ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੇ ‘‘ਆਪ ਦੀ ਸਰਕਾਰ, ਆਪ ਦੇ ਦੁਆਰ’’ ਪ੍ਰੋਗਰਾਮ ਤਹਿਤ ਪਿੰਡ ਪੱਤੋਂ ਵਿਖੇ ਵਿਧਾਇਕ ਕੁਲਵੰਤ ਸਿੰਘ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਲਾਏ ਕੈਂਪ ਲਾਇਆ ਗਿਆ। ਕੈਂਪ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਸਰਕਾਰ ਵੱਲੋਂ ਦਿੱਤੀਆਂ ਗਰੰਟੀਆਂ ਤੋਂ ਵੀ ਵੱਧ ਕੰਮ ਕੀਤਾ ਜਾਵੇਗਾ : ਇਸ ਮੁਹਿੰਮ ਤਹਿਤ ਆਧਾਰ ਅੱਪਡੇਸ਼ਨ ਦੀ ਸ਼ੁਰੂਆਤ ਪਿੰਡ ਪੱਧਰ ’ਤੇ ਕੀਤੀ ਗਈ। ਇਸ ਤਰ੍ਹਾਂ ਹੁਣ ਐਸਏਐਸ ਨਗਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਨਿਯਤਮ ਤੌਰ ’ਤੇ ਕੈਂਪ ਲਾਏ ਜਾਣਗੇ। ਕੁਲਵੰਤ ਸਿੰਘ ਨੇ ਕਿਹਾ ਕਿ ਲੋਕਾਂ ਨੇ ਪੰਜਾਬ ਦਾ ਵਿਕਾਸ ਦਾ ਸੁਫ਼ਨਾ ਦੇਖ ਕੇ ਮੌਜੂਦਾ ਸਰਕਾਰ ਬਣਾਈ ਸੀ ਅਤੇ ਇਸ ਸੁਫਨੇ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਦਿੱਤੀਆਂ ਗਰੰਟੀਆਂ ਲਗਾਤਾਰ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਗਰੰਟੀਆਂ ਤੋਂ ਵੀ ਵੱਧ ਕੰਮ ਕੀਤਾ ਜਾਵੇਗਾ। ਮੁੱਖ ਮੰਤਰੀ ਵੱਲੋਂ ਦਿੱਤੀ ਗਈ ਸੇਧ ਦੇ ਅਨੁਸਾਰ ਸਾਰਾ ਪ੍ਰਸ਼ਾਸਨ ਲੋਕਾਂ ਦੇ ਦਰਾਂ ’ਤੇ ਪੁੱਜਾ ਹੈ ਜਿੱਥੇ ਲੋਕਾਂ ਨੂੰ ਸਕੀਮਾਂ ਦਾ ਲਾਭ ਦੇਣ ਦੇ ਨਾਲ ਨਾਲ ਸਕੀਮਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Sick cow service in Bathinda: ਹਾਦਸਿਆਂ ਦਾ ਸ਼ਿਕਾਰ ਅਤੇ ਬਿਮਾਰ ਗਾਵਾਂ ਨੂੰ ਖਵਾਉਣ ਲਈ ਇਸ ਤਰ੍ਹਾਂ ਇਕੱਠੀ ਕੀਤੀ ਜਾਂਦੀ ਹੈ ਰੋਟੀ
ਕੈਂਪਾਂ ਰਾਹੀਂ ਵੱਧ ਤੋਂ ਵੱਧ ਲਾਭ ਲੈਣ ਦੀ ਲੋਕਾਂ ਨੂੰ ਅਪੀਲ : ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਦੇ ਦਰਾਂ ’ਤੇ ਪਹੁੰਚ ਕੇ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਜਾਣ ਲਈ ਲੋਕਾਂ ਨੂੰ ਆਪਣਾ ਕੰਮ ਛੱਡ ਕੇ ਅਤੇ ਕਿਰਾਇਆ ਖਰਚ ਕੇ ਜਾਣਾ ਪੈਂਦਾ ਹੈ। ਇਸ ਕਰਕੇ ਸਰਕਾਰ ਲੋਕਾਂ ਦੇ ਘਰਾਂ ਦੇ ਨੇੜੇ ਹੀ ਪੁੱਜ ਰਹੀ ਹੈ। ਉਨ੍ਹਾਂ ਨੇ ਅਜਿਹੇ ਕੈਂਪਾਂ ਰਾਹੀਂ ਵੱਧ ਤੋਂ ਵੱਧ ਲਾਭ ਲੈਣ ਦੀ ਲੋਕਾਂ ਨੂੰ ਅਪੀਲ ਕੀਤੀ। ਡੀਸੀ ਨੇ ਦੱਸਿਆ ਕਿ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਅਧਾਰ ਕਾਰਡ ਨਾਲ ਸਬੰਧਤ ਕੰਮਾਂ ਲਈ ਹੀ ਲੋਕ ਸਭ ਤੋਂ ਵੱਧ ਸੇਵਾ ਕੇਂਦਰਾਂ ਵਿੱਚ ਜਾਂਦੇ ਹਨ। ਇਸ ਲਈ ਇਸ ਕੈਂਪ ਵਿੱਚ ਆਧਾਰ ਅਪਡੇਟ ਦੀ ਸਹੂਲਤ ਪਹਿਲ ਦੇ ਅਧਾਰ ਉੱਤੇ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਆਧਾਰ ਕੋਈ ਵੀ ਦਰੁਸਤੀ ਕਰਨ, ਆਧਾਰ ਨੂੰ ਬੈਂਕ ਖਾਤੇ ਨਾਲ ਜੋੜਨ, ਬੈਂਕ ਖਾਤੇ ਤੋਂ ਵਿਰਵੇ ਲੋਕਾਂ ਦਾ ਖਾਤਾ ਖੁਲ੍ਹਵਾਉਣ ਸਬੰਧੀ, ਪੈਨਸ਼ਨ ਸਬੰਧੀ ਦਿੱਕਤਾਂ ਦੇ ਹੱਲ ਕਰਨ ਅਤੇ ਮੌਕੇ ਉੱਤੇ ਹੀ ਪੈਨਸ਼ਨ ਦੀ ਅਦਾਇਗੀ ਵਰਗੀਆਂ ਸਹੂਲਤਾਂ ਕੈਂਪ ਵਿੱਚ ਦਿੱਤੀਆਂ ਗਈਆਂ ਹਨ।