ਚੰਡੀਗੜ੍ਹ: ਆਉਣੇ ਵਾਲੇ ਸਮੇਂ ਵਿੱਚ ਡਾਇਬਟੀਜ਼ ਦੇ ਨਤੀਜੇ ਭਿਆਨਕ ਦੇਖੇ ਜਾ ਸਕਦੇ ਹਨ। ਜਿਵੇਂ ਜਿਵੇਂ ਦੁਨੀਆਂ ਨੇ ਤਰੱਕੀ ਕੀਤੀ, ਉਸੇ ਤਰ੍ਹਾਂ ਹੀ ਜ਼ਿੰਦਗੀ ਸੁਖਾਲੀ ਹੁੰਦੀ ਗਈ। ਪਰ, ਜ਼ਿੰਦਗੀ ਦੀ ਹਰ ਸੁੱਖ ਸਹੂਲਤ, ਜੀਵਨਸ਼ੈਲੀ ਵਿਚ ਬਦਲਾਅ ਨੇ ਕਈ ਬਿਮਾਰੀਆਂ ਨੂੰ ਵੀ ਸੱਦਾ ਦਿੱਤਾ। ਦੁਨੀਆਂ ਭਰ ਦੇ ਲੋਕ ਆਧੁਨਿਕ ਤਾਂ ਹੋ ਗਏ, ਪਰ ਆਧੁਨਿਕਤਾ ਵਿੱਚ ਕਈ ਬਿਮਾਰੀਆਂ ਨੂੰ ਸਹੇੜ ਬੈਠੇ ਹਨ। ਜਿਨ੍ਹਾਂ ਵਿਚੋਂ ਇਕ ਹੈ ਸ਼ੂਗਰ ਯਾਨੀ ਕਿ ਡਾਇਬਟੀਜ਼। ਇਸ ਦਾ ਕਹਿਰ ਆਉਂਦੇ ਸਾਲਾਂ ਵਿਚ ਹੋਰ ਵੀ ਵਧ ਸਕਦਾ ਹੈ। ਮਿਰਰ ਦੀ ਰਿਪੋਰਟ ਮੁਤਾਬਕ ਦੁਨੀਆਂ ਭਰ 'ਚ 1 ਅਰਬ ਲੋਕ ਸਾਲ 2050 ਤੱਕ ਡਾਇਬਟੀਜ਼ ਤੋਂ ਪੀੜਤ ਹੋ ਜਾਣਗੇ, ਜਿਨ੍ਹਾਂ ਵਿੱਚ ਬਹੁਗਿਣਤੀ ਨੌਜਵਾਨਾਂ ਅਤੇ ਬੱਚਿਆਂ ਦੀ ਹੋਵੇਗੀ।
ਸ਼ੂਗਰ ਨੇ ਪੰਜਾਬੀਆਂ ਨੂੰ ਘੇਰਿਆ: ਡਾਇਬਟੀਜ਼ ਦੀ ਸਮੱਸਿਆ ਸਮਾਜ ਵਿੱਚ ਆਮ ਹੀ ਵੱਧਦੀ ਜਾ ਰਹੀ ਹੈ। ਪੂਰੇ ਵਿਸ਼ਵ 'ਚ 20-79 ਸਾਲ ਦੀ ਉਮਰ ਦੇ ਲਗਭਗ 537 ਮਿਲੀਅਨ lok ਸ਼ੂਗਰ ਤੋਂ ਪੀੜਤ ਹਨ। ਇਸ ਸਮੇਂ ਭਾਰਤ ਵਿੱਚ 10.1 ਕਰੋੜ ਤੋਂ ਵੱਧ ਲੋਕ ਸ਼ੂਗਰ ਤੋਂ ਪੀੜਤ ਹਨ। ਭਾਰਤ ਵਿਚ ਡਾਇਬਟੀਜ਼ ਨਾਲ ਸਬੰਧਤ ਖੋਜਾਂ ਵਿਚ ਇਹ ਸਾਹਮਣੇ ਆਇਆ ਹੈ ਕਿ 100 ਵਿਚੋਂ 11 ਵਿਅਕਤੀ ਭਾਰਤ ਵਿਚ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹਨ। ਜਦਕਿ ਪੰਜਾਬ ਵਿਚ ਸ਼ੂਗਰ ਦੇ ਮਰੀਜ਼ਾਂ ਦੀ ਫੀਸਦ ਦੇਸ਼ ਭਰ ਨਾਲੋਂ ਜ਼ਿਆਦਾ ਹੈ। ਖੁੱਲੇ ਖਾਣ ਪੀਣ ਦੇ ਸ਼ੌਕੀਨ ਪੰਜਾਬੀ ਬਾਕੀ ਲੋਕਾਂ ਨਾਲ ਜ਼ਿਆਦਾ ਸ਼ੂਗਰ ਤੋਂ ਪੀੜਤ ਹਨ।
![Diabetes Explosion, Diabetes in Punjab, Mohali AIIMS](https://etvbharatimages.akamaized.net/etvbharat/prod-images/29-06-2023/18871078_infoooow.jpg)
ਪੰਜਾਬ 'ਚ 15 ਫੀਸਦੀ ਸ਼ੂਗਰ ਦੇ ਮਰੀਜ਼ : ਇਹ ਅੰਕੜੇ ਵਿੱਚ ਹੈਰਾਨ ਕਰਨ ਵਾਲੇ ਹਨ ਕਿ ਪੰਜਾਬ ਵਿੱਚ 15 ਫੀਸਦੀ ਸ਼ੂਗਰ ਦੇ ਮਰੀਜ਼ ਹਨ। ਪੰਜਾਬ ਦੇ 100 ਵਿਚੋਂ 15 ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੈ, ਜਦਕਿ ਪੂਰੇ ਭਾਰਤ ਵਿਚ 100 ਵਿਚੋਂ 11 ਲੋਕਾਂ ਨੂੰ ਸ਼ੂਗਰ ਹੁੰਦੀ ਹੈ। ਭਾਰਤ ਵਿੱਚ ਸ਼ੂਗਰ ਦੇ ਮਰੀਜ਼ਾਂ ਦੀ ਦਰ 11 ਫੀਸਦ ਹੈ। ਪੂਰੇ ਭਾਰਤ ਨਾਲੋਂ ਪੰਜਾਬ ਵਿਚ 4 ਪ੍ਰਤੀਸ਼ਤ ਜ਼ਿਆਦਾ ਸ਼ੂਗਰ ਦੇ ਮਰੀਜ਼ ਹਨ। ਇਨ੍ਹਾਂ ਵਿਚੋਂ ਬਹੁਤੇ ਪੰਜਾਬੀ ਤਾਂ ਇਹ ਜਾਣਦੇ ਹੀ ਨਹੀਂ ਕਿ ਉਨ੍ਹਾਂ ਨੂੰ ਡਾਇਬਟੀਜ਼ ਹੈ। ਸਿਰਫ਼ ਇਕ ਤਿਹਾਈ ਪੰਜਾਬੀਆਂ ਨੂੰ ਹੀ ਆਪਣੀ ਬਿਮਾਰੀ ਬਾਰੇ ਅੰਦਾਜ਼ਾ ਹੁੰਦਾ ਹੈ। ਪੰਜਾਬ ਦੇ ਵਿਚ ਖੁਰਾਕਾਂ ਖੁੱਲੀਆਂ ਅਤੇ ਦੁੱਧ, ਘਿਓ ਮੱਖਣ ਦਾ ਇਸਤੇਮਾਲ ਜ਼ਿਆਦਾ ਹੁੰਦਾ ਹੈ ਅਤੇ ਇਨ੍ਹਾਂ ਖੁਰਾਕਾਂ ਨੂੰ ਪਚਾਉਣ ਲਈ ਹੁਣ ਪਹਿਲਾਂ ਦੀ ਤਰ੍ਹਾਂ ਮਿਹਨਤ ਦੇ ਕੰਮ ਘੱਟ ਹਨ ਜਿਸ ਕਰਕੇ ਪੰਜਾਬ ਵਿੱਚ ਸ਼ੂਗਰ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਜ਼ਿਆਦਾ ਹੈ। ਜ਼ਾਹਿਰ ਹੈ ਕਿ ਆਉਂਦੇ ਸਾਲਾਂ ਵਿਚ ਪੰਜਾਬ ਅੰਦਰ ਸ਼ੂਗਰ ਦਾ ਪ੍ਰਕੋਪ ਬਾਕੀਆਂ ਨਾਲੋਂ ਜ਼ਿਆਦਾ ਵੱਧ ਸਕਦਾ ਹੈ।
ਡਾਇਬਟੀਜ਼ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ: ਸਿਹਤ ਮਾਹਿਰਾਂ ਦੀ ਮੰਨੀਏ ਤਾਂ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਆਉਂਦੇ 30 ਸਾਲਾਂ ਵਿਚ ਇਸ ਦਾ ਪ੍ਰਕੋਪ ਹੋਰ ਵੀ ਵੱਧਣ ਵਾਲਾ ਹੈ। ਪਿਛਲੇ 4 ਸਾਲਾਂ ਵਿਚ ਸ਼ੂਗਰ ਦੇ ਕੇਸਾਂ ਵਿਚ ਦੁੱਗਣਾ ਵਾਧਾ ਹੋਇਆ ਹੈ। ਜਿਸਤੋਂ ਬਾਅਦ ਇਕ ਸਵਾਲ ਖੜਾ ਹੋਣਾ ਲਾਜ਼ਮੀ ਹੈ ਕਿ ਆਖਿਰਕਾਰ ਸ਼ੂਗਰ ਦੀ ਬਿਮਾਰੀ ਦਾ ਪ੍ਰਕੋਪ ਲਗਾਤਾਰ ਕਿਉਂ ਵੱਧਦਾ ਜਾ ਰਿਹਾ ਹੈ ? ਜਿਸਦਾ ਜਵਾਬ ਹੈ ਕਿ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਅਤੇ ਜੀਵਨ ਸ਼ੈਲੀ ਵਿਚ ਵਿਗਾੜ ਕਾਰਨ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਮਾੜੇ ਖਾਣ ਪੀਣ ਕਾਰਨ ਮੋਟਾਪਾ ਵੱਧ ਰਿਹਾ ਹੈ ਅਤੇ ਮੋਟਾਪੇ ਕਾਰਨ ਡਾਇਬਟੀਜ਼ ਦੇ ਕੇਸ ਜ਼ਿਆਦਾ ਵੱਧ ਰਹੇ ਹਨ। ਇਸ ਤੋਂ ਇਲਾਵਾ ਸਰੀਰਕ ਮਿਹਨਤ ਦੇ ਮੌਕੇ ਘੱਟ ਗਏ ਹਨ ਅਤੇ ਮਸ਼ੀਨੀ ਯੁੱਗ ਵਿਚ ਲੋਕ ਜ਼ਿਆਦਾਤਰ ਮਸ਼ੀਨੀ ਕੰਮ ਕਾਰ 'ਤੇ ਨਿਰਭਰ ਹਨ। ਸਰੀਰਕ ਮਿਹਨਤ ਅਤੇ ਗਤਵਿਧੀਆਂ ਦੀ ਅਣਹੋਂਦ ਕਾਰਨ ਵੀ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
![Diabetes Explosion, Diabetes in Punjab, Mohali AIIMS](https://etvbharatimages.akamaized.net/etvbharat/prod-images/29-06-2023/18871078_infooo.jpg)
ਸ਼ੂਗਰ ਦਾ ਪਤਾ ਕਿਵੇਂ ਲਗਾਇਆ ਜਾਵੇ : ਮੈਡੀਕਲ ਭਾਸ਼ਾ ਵਿੱਚ ਸ਼ੂਗਰ ਦੋ ਤਰ੍ਹਾਂ ਦੀ ਹੁੰਦੀ ਹੈ ਇਕ ਟਾਈਪ 1 ਅਤੇ ਦੂਜੀ ਟਾਈਪ 2। ਇਸ ਤੋਂ ਇਲਾਵਾ ਇਕ ਤੀਜੀ ਸਟੇਜ ਵੀ ਹੁੰਦੀ ਹੈ ਜਿਸ ਨੂੰ ਗੈਸਟੇਸ਼ਨਲ ਡਾਇਬਟੀਜ਼ ਕਿਹਾ ਜਾਂਦਾ ਹੈ ਜੋ ਕਿ ਗਰਭ ਅਵਸਥਾ ਦੌਰਾਨ ਹੁੰਦੀ ਹੈ। ਟਾਈਪ ਵਨ ਸ਼ੂਗਰ ਵਿੱਚ ਇੰਸੂਲੀਨ ਸਰੀਰ ਅੰਦਰ ਬਣਨੀ ਬੰਦ ਹੋ ਜਾਂਦੀ ਹੈ ਅਤੇ ਟਾਈਪ ਟੂ ਵਾਲੀ ਸ਼ੂਗਰ ਵਿੱਚ ਇੰਸੂਲੀਨ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੀ। ਜਿਨ੍ਹਾਂ ਮਰੀਜ਼ਾਂ ਵਿੱਚ ਇੰਸੂਲੀਨ ਨਹੀਂ ਬਣਦੀ, ਉਨ੍ਹਾਂ ਨੂੰ ਜ਼ਿਆਦਾ ਭੁੱਖ ਲੱਗਣਾ, ਵਾਰ ਵਾਰ ਪਿਸ਼ਾਬ ਆਉਣਾ ਅਤੇ ਭਾਰ ਦਾ ਨਾ ਵੱਧਣਾ ਅਜਿਹੇ ਲੱਛਣ ਵਿਖਾਈ ਦਿੰਦੇ ਹਨ ਜਿਸ ਤੋਂ ਸ਼ੂਗਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
![Diabetes Explosion, Diabetes in Punjab, Mohali AIIMS](https://etvbharatimages.akamaized.net/etvbharat/prod-images/29-06-2023/18871078_iinfoaa.jpg)
ਪਰ, ਬਾਕੀ ਸ਼ੂਗਰ ਦੀਆਂ ਦੋ ਕਿਸਮਾਂ ਵਿਚ ਕੋਈ ਲੱਛਣ ਵਿਖਾਈ ਨਹੀਂ ਦਿੰਦੇ ਜਿਸ ਵਿੱਚ ਸਿਰਫ਼ ਬਲੱਡ ਟੈਸਟ ਤੋਂ ਹੀ ਸ਼ੂਗਰ ਦਾ ਪਤਾ ਚੱਲਦਾ ਹੈ। ਜ਼ਰੂਰੀ ਨਹੀਂ ਕਿ ਸਾਰੇ ਸ਼ੂਗਰ ਦੇ ਮਰੀਜ਼ਾਂ ਨੂੰ ਸਰੀਰ ਵਿਚ ਕੁਝ ਲੱਛਣ ਮਹਿਸੂਸ ਹੋਣ। ਜ਼ਿਆਦਾਤਰ ਸ਼ੂਗਰ ਦਾ ਪਤਾ ਸਿਰਫ਼ ਬਲੱਡ ਟੈਸਟ ਤੋਂ ਹੀ ਲੱਗਦਾ ਹੈ ਜਿਸ ਤੋਂ ਬਾਅਦ ਹੀ ਇਸ ਦੇ ਹੱਲ ਬਾਰੇ ਸੋਚਿਆ ਜਾ ਸਕਦਾ ਹੈ। ਇਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਡਾਇਬਟੀਜ਼ ਅਜਿਹੀ ਬਿਮਾਰੀ ਹੈ ਜਿਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਪਰ ਮੁਕੰਮਲ ਤੌਰ 'ਤੇ ਖ਼ਤਮ ਨਹੀਂ ਕੀਤਾ ਜਾ ਸਕਦਾ।
![Diabetes Explosion, Diabetes in Punjab, Mohali AIIMS](https://etvbharatimages.akamaized.net/etvbharat/prod-images/29-06-2023/18871078_iinfo.jpg)
![Diabetes Explosion, Diabetes in Punjab, Mohali AIIMS](https://etvbharatimages.akamaized.net/etvbharat/prod-images/29-06-2023/18871078_ii.jpg)
ਸਿਹਤ ਮਾਹਿਰ ਕੀ ਕਹਿੰਦੇ ਹਨ: ਮੁਹਾਲੀ ਏਮਜ਼ ਵਿੱਚ ਇਨਟਰਨਲ ਮੈਡੀਸਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਆਸ਼ੀਸ਼ ਜਿੰਦਲ ਕਹਿੰਦੇ ਹਨ ਕਿ ਮਿਰਰ ਦੀ ਰਿਪੋਰਟ ਵਿਚ ਡਾਇਬਟੀਜ਼ ਨੂੰ ਲੈ ਕੇ ਜੋ ਖ਼ਦਸ਼ੇ ਜਾਹਿਰ ਕੀਤੇ ਗਏ ਉਹ ਬਿਲਕੁਲ ਸਹੀ ਹਨ। ਜਿਸ ਤਰੀਕੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉਸ ਨਾਲ 2050 ਤੱਕ 1 ਅਰਬ ਅਬਾਦੀ ਨੂੰ ਡਾਇਬਟੀਜ਼ ਹੋਣਾ ਵੀ ਸੰਭਵ ਹੈ। ਜੇਕਰ 10 ਵਿਚੋਂ 1 ਬੰਦੇ ਨੂੰ ਸ਼ੂਗਰ ਹੈ ਅਤੇ 100 ਵਿਚੋਂ 10 ਬੰਦਿਆਂ ਨੂੰ ਸ਼ੂਗਰ ਹੋ ਰਹੀ ਹੈ, ਤਾਂ ਅਜਿਹੇ ਵਿਚ 2050 ਤੱਕ ਇਕ ਅਰਬ ਅਬਾਦੀ ਨੂੰ ਵੀ ਸ਼ੂਗਰ ਹੋਣ ਦੀ ਸੰਭਾਵਨਾ ਹੈ। ਲੋਕਾਂ ਲਈ ਆਪਣੇ ਖਾਣ ਪੀਣ ਅਤੇ ਜੀਵਨ ਸ਼ੈਲੀ ਵਿਚ ਬਦਲਾਅ ਲਿਆਉਣਾ ਜ਼ਰੂਰੀ ਹੈ।