ਚੰਡੀਗੜ੍ਹ: ਭੋਲੇ ਭਾਲੇ ਲੋਕਾਂ ਨੂੰ ਫੋਨ ਕਰ ਕੇ ਉਨ੍ਹਾਂ ਤੋਂ ਪੈਸੇ ਠੱਗਣ ਵਾਲੇ ਛੇ ਮੁਲਜ਼ਮਾਂ ਨੂੰ ਇੰਦਰ ਮਹਿੰਦਰੋਂ ਚੰਡੀਗੜ੍ਹ ਦੇ ਸਾਈਬਰ ਸੈੱਲ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਲੋਕਾਂ ਨੂੰ ਫੋਨ ਕਰਦੇ ਸੀ ਅਤੇ ਬੀਮਾ ਪਾਲਿਸੀ ਖਤਮ ਹੋਣ ਦੀ ਗੱਲ ਕਹਿੰਦੇ ਸਨ। ਪਾਲਿਸੀ ਨੂੰ ਮੁੜ ਸ਼ੁਰੂ ਕਰਵਾਉਣ ਦੇ ਲਈ ਲੋਕਾਂ ਤੋਂ ਪੈਸੇ ਮੰਗਦੇ ਸਨ ਤੇ ਉਨ੍ਹਾਂ ਨੁੂੰ ਠੱਗ ਲੈਂਦੇ ਸਨ।
ਫਿਲਹਾਲ ਚੰਡੀਗੜ੍ਹ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਪਰ ਇੱਕ ਅਜੇ ਵੀ ਫਰਾਰ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਗਾਜ਼ੀਆਬਾਦ ਦੇ ਰਹਿਣ ਵਾਲੇ 30 ਸਾਲ ਦੇ ਮਨੀਸ਼ ਕੁਮਾਰ, 23 ਸਾਲ ਦੇ ਮੁਕੇਸ਼ ਕੁਮਾਰ, 28 ਸਾਲ ਦੇ ਅੰਕੁਰ ਵਰਮਾ, 28 ਸਾਲ ਦੇ ਗੌਰਵ ਵਰਮਾ, 21 ਸਾਲ ਦੇ ਰਾਜੂ ਰਾਜਨ ਜੋ ਕਿ ਝਾਰਖੰਡ ਦਾ ਰਹਿਣ ਵਾਲਾ ਸੀ ਅਤੇ 23 ਸਾਲ ਦੇ ਸੂਰਜ ਮੁਰਮੂ ਵਜੋਂ ਹੋਈ ਹੈ।
ਚੰਡੀਗੜ੍ਹ ਪੁਲਸ ਨੂੰ ਮੁਲਜ਼ਮਾਂ ਕੋਲੋਂ 100 ਮੋਬਾਇਲ ਸਿਮ ਕਾਰਡ, 100 ਏਟੀਐਮ ਕਾਰਡ, 25 ਮੋਬਾਈਲ ਫੋਨ, ਦੋ ਲੈਪਟਾਪ, 40 ਰਜਿਸਟਰ ਅਤੇ 70 ਅਲੱਗ-ਅਲੱਗ ਬੈਂਕਾਂ ਦੀ ਚੈੱਕ ਬੁੱਕ ਅਤੇ 100 ਪਾਸ ਬੁੱਕ ਬਰਾਮਦ ਹੋਈਆਂ ਹਨ। ਫੜੇ ਗਏ ਮੁਲਜ਼ਮਾਂ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਜ਼ਿਲਾ ਅਦਾਲਤ ਚ ਪੇਸ਼ ਕੀਤਾ ਅਤੇ ਪੰਜ ਦਿਨ ਦੀ ਰਿਮਾਂਡ ਲਈ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸਪੀ ਵਿਨੀਤ ਕੁਮਾਰ ਨੇ ਦੱਸਿਆ ਕਿ ਸੈਕਟਰ ਇੱਕ ਦੇ ਰਹਿਣ ਵਾਲੇ ਪੀੜਤ ਮੋਹਨ ਮੁੰਜਾਲ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਅਗਸਤ 2019 ਵਿੱਚ ਉਨ੍ਹਾਂ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਇਆ ਸੀ ਅਤੇ ਕਿਹਾ ਗਿਆ ਸੀ ਕਿ ਉਹ ਐੱਚਡੀਐੱਫਸੀ ਲਾਈਫ ਇੰਸ਼ੋਰੈਂਸ ਤੋਂ ਬੋਲ ਰਹੇ ਹਨ ਅਤੇ ਉਨ੍ਹਾਂ ਦੀ ਇੰਸ਼ੋਰੈਂਸ ਪਾਲਿਸੀ ਲੈਪਸ ਹੋ ਗਈ ਹੈ। ਠੱਗਾਂ ਨੇ ਮੋਹਨ ਨੂੰ ਝਾਂਸੇ ਚ ਫਸਾ ਕੇ ਆਪਣੇ ਅਕਾਊਂਟ ਵਿਚ ਸਾਢੇ ਤਿੰਨ ਲੱਖ ਰੁਪਏ ਜਮ੍ਹਾਂ ਕਰਵਾ ਲਏ ਸਨ। ਜਦੋਂ ਪੀੜਤ ਨੂੰ ਅਹਿਸਾਸ ਹੋਇਆ ਕਿ ਉਸ ਦੇ ਨਾਲ ਧੋਖਾ ਹੋਇਆ ਹੈ ਤਾਂ ਮੁਲਜ਼ਮਾਂ ਦੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।
ਇਸ ਤੋ ਬਾਅਦ ਮੋਹਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ। ਮਾਮਲੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਰਸ਼ਮੀ ਯਾਦਵ ਦੀ ਸੁਪਰਵਿਜ਼ਨ ਦੇ ਵਿੱਚ ਇੱਕ ਟੀਮ ਬਣਾਈ ਗਈ। ਚੰਡੀਗੜ੍ਹ ਪੁਲਿਸ ਸਾਈਬਰ ਸੈੱਲ ਦੇ ਇੰਸਪੈਕਟਰ ਦਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਵੱਲੋਂ ਆਈ ਹੋਈ ਕਾਲ ਦਾ ਪਤਾ ਲਗਾ ਕੇ ਗਾਜ਼ੀਆਬਾਦ ਵਿੱਚ ਬਣੇ ਫੇਕ ਸੈਂਟਰ ਦੀ ਛਾਪੇਮਾਰੀ ਕੀਤੀ ਗਈ ਜਿੱਥੇ ਇਨ੍ਹਾਂ ਛੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਇੱਕ ਮਹਿਲਾ ਫਰਾਰ ਹੋ ਗਈ। ਉਨ੍ਹਾਂ ਦੱਸਿਆ ਕਿ ਪੁੱਛਗਿਛ ਦੇ ਦੌਰਾਨ ਮੁਲਜ਼ਮਾਂ ਨੇ ਦੱਸਿਆ ਹੈ ਕਿ ਹੁਣ ਤੱਕ ਉਹ ਤਕਰੀਬਨ 200 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਤਿੰਨ ਚੰਡੀਗੜ੍ਹ ਦੇ ਵਸਨੀਕ ਵੀ ਹਨ।
ਐਸਐਸਪੀ ਵਿਨੀਤ ਕੁਮਾਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਦੇ ਗੈਂਗ ਵਿੱਚ ਇੱਕ ਔਰਤ ਵੀ ਸ਼ਾਮਲ ਸੀ ਜੋ ਕਿ ਹੁਣ ਫਰਾਰ ਹੈ ਉਹ ਡਾਟਾ ਪ੍ਰੋਵਾਈਡ ਕਰਨ ਦਾ ਕੰਮ ਕਰਦੀ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਰਿਮਾਂਡ ਤੇ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛ ਗਿੱਛ ਕਰ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ