ਚੰਡੀਗੜ੍ਹ: ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ 2 ਮਈ, 2019 ਨੂੰ 12 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ। 278 ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਕੁੱਲ 385 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਇਰ ਕੀਤੇ ਗਏ ਸਨ। ਨਾਮਜ਼ਦਗੀ ਪੱਤਰ ਦੀ ਪੜਤਾਲ ਦੌਰਾਨ 297 ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ ਸਨ।
ਡਾ. ਰਾਜੂ ਨੇ ਦੱਸਿਆ ਕਿ ਹੁਣ ਕੁੱਲ 278 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਪੰਜਾਬ ਰਾਜ ਵਿੱਚ ਕੁੱਲ 2,0,81,211 ਵੋਟਰ ਹੋ ਗਏ ਹਨ9, ਜਿਨ੍ਹਾਂ ਵਿੱਚੋਂ 1,09,50,735 ਪੁਰਸ਼, 98,29,916 ਮਹਿਲਾਵਾਂ ਅਤੇ 560 ਥਰਡ ਜੈਂਡਰ ਦੇ ਵੋਟਰ ਹਨ।
ਲੋਕ ਸਭਾ ਹਲਕਾ ਵਿੱਚ-
- ਹਲਕਾ ਗੁਰਦਾਸਪੁਰ ਤੋਂ 15 ਉਮੀਦਵਾਰ
- ਹਲਕਾ ਅੰਮ੍ਰਿਤਸਰ ਤੋਂ 30 ਉਮੀਦਵਾਰ
- ਹਲਕਾ ਖਡੂਰ ਸਾਹਿਬ ਤੋਂ 19 ਉਮੀਦਵਾਰ
- ਹਲਕਾ ਜਲੰਧਰ ਤੋਂ 19 ਉਮੀਦਵਾਰ
- ਹਲਕਾ ਹੁਸ਼ਿਆਰਪੁਰ (ਐਸ.ਸੀ.) ਤੋਂ 08 ਉਮੀਦਵਾਰ
- ਹਲਕਾ ਅਨੰਦਪੁਰ ਸਾਹਿਬ ਤੋਂ 26 ਉਮੀਦਵਾਰ
- ਹਲਕਾ ਲੁਧਿਆਣਾ ਤੋਂ 22 ਉਮੀਦਵਾਰ
- ਹਲਕਾ ਫ਼ਤਿਹਗੜ੍ਹ ਸਾਹਿਬ (ਐਸ.ਸੀ) ਤੋਂ 20 ਉਮੀਦਵਾਰ
- ਹਲਕਾ ਫਿਰੋਜ਼ਪੁਰ ਤੋਂ 22 ਉਮੀਦਵਾਰ
- ਹਲਕਾ ਬਠਿੰਡਾ ਤੋਂ 27 ਉਮੀਦਵਾਰ
- ਹਲਕਾ ਸੰਗਰੂਰ ਤੋਂ 25 ਉਮੀਦਵਾਰ
- ਹਲਕਾ ਪਟਿਆਲਾ ਤੋਂ 25 ਉਮੀਦਵਾਰ
ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ ਵਿੱਚ ਵੋਟਾਂ ਪਾਉਣ ਦੀ ਪ੍ਰਕਿਰਿਆ ਮਿਤੀ 19 ਮਈ, 2019 (ਐਤਵਾਰ) ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਕਾਰਜ ਲਈ ਸੂਬੇ ਵਿੱਚ 14460 ਪੋਲਿੰਗ ਥਾਵਾਂ ਉੱਤੇ 23213 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ, ਜਿੰਨ੍ਹਾਂ ਵਿੱਚੋਂ 249 ਕ੍ਰਿਟੀਕਲ, 719 ਸੰਵੇਦਨਸ਼ੀਲ ਅਤੇ 509 ਅਤਿ-ਸੰਵੇਦਨਸ਼ੀਲ ਹਨ। ਪੰਜਾਬ ਰਾਜ ਵਿੱਚ ਵੋਟਾਂ ਵਾਲੇ ਦਿਨ 12,002 ਬੂਥਾਂ ਤੋਂ ਵੈਬ-ਕਾਸਟਿੰਗ ਕੀਤੀ ਜਾਵੇਗੀ। ਜਦਕਿ ਵੋਟਾਂ ਦੀ ਗਿਣਤੀ ਮਿਤੀ 23 ਮਈ, 2019 (ਵੀਰਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।