ਚੰਡੀਗੜ੍ਹ: ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਰਿੰਦਾ ਦੀ ਮੌਤ ਨੂੰ ਲੈ ਕੇ ਵੀ ਸਸਪੈਂਸ ਬਣਿਆ ਹੋਇਆ ਹੈ। ਇਸੇ ਦੌਰਾਨ ਫੇਸਬੁੱਕ 'ਤੇ ਰਿੰਦਾ ਸੰਧੂ ਦੇ ਨਾਂ ਦੀ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ 'ਚ ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ, "ਕਈ ਨਿਊਜ਼ ਚੈਨਲਾਂ 'ਤੇ ਅਜਿਹੀਆਂ ਖਬਰਾਂ ਚੱਲ ਰਹੀਆਂ ਹਨ ਕਿ ਨਸ਼ੇ ਦੀ ਓਵਰਡੋਜ਼ ਕਾਰਨ ਮੇਰੀ ਮੌਤ ਹੋ ਗਈ ਹੈ। ਮੈਂ ਬਿਲਕੁਲ ਠੀਕ ਹਾਂ ਅਤੇ ਚੜ੍ਹਦੀ ਕਲਾ ਵਿੱਚ ਹਾਂ।"
ਰਿੰਦਾ ਸੰਧੂ ਨਾਂਅ ਦੀ ਆਈਡੀ ਤੋਂ ਪੋਸਟ: ਰਿੰਦਾ ਸੰਧੂ ਨਾਮ ਦੀ ਫੇਸਬੁੱਕ ਆਈਡੀ ਤੋਂ ਪੋਸਟ ਸਾਹਮਣੇ ਆਈ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ "ਜੋ ਨਿਊਜ਼ ਚੈਨਲਾਂ ਵਿੱਚ ਚਲ ਰਿਹਾ ਹੈ ਕਿ ਮੇਰੀ ਨਸ਼ੇ ਦੇ ਓਵਰਡੋਜ਼ ਨਾਲ ਮੌਤ ਹੋ ਗਈ ਹੈਂ, ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਨਿਊਜ਼ ਚਲਾਉਣ ਤੋਂ ਪਹਿਲਾਂ ਜਾਂਚ ਕਰ ਲਈ ਜਾਵੇ। ਇਹ ਫੇਕ ਨਿਊਜ਼ ਹੈ, ਮੈਂ ਚੜ੍ਹਦੀਕਲਾ 'ਚ ਹਾਂ।"
ਦੱਸ ਦੇਈਏ ਕਿ ਖ਼ਬਰਾਂ ਆ ਰਹੀਆਂ ਹਨ ਕਿ ਗੈਂਗਸਟਰ ਹਰਵਿੰਦਰ ਰਿੰਦਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ 15 ਦਿਨ ਪਹਿਲਾਂ ਨਸ਼ੇ ਦੀ ਓਵਰਡੋਜ਼ ਕਾਰਨ ਰਿੰਦਾ ਦੀ ਸਿਹਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਾਹੌਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਦੂਜੇ ਪਾਸੇ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਰਿੰਦਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਸੋਸ਼ਲ ਮੀਡੀਆ ਉੱਤੇ ਪਾਈ ਪੋਸਟ: ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਉੱਤੇ ਰਿੰਦਾ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ। ਗਿਰੋਹ ਦਾ ਕਹਿਣਾ ਹੈ ਕਿ ਰਿੰਦਾ ਨੂੰ ਪਾਕਿਸਤਾਨ ’ਚ ਸਥਾਪਿਤ ਕੀਤਾ ਗਿਆ ਸੀ ਪਰ ਉਹ ਵਿਰੋਧੀ ਗੈਂਗ ਦੇ ਮੈਂਬਰਾਂ ਨਾਲ ਮਿਲ ਗਿਆ ਸੀ। ਬੰਬੀਹਾ ਗੈਂਗ ਨੇ ਇਹ ਵੀ ਦਾਅਵਾ ਕੀਤਾ ਕਿ ਰਿੰਦਾ ਨੇ ਮੂਸੇਵਾਲਾ ਦੇ ਕਤਲ ਵਿੱਚ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਸਹਿਯੋਗ ਕੀਤਾ ਸੀ। ਪੰਜਾਬ ਅਤੇ ਕੇਂਦਰੀ ਏਜੰਸੀਆਂ ਨੇ ਵੀ ਰਿੰਦਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਤਰਨ ਤਾਰਨ ਦਾ ਰਹਿੰਣ ਵਾਲਾ ਰਿੰਦਾ: ਦੱਸ ਦਈਏ ਕਿ ਅੱਤਵਾਦੀ ਹਰਵਿੰਦਰ ਰਿੰਦਾ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਸੀ, ਪਰ ਬਾਅਦ ਵਿੱਚ ਉਹ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਚਲਾ ਗਿਆ ਸੀ। ਰਿੰਦਾ ਨੂੰ ਸਤੰਬਰ 2011 ਵਿੱਚ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਨੇਪਾਲ ਦੇ ਰਸਤੇ ਭੱਜਿਆ ਪਾਕਿਸਤਾਨ: ਅੱਤਵਾਦੀ ਹਰਵਿੰਦਰ ਰਿੰਦਾ ਦਾ ਨਾਂ ਕਈ ਅਪਰਾਧਿਕ ਮਾਮਲਿਆਂ ’ਚ ਸਾਹਮਣੇ ਆਉਣ ਤੋਂ ਬਾਅਦ ਉਹ ਫਰਜ਼ੀ ਪਾਸਪੋਰਟ ਬਣਵਾ ਕੇ ਨੇਪਾਲ ਦੇ ਰਸਤੇ ਪਾਕਿਸਤਾਨ ਭੱਜ ਗਿਆ ਸੀ ,ਜਿੱਥੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਉਸ ਨੂੰ ਆਪਣਾ ਗੁਰਗਾ ਬਣਾ ਲਿਆ ਸੀ। ਹਾਲ ਹੀ ਵਿੱਚ ਪੰਜਾਬ ਵਿੱਚ ਹੋਈਆਂ ਕਈ ਵੱਡੀਆਂ ਘਟਨਾਵਾਂ ਵਿੱਚ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ: ਜਾਣੋ, 18 ਸਾਲ ਦੀ ਉਮਰ ਵਿੱਚ ਕਤਲ ਕਰ ਵਾਲੇ ਅੱਤਵਾਦੀ ਹਰਵਿੰਦਰ ਰਿੰਦਾ ਦੀ ਪੂਰੀ ਕਹਾਣੀ