂ ਫੜੇ ਗਏ ਦੋਵੇਂ ਅੱਤਵਾਦੀ ਹਥਿਆਰਾਂ ਦੀ ਸਮੱਗਲਿੰਗ ਕਰਦੇ ਸਨ। ਡੀਜੀਪੀ ਨੇ ਦੱਸਿਆ ਕਿ ਤਿੰਨੋਂ ਜਣੇ ਪਿਛਲੇ 2-3 ਸਾਲਾਂ ਤੋਂ ਟਰਾਂਸਪੋਰਟ ਦਾ ਬਿਜ਼ਨਸ ਵੀ ਕਰਦੇ ਸਨ ਅਤੇ ਉਸੇ ਦੀ ਆੜ ਹੇਠ ਹਥਿਆਰਾਂ ਦੀ ਤਸਕਰੀ ਵੀ ਹੁੰਦੀ ਸੀ।
ਫਿਲਹਾਲ ਪੁਲਿਸ ਵੱਲੋਂ ਗ੍ਰਿਫ਼ਤਾਰ ਅੱਤਵਾਦੀਆਂ ਕੋਲੋਂ ਪੁਛਗਿੱਛ ਕਰਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਦੇ ਪੰਜਾਬ, ਦਿੱਲੀ ਅਤੇ ਜੰਮੂ-ਕਸ਼ਮੀਰ ਵਿੱਚ ਕਿਹੜੇ ਵਿਅਕਤੀਆਂ ਨਾਲ ਸੰਪਰਕ ਸਨ, ਜਿਸ ਦੀ ਮਦਦ ਨਾਲ ਉਹ ਹਥਿਆਰਾਂ ਦੀ ਤਸਕਰੀ ਕਰਦੇ ਸਨ।
ਦੱਸ ਦਈਏ ਕਿ ਬੀਤੇ ਦਿਨੀਂ ਹੀ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਦੋ ਅੱਤਵਾਦੀ ਪਠਾਨਕੋਟ ਤੋਂ ਫੜੇ ਗਏ ਸਨ ਜਿਨ੍ਹਾਂ ਕੋਲੋਂ ਇੱਕ ਏਕੇ-47, 2 ਮੈਗਜ਼ੀਨ ਤੇ 60 ਜ਼ਿੰਦਾ ਕਾਰਤੂਸ ਬਰਾਮਦ ਹੋਏ ਸਨ। ਇਹ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਪੰਜਾਬ ਵੜਨ ਦੀ ਫਿਰਾਕ ਵਿੱਚ ਸਨ।
ਦੋਵਾਂ ਦੀ ਪਛਾਣ ਸ਼ੋਪੀਆਂ ਦੇ 26 ਸਾਲਾਂ ਆਮਿਰ ਹਸਨ ਅਤੇ 27 ਸਾਲਾਂ ਵਸੀਮ ਹਸਨ ਵਾਨੀ ਵਜੋਂ ਹੋਈ। ਡੀਜੀਪੀ ਦਿਨਕਰ ਗੁਪਤਾ ਮੁਤਾਬਿਕ ਦੋਵੇਂ ਕਸ਼ਮੀਰ ਤੋਂ ਪੰਜਾਬ ਇੱਕ ਟਰੱਕ (JK-03-C-7383) ਰਾਹੀਂ ਅੰਮ੍ਰਿਤਸਰ-ਜੰਮੂ ਹਾਈਵੇਅ ਜ਼ਰੀਏ ਦਾਖਲ ਹੋ ਰਹੇ ਸਨ।