ਚੰਡੀਗੜ: ਸੂਬੇ ਦੇ ਲਗਭਗ 46 ਲੱਖ ਪਰਿਵਾਰਾਂ ਨੂੰ ‘ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਦੂਜੇ ਦਰਜੇ ਅਤੇ ਸਰਜਰੀ ਤੇ ਆਪ੍ਰੇਸ਼ਨ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਈ-ਕਾਰਡ ਬਣਾਉਣ ਦਾ ਕੰਮ ਕਾਮਨ ਸਰਵਿਸ ਸੈਂਟਰਾਂ ਅਤੇ ਹਸਪਤਾਲਾਂ ਵਿੱਚ ਪੂਰੇ ਜੋਰਾਂ ’ਤੇ ਚੱਲ ਰਿਹਾ ਹੈ। ਪੰਜਾਬ ਸਰਕਾਰ ਨੇ ਅਗਸਤ ਦੇ ਮਹੀਨੇ ਵਿੱਚ ਕੁੱਲ 17.02 ਲੱਖ ਈ-ਕਾਰਡ ਜਾਰੀ ਕੀਤੇ ਹਨ।
ਜਾਣਕਾਰੀ ਦਿੰਦੇ ਹੋਏ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕਾਮਨ ਸਰਵਿਸ ਸੈਂਟਰਾਂ ਅਤੇ ਹਸਪਤਾਲਾਂ ਵਿੱਚ ਯੋਗ ਪਰਿਵਾਰਾਂ ਨੂੰ ਈ-ਕਾਰਡ ਜਾਰੀ ਕਰਨ ਦੀ ਕਾਰਗੁਜ਼ਾਰੀ ਦੀ ਦੇਖ-ਰੇਖ ਦਾ ਕੰਮ ਸਟੇਟ ਸਿਹਤ ਏਜੰਸੀ ਕਰ ਰਹੀ ਹੈ। ਇਸ ਆਲਮੀ ਸਿਹਤ ਬੀਮਾ ਸਕੀਮ ਤਹਿਤ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਸਬੰਧੀ ਹੁਕਮ ਜ਼ਿਲਾ ਅਧਿਕਾਰੀਆਂ ਨੂੰ ਦਿੱਤੇ ਗਏ ਹਨ।
ਸੂਬੇ ਵਿੱਚ ਇਸ ਸਕੀਮ ਤਹਿਤ ਇਲਾਜ ਸੇਵਾਵਾਂ ਦੀ ਸ਼ੁਰੂਆਤ 20 ਅਗਸਤ ,2019 ਨੂੰ ਕੀਤੀ ਗਈ ਅਤੇ ਮਹਿਜ਼ 10 ਦਿਨਾਂ ਵਿੱਚ ਹੀ 1591 ਮਰੀਜ਼ਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਨਕਦ-ਰਹਿਤ ਇਲਾਜ ਮੁਹੱਈਆ ਕਰਵਾਇਆ ਗਿਆ। 1591 ਮਰੀਜ਼ਾਂ ਵਿੱਚੋਂ 661 ਮਰੀਜ਼ਾਂ ਨੂੰ ਸਰਜਰੀ ਤੇ ਆਪ੍ਰੇਸ਼ਨ ਵਰਗੀਆਂ ਮਹਿੰਗੀਆਂ ਇਲਾਜ ਸਹੂਲਤਾਂ ਮੁਫਤ ਮੁਹੱਈਆ ਕਰਵਾਈਆਂ ਗਈਆਂ। ਬਲਬੀਰ ਸਿੰਘ ਸਿੱਧੂ ਨੇ ਸਿਹਤ ਵਿਭਾਗ ਵੱਲੋਂ ਇੰਨੇ ਘੱਟ ਸਮੇਂ ਵਿੱਚ ਕੀਤੇ ਗਏ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਿਹਤ ਬੀਮਾ ਯੋਜਨਾ ਨੂੰ ਵਧੀਆ ਢੰਗ ਨਾਲ ਲਾਗੂ ਕਰਨ ਵਿੱਚ ਪੰਜਾਬ ਹੁਣ ਉੱਤਰੀ ਭਾਰਤ ਦੇ ਮੋਹਰੀ ਰਾਜਾਂ ਦੀ ਕਤਾਰ ਵਿੱਚ ਖੜਾ ਹੋ ਗਿਆ ਹੈ। ਉਨਾਂ ਕਿਹਾ ਕਿ ਇਹ ਇੱਕ ਰਿਕਾਰਡ ਹੈ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਗੂ ਹੋਣ ਦੇ ਮਹਿਜ਼ 10 ਦਿਨਾਂ ਉਪਰੰਤ ਲਗਭਗ 17.02 ਲੱਖ ਈ-ਕਾਰਡ ਲਾਭਪਾਤਰੀਆਂ ਨੂੰ ਜਾਰੀ ਕਰ ਦਿੱਤੇ ਗਏ ਹਨ ਜਦਕਿ ਸਾਡੇ ਗਵਾਂਢੀ ਰਾਜ ਸਾਡੇ ਤੋਂ ਕਾਫੀ ਪਿੱਛੇ ਰਹਿ ਗਏ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਵੱਡੇ ਪੱਧਰ ਦੇ ਵਿਲੱਖਣ ਫੈਸਲੇ ਨਾਲ ਪੰਜਾਬ ਦੀ 2 ਕਰੋੜ ਤੋਂ ਵੱਧ ਲੋਕਾਂ ਨੂੰ ਇਸ ਬੀਮਾ ਯੋਜਨਾ ਅਧੀਨ ਸਿਹਤ ਸੁਰੱਖਿਆ ਮਿਲੇਗੀ। ਉਨਾਂ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ।